ਪੰਜਾਬੀ ਲਿਖਾਰੀ ਆਪਣੇ ਆਪ ਨੂੰ ਸਮਾਜ ਦੀ ਕਣਕ ’ਚੋਂ ਕਾਂਗਿਆਰੀ ਕੱਢਣ ਵਾਲੇ ਸੰਦ ਮੰਨਦੇ ਨੇ ਪਰ ਇਨ੍ਹਾਂ ਦੇ ਆਪਣੇ ਦਿਮਾਗ ਕਿਸ ਤਰ੍ਹਾਂ ਕਾਂਗਿਆਰੀ ਨਾਲ ਅਟੇ ਪਏ ਨੇ ਜੇ ਕਰ ਇਹ ਨਜ਼ਾਰਾ ਵੇਖਣਾ ਹੋਵੇ ਤਾਂ ਹਥਲੀ ਕਿਤਾਬ ਦੇ ਵਰਕਿਆਂ ’ਤੇ ਗੇੜਾ ਮਾਰ ਕੇ ਆਇਓ। ਇਹ ਕਿਤਾਬ ਪ੍ਰੋ. ਮਨਜੀਤ ਸਿੰਘ ਨੇ ਪਟਿਆਲੇ ਜ਼ਿਲ੍ਹੇ ਦੇ ਲਿਖਾਰੀਆਂ ਬਾਰੇ ਤੱਥ ਖੋਜ ਕੇ ਲਿਖੀ ਹੈ ਪਰ ਇਹ ਲਾਗੂ ਸਾਰੇ ਹੀ ਪੰਜਾਬ ਦੇ ਲਿਖਾਰੀਆਂ ’ਤੇ ਹੁੰਦੀ ਹੈ।
ਇਹ ਕਿਤਾਬ ਦੱਸਦੀ ਹੈ ਕਿ ਕਈ ਬੰਦੇ ਮੱਝਾਂ ਦਾ ਗੋਹਾ ਚੱਕਣ ਲੱਗ ਜਾਂਦੇ ਨੇ ਪਰ ਉਹ ਗੋਹਾ ਢੋਂਦੇ ਘੱਟ ਹਨ ਬਹੁਤਾ ਗੋਹਾ ਉਨ੍ਹਾਂ ਨੇ ਆਪਣੇ ਮੂੰਹ ’ਤੇ ਮਲ਼ਿਆ ਹੁੰਦਾ ਹੈ।
ਬਹੁਤੇ ਲਿਖਾਰੀਆਂ ਨੂੰ ਤਾਂ ਸਮਾਜ ਦੇ ਡੁੱਬਣ ਦਾ ਫਿਕਰ ਐਨਾ ਜ਼ਿਆਦਾ ਤੰਗ ਕਰਦਾ ਕਿ ਉਹ ਰਾਤ ਨੂੰ ਸੌਣ ਲੱਗਿਆਂ ਅਪਣੇ ਮੰਜੇ ਕੋਲ ਕਾਗ਼ਜ਼ ਦੀ ਬੇੜੀ ਬਣਾ ਕੇ ਰੱਖਦੇ ਹਨ ਤਾਂ ਜੋ ਰਾਤ ਨੂੰ ਜੇ ਕਿਤੇ ਸਮਾਜ ਡੁੱਬਣ ਲੱਗ ਜਾਵੇ ਤਾਂ ਉਸ ਕਾਗ਼ਤਾਂ ਦੀ ਬੇੜੀ ਦੀ ਸਹਾਇਤਾ ਲਈ ਜਾ ਸਕੇ।
ਇਸ ਕਿਤਾਬ ਵਿਚ ਲਿਖਾਰੀ ਸ਼੍ਰੋਮਣੀ ਸਾਹਿਤਕਾਰ, ਪਦਮ ਸ੍ਰੀ, ਸਟੇਟ ਅਵਾਰਡ ਲਈ ਇਸ ਤਰ੍ਹਾਂ ਘੀਸੀਆਂ ਕਰਦੇ ਵਿਖਾਏ ਹਨ ਜਿੱਦਾਂ ਅਸੀਂ ਛੋਟੇ ਹੁੰਦੇ ਖੇਤਾਂ ਵਿਚ ਘੀਸੀਆਂ ਕਰਦੇ ਹੁੰਦੇ ਸੀ ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੇ ਸਾਹਿਤ ਅਕਾਦਮੀ ਇਨਾਮ ਮਿਲਣ ’ਤੇ ਆਪ ਇਹ ਗੱਲ ਕਹੀ ਸੀ ਕਿ ਜਿੰਨੇ ਦਾ ਇਨਾਮ ਮੈਨੂੰ ਮਿਲਿਆ, ਉਸ ਤੋਂ ਦੁੱਗਣੇ ਪੈਸੇ ਤਾਂ ਮੈਂ ਇਨਾਮ ਲੈਣ ’ਤੇ ਲਾ ਚੁੱਕਿਆਂ।
