ਸਾਨ ਫ੍ਰ੍ਰਾਂਸਿਸਕੋ-ਔਰਤਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਨਵੀਂ ਤਕਨੀਕ ਇਜਾਦ ਕੀਤੀ ਗਈ ਹੈ। ਜਿਸ ਨੂੰ ਲੈ ਕੇ ਗੂਗਲ ਅਤੇ ਐਪਲ ਨੂੰ ਪੂਰੀ ਦੁਨੀਆ ਵਿਚ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਗੂਗਲ ਅਤੇ ਐਪਲ ਨੇ ਇਕ ਐਪ ਬਣਾਇਆ ਹੈ। ਜਿਸ ਰਾਹੀਂ ਪੁਰਸ਼ ਆਪਣੀ ਪਤਨੀ ਜਾਂ ਆਪਣੇ ਘਰ ਦੀਆਂ ਔਰਤਾਂ ‘ਤੇ ਨਜ਼ਰ ਰੱਖ ਸਕਣਗੇ। ਇਹ ਐਪ ਖਾਸਕਰਕੇ ਸਾਊਦੀ ਅਰਬ ਲਈ ਤਿਆਰ ਕੀਤਾ ਗਿਆ ਹੈ ਅਤੇ ਸ਼ਾਇਦ ਉਥੋਂ ਦੇ ਪਿਤਾ ਸਮਾਜ ਨੂੰ ਇਹ ਪਸੰਦ ਵੀ ਆ ਰਿਹਾ ਹੈ। ਇਸ ਐਪ ਰਾਹੀਂ ਸਾਊਦੀ ਦੇ ਪੁਰਸ਼ ਆਪਣੇ ਦੇਸ਼ ਤੋਂ ਬਾਹਰ ਜਾ ਰਹੀ ਘਰ ਦੀਆਂ ਔਰਤਾਂ ‘ਤੇ ਨਜ਼ਰ ਰੱਖ ਸਕਣਗੇ। ਹਾਲਾਂਕਿ, ਇਨ੍ਹਾਂ ਦੋਹਾਂ ਟੈਕ ਕੰਪਨੀਆਂ ਖਿਲਾਫ ਹਿਊਮਨ ਰਾਈਟ ਐਕਟੀਵਿਸਟ ਤੋਂ ਲੈ ਕੇ ਲੋਕਾਂ ਨੇ ਇਤਰਾਜ਼ ਜਤਾਇਆ ਹੈ।
ਅਮਰੀਕੀ ਵੈਬਸਾਈਟ ਇਨਸਾਈਡਰ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਵਿਚ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਐਬਸ਼ਰ ਨਾਂ ਦਾ ਐਪ ਲਾਂਚ ਹੋਇਆ ਹੈ। ਔਰਤਾਂ ਦੇ ਬਾਰਡਰ ਕ੍ਰਾਸ ਹੋਣ ‘ਤੇ ਇਹ ਐਪ ਉਸ ਔਰਤ ਦੇ ਪਤੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਵੀ ਮਰਦ ਮੈਂਬਰ ਨੂੰ ਸੂਚਨਾ ਦੇ ਦੇਵੇਗਾ। ਜਦੋਂ ਔਰਤ ਬਾਰਡਰ ‘ਤੇ ਆਪਣਾ ਪਾਸਪੋਰਟ ਦਿਖਾਏਗੀ, ਉਸ ਵੇਲੇ ਘਰ ਦੇ ਪੁਰਸ਼ ਮੈਂਬਰ ਨੂੰ ਇਸ ਬਾਰੇ ਸੂਚਨਾ ਮਿਲ ਜਾਵੇਗੀ।
ਇਸ ਐਪ ਨੇ ਸਾਊਦੀ ਵਿਚ ਆਜ਼ਾਦ ਖਿਆਲ ਰੱਖਣ ਵਾਲੀ ਅਤੇ ਆਪਣਾ ਮੁਲਕ ਛੱਡਣ ਵਾਲੀਆਂ ਔਰਤਾਂ ਲਈ ਹੁਣ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਗੂਗਲ ਸਟੋਰ ਤੋਂ ਹੁਣ ਤੱਕ 10 ਲੱਖ ਵਾਰ ਡਾਊਨਲੋਡ ਕੀਤੇ ਜਾ ਚੁੱਕੇ ਇਸ ਐਪ ਖਿਲਾਫ ਨਾਰਾਜ਼ਗੀ ਜਤਾਉਂਦੇ ਹੋਏ ਅਮਰੀਕੀ ਕੰਪਨੀਆਂ ਗੂਗਲ ਅਤੇ ਐਪਲ ‘ਤੇ ਔਰਤਾਂ ਨਾਲ ਨਫਰਤ ਨੂੰ ਹੁੰਗਾਰਾ ਦੇਣ ਅਤੇ ਭੇਦਭਾਵ ਨੂੰ ਜ਼ੋਰ ਦੇਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਰਿਪੋਰਟ ਤੋਂ ਬਾਅਦ ਹੁਣ ਤੱਕ ਨਾ ਤਾਂ ਗੂਗਲ ਅਤੇ ਨਾ ਹੀ ਐਪਲ ਨੇ ਆਪਣਾ ਪੱਖ ਰੱਖਿਆ ਹੈ। ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟ ਵਾਚ ਅਤੇ ਕਈ ਸਮਾਜਿਕ ਵਰਕਰਾਂ ਨੇ ਇਸ ਦਾ ਵਿਰੋਧ ਜਤਾਇਆ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਇਹ ਐਪ ਔਰਤਾਂ ਦੀ ਆਜ਼ਾਦੀ ਨੂੰ ਨਾ ਸਿਰਫ ਘੱਟ ਕਰੇਗਾ, ਸਗੋਂ ਉਨ੍ਹਾਂ ਨੂੰ ਖਤਰੇ ਵਿਚ ਪਾ ਦੇਵੇਗਾ। ਹਿਊਮਨ ਰਾਈਟ ਵਾਚ ਨੇ ਕਿਹਾ ਕਿ ਗੂਗਲ ਅਤੇ ਐਪਲ ਨੇ ਔਰਤਾਂ ਨੂੰ ਖਤਰੇ ਵਿਚ ਪਾਉਣ ਅਤੇ ਉਨ੍ਹਾਂ ਦੇ ਸ਼ੋਸ਼ਣ ਨੂੰ ਹੁੰਗਾਰਾ ਦੇਣ ਵਰਗਾ ਖਤਰਨਾਕ ਕੰਮ ਕੀਤਾ ਹੈ। ਉਨ੍ਹਾਂ ਮੁਤਾਬਕ, ਇਸ ਤਰ੍ਹਾਂ ਦੇ ਐਪ ਔਰਤਾਂ ਖਿਲਾਫ ਭੇਦਭਾਵ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਹੁੰਗਾਰਾ ਦੇ ਸਕਦਾ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਗੂਗਲ ਅਤੇ ਐਪਲ ਨੂੰ ਕਾਲ ਕਰਕੇ ਇਸ ਨੂੰ ਬਦਲਣ ਦੀ ਮੰਗ ਕੀਤੀ ਹੈ।