ਅਸਲ ਵਿਚ ਇਨਾਮ ਸਮੇਂ ਦੀਆਂ ਸਰਕਾਰਾਂ ਤੇ ਸੱਤਾ ਦੇ ਦਲਾਲਾਂ ਵੱਲੋਂ ਲਿਖਾਰੀਆਂ ਨੂੰ ‘ਪਲੋਸਣ’ ਲਈ ਦਿੱਤੇ ਜਾਂਦੇ ਨੇ ਤਾਂ ਜੋ ਉਹ ‘ਕੌਲੇ ਨਾਲ ਲੱਗ’ ਕੇ ਬੈਠਣ ਤੇ ਹਾਕਮਾਂ ਦੀ ਮਹਾਨਤਾ ਬਾਰੇ ਆਪਣੀਆਂ ਲਿਖਤਾਂ ਵਿਚ ‘ਗੁਲਗਲਿਆਂ ਦੇ ਮਿੱਠੇ’ ਹੋਣ ਦਾ ਗੀਤ ਗਾਉਣ। ਜਿਨ੍ਹਾਂ ਲਿਖਾਰੀਆਂ ਨੂੰ ਇਨਾਮ ਨਹੀਂ ਮਿਲਦੇ ਉਹ ਵਿਚਾਰੇ ਆਪਣੇ ਆਪ ਨੂੰ ਉਸ ਬਲੂੰਗੜੇ ਵਾਂਗ ਬੇਭਾਗੇ ਮੰਨਣ ਲੱਗ ਜਾਂਦੇ ਨੇ ਜਿਸ ਨੂੰ ਉਸ ਦੀ ਬੇਬੇ ਬਿੱਲੀ ਛੱਡ ਕੇ ਭੱਜ ਜਾਂਦੀ ਐ।
ਪੰਜਾਬੀ ਲਿਖਾਰੀ ਵਿਚਾਰਧਾਰਾ ਦੇ ਪੱਧਰ ’ਤੇ ਕਿੱਥੇ ਖੜੇ ਹਨ, ਉਸ ਬਾਰੇ ਇਸ ਕਿਤਾਬ ਵਿਚ ਤਾਂ ਬਾਈ ਮਨਜੀਤ ਸਿੰਘ ਨੇ ਇਕ ਤਰ੍ਹਾਂ ਨਾਲ ਫੱਕੀਆਂ ਉਡਾ ਕੇ ਰੱਖ ਦਿੱਤੀਆਂ ਹਨ। ਬਹੁਤੇ ਲੇਖਕ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ‘ਅਗਾਂਹਵਧੂ’ ਵਿਚਾਰਧਾਰਾ ਮਾਰਕਸਵਾਦ ਨਾਲ ਜੁੜੇ ਦੱਸਦੇ ਨੇ। ਪਰ ਅਸਲ ਜ਼ਿੰਦਗੀ ਵਿਚ ਉਨ੍ਹਾਂ ਦੀ ਹਾਲਤ ਉਸ ਤੀਵੀਂ ਵਰਗੀ ਐ ਜਿਹੜੀ ਗਲੀ ਵਿਚ ਹੋਰਾਂ ਨੂੰ ‘ਪਾਕਿ ਪਵਿੱਤਰ’ ਹੋਣ ਦਾ ਸੁਨੇਹਾ ਦਿੰਦੀ ਫਿਰਦੀ ਐ ਪਰ ਉਸ ਦੇ ਆਪਣੇ ਘਰ ’ਚ ‘ਲੰਡਿਆਂ ਦੀ ਜੰਨ’ ਉਤਰੀ ਹੋਈ ਐ।
ਪੰਜਾਬੀ ਲਿਖਾਰੀ ਪਿੰਡ ਛੱਡ ਕੇ ਸ਼ਹਿਰ ’ਚ ਆ ਗਏ ਨੇ ਆਪਣੀਆਂ ‘ਚਿੜੀਆਂ ਦੇ ਚੋਗ’ ਦਾ ਹੀਲਾ ਕਰਨ ਲਈ। ਪਰ ਉਹ ਕੀਰਨੇ ਹਾਲੇ ਵੀ ਉਨ੍ਹਾਂ ਚਿੜੀਆਂ ਬਾਰੇ ਪਾ ਰਹੇ ਹਨ ਜਿਹੜੀਆਂ ਪਿੰਡਾਂ ਵਿਚ ਪਿੱਛੇ ਰਹਿ ਗਈਆਂ ਹਨ। ਇਹ ਬਿਲਕੁਲ ਇਸ ਤਰ੍ਹਾਂ ਜਿਵੇਂ ਗਿੱਦੜ ਸ਼ੇਰ ਨੂੰ ਵੇਖ ਕੇ ਆਪਣੇ ਨਿਆਣਿਆਂ ਸਮੇਤ ਅਪਣਾ ਟਿਕਾਣਾ ਛੱਡ ਕੇ ਭੱਜ ਜਾਵੇ ਤੇ ਫੇਰ ਉਚੇ ਟਿੱਲੇ ’ਤੇ ਬੈਠ ਕੇ ਸ਼ੇਰ ਦੇ ਹੋਰਨਾਂ ਗਿੱਦੜਾਂ ਨੂੰ ਛਕਣ ਦਾ ਨਜ਼ਾਰਾ ਆਪਣੇ ਆੜੀਆਂ ਨੂੰ ਆਪਣੇ ਲਫ਼ਜ਼ਾਂ ’ਚ ਬਿਆਨ ਕਰਨ ਲੱਗ ਜਾਵੇ।
ਬਹੁਤੇ ਲੇਖਕ ਜੱਟ ਨੇ ਤੇ ਉਹ ਫੇਰ ਸਾਹਿਤ ਸਭਾਵਾਂ ਦੇ ਪਕੌੜਿਆਂ ਨੂੰ ਵੀ ‘ਸੁਹਾਗੇ’ ’ਤੇ ਬੈਠ ਕੇ ਆਪਣੀ ਮਰਜ਼ੀ ਦੇ ਮਸਾਲੇ ਨਾਲ ਤਲਦੇ ਨੇ।
ਜੱਟ ਮਤਲਬ ਚੰਗੇ ਪੈਰਾਂ ’ਤੇ ਹੋਣ ਕਰਕੇ ਉਨ੍ਹਾਂ ਦਾ ਅਖਬਾਰਾਂ, ਮੀਡੀਆ ਵਿਚ ਵੀ ‘ਡੋਲੂ ਖੜਕਦਾ’ ਇਸ ਕਰਕੇ ਉਨ੍ਹਾਂ ਦੀ ਕਿਤਾਬ ਦੀ ਐਂ ਗੱਲ ਹੁੰਦੀ ਐ ਜਿਵੇਂ ਮਰਾਸੀਆਂ ਦੀ ਜੰਨ ’ਚ ਲੰਬੜਦਾਰ ਬਾਘੀਆਂ ਪਾਉਂਦਾ ਫਿਰਦਾ।
ਬੜੇ ਲਿਖਾਰੀ ਅਜਿਹੇ ਵੀ ਹਨ ਜਿਨ੍ਹਾਂ ਨੇ ਕਦੇ ਕਿਤਾਬ ਈ ਨੀ ਖਰੀਦੀ। ਬਹੁਤੇ ਲਿਖਾਰੀ ਸਕੂਲਾਂ ਦੇ ਮਾਸਟਰ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹਨ ਜਿਨ੍ਹਾਂ ਦੇ ਘਰ ਵੀ ਏ. ਸੀ ਤੇ ਗੱਡੀ ’ਚ ਵੀ ਏ ਸੀ ਐ ਪਰ ਉਹ ਲਿਖ ਰਹੇ ਹਨ……..ਵੱਟ ਤੇ ਘਾਹ ਖੋਤਦੇ ਕਾਮਿਆ ਓਏ, ਗੋਡਿਆਂ ਤੋਂ ਪਾਟੇ ਪਜਾਮਿਆ ਓਏ, ਤੇਰੀ ਕਿਸੇ ਨਾ ਸੁਣਨੀ ਗੱਲ ਓਏ, ਤੂੰ ਐਦਾਂ ਹੀ ਮਰ ਜਾਣਾ ਖੜਕਾਉਂਦੇ ਟੱਲ ਓਏ……..ਹਾਏ ਓਏ।
ਮੇਰੇ ਹਿਸਾਬ ਨਾਲ ਇਸ ਦਾ ਨਾਂ ਹੋਣਾ ਚਾਹੀਦਾ ‘ਪੰਜਾਬੀ ਸਾਹਿਤ ਦੀ ਚਰ੍ਹੀ ’ਚ ਵੜੇ ਝੋਟੇ’।
ਇਸ ਕਿਤਾਬ ਨੂੰ ਗਰੇਸੀਅਰ, ਪੰਜਾਬੀ ਯੂਨੀਵਰਸਿਟੀ ਨੇ ਛਾਪਿਆ। ਕਦੇ ਕੋਈ ਇਹ ਸਮਝੇ ਬਈ ਮੈਂ ਇਸ ਕਿਤਾਬ ਨੂੰ ਵੇਚਣ ਦੇ ਚੱਕਰ ’ਚ ਇਸ ਦੇ ਗੀਤ ਗਾ ਰਿਹਾਂ। ਉਂਜ ਕਿਤਾਬਾਂ ਦੇ ਧੰਦੇ ਚੋਂ ਮੈਂ ਕਿੰਨੀ ਕਮਾਈ ਕੀਤੀ ਐ ਇਸ ਬਾਰੇ ਗੁਰਦਾਸਪੁਰੀਆ ਭਾਊ ਤੇਜਾ ਬਹੁਤ ਵਧੀਆ ਚਾਨਣਾ ਪਾ ਸਕਦਾ।
ਮਨਜੀਤ ਸਿੰਘ ਨਾ ਤਾਂ ਮੇਰੀ ਮਾਸੀ, ਮਾਮੇ ਦਾ ਮੁੰਡਾ ਤੇ ਨਾ ਹੀ ਮੇਰੇ ਨਾਲ ਪੜ੍ਹਿਆ। ਬੱਸ ਇੱਕੋ ਗੱਲ ਉਸ ਦੀ ਮੈਨੂੰ ਬਹੁਤ ਚੰਗੀ ਲੱਗੀ ਕਿ ਉਹ ਪੁਆਧ ਦੇ ਗੜ੍ਹ ਘਨੌਰ ਦੇ ਯੂਨੀਵਰਿਸਟੀ ਕਾਲਜ ਵਿਚ ‘ਕੱਚਾ ਪ੍ਰੋਫੈਸਰ’ ਹੁੰਦੇ ਹੋਏ ਵੀ ਜਿਹੜੇ ‘ਚੰਗਿਆੜੇ’ ਕੱਢ ਰਿਹਾ, ਉਹ ਉਸ ਕੋਲ ਪੜ੍ਹਨ ਵਾਲਿਆਂ ਨੂੰ ‘ਜ਼ਿੰਦਗੀ ਦੇ ਸਿਆਲਾਂ’ ਵਿਚ ਵੀ ਠਰਨ ਤੋਂ ਬਚਾਈ ਰੱਖਣਗੇ।
ਪੜ੍ਹਨ ਤੇ ਪੜ੍ਹਾਉਣ ਵਾਲਿਆਂ ਦੇ ਮੁਹੱਬਤੀ ਰਿਸ਼ਤੇ ਨੂੰ ਜਿਹੜੇ ‘ਖਲੀਫ਼ੇ ਬੁਰਜ’ ਦੁਨਿਆਵੀ ਮਾਰੂਥਲ ਦੇ ਸੇਕ ਤੋਂ ਹਾਲੇ ਵੀ ਬਚਾਏ ਬੈਠੇ ਨੇ, ਉਹ ਸ਼ਾਇਦ ਉਨ੍ਹਾਂ ’ਚੋਂ ਇਕ ਐ। ਪਰ ਰੰਜ ਐ ਕਿ ਹੁਣ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ’ਚ ਅਜਿਹੇ ‘ਖਲੀਫ਼ੇ ਬੁਰਜ’ ਗਿਣਤੀ ਦੇ ਹੀ ਬਚੇ ਨੇ।
ਮਨਜੀਤ ਸਿੰਘ ਰਾਜਪੁਰਾ