ਲਰੀ ਕੈਰੀਨਾ ਜਿਹੜੀ ਵੀ ਫਸਲ ਦੇਖਦੀ ਉਹਦੇ ਬਾਰੇ ਪੂਰਨ ਜਾਣਕਾਰੀ ਲੈਣਾ ਚਾਹੁੰਦੀ । ਫਸਲਾਂ ਜਰਮਨੀ ਦੇ ਖੇਤਾਂ ਵਿਚ ਵੀ ਘੱਟ ਨਹੀਂ ਸਨ ਹੁੰਦੀਆਂ ਪਰ ਧੁਰ ਖੇਤਾਂ ਵਿਚ ਜਾ ਕੇ ਦੇਖਣ ਦਾ ਮੌਕਾ ਕਦੀ ਕਦਾਈਂ ਹੀ ਲਗਦਾ ਸੀ। ਇਹੋ ਜਹੇ ਮੌਕੇ ਫਸਲਾਂ ਦੀ ਨੁਹਾਰ ਤੇ ਉਨ੍ਹਾਂ ਦੇ ਫੁੱਲ ਚੰਗੇ ਲਗਦੇ ਸਨ । ਫਲ ਜਾਂ ਦਾਣੇ ਕਿਹੋ ਜਹੇ ਨਿਕਲਦੇ ਹਨ, ਕੋਈ ਨਹੀਂ ਦੇਖਦਾ । ਉਸਨੇ ਛੱਲੀਆਂ ਨੂੰ ਸੂਤ ਆਇਆ ਵੀ ਤੱਕਿਆ ਸੀ ਤੇ ਕਣਕ ਨੂੰ ਸਿੱਟੇ ਲੱਗੇ ਹੋਏ ਵੀ ਪਰ ਭਾਰਤ ਆਉਣ ਤੱਕ ਉਹ ਇਹ ਨਹੀਂ ਸੀ ਦੱਸ ਸਕਦੀ ਕਿ ਕਣਕ ਦਾ ਦਾਣਾ ਸੂਤ ਕੱਤਣ ਵਾਲੇ ਪੌਦੇ ਨੂੰ ਪੈਂਦਾ ਸੀ ਜਾਂ ਬੱਲੀ ਵਾਲੇ ਪੌਦੇ ਨੂੰ ।
ਉਹ ਤਾਂ ਇਹ ਵੀ ਨਹੀਂ ਸੀ ਜਾਣਦੀ ਕਿ ਮੱਕੀ ਦੇ ਆਟੇ ਦਾ ਰੰਗ ਪੀਲਾ ਹੁੰਦਾ ਹੈ ਤੇ ਕਣਕ ਦੇ ਆਟੇ ਦਾ ਚਿੱਟਾ । ਆਟੇ ਦੇ ਰੰਗ ਨਾਲ ਉਹਦਾ ਵਾਹ ਹੀ ਨਹੀਂ ਸੀ ਪੈਂਦਾ । ਉਸਦੇ ਸ਼ਹਿਰ ਹੈਮਬਰਗ ਦੀਆਂ ਵੱਡੀਆਂ ਦੁਕਾਨਾਂ ਵਿਚ ਆਂਡਾ, ਬਰੈਡ, ਮੱਖਣ, ਮੁਰਗਾ, ਮੀਟ, ਕਬਾਬ ਸਭ ਕੁਝ ਹੀ ਮਿਲ ਜਾਂਦਾ ਸੀ । ਕਈ ਵਸਤਾਂ ਭੁੰਨੇ ਬਿਨਾਂ ਹੀ ਖਾਧੀਆਂ ਜਾਂਦੀਆਂ ਸਨ ਤੇ ਕਈ ਥੋੜ੍ਹਾਂ ਬਹੁਤ ਸੇਕਣ ਨਾਲ ਖਾਣ ਦੇ ਯੋਗ ਹੋ ਜਾਂਦੀਆਂ ਸਨ। ਉਹ ਕਿਹੋ ਜਹੇ ਪੰਛੀ ਤੇ ਕਿਸ ਤਰ੍ਹਾ ਦੇ ਅਨਾਜ ਨਾਲ ਬਣੀਆਂ ਸਨ ਉਸਨੂੰ ਜਾਨਣ ਦੀ ਲੋੜ ਹੀ ਨਹੀਂ ਸੀ।
ਪੁੱਛਣ ‘ਤੇ ਦੁਕਾਨਦਾਰ ਦੱਸ ਤਾਂ ਦਿੰਦੇ ਸਨ ਪਰ ਦੁਕਾਨ ਦੇ ਬਾਹਰ ਨਿਕਲਦੇ ਸਾਰ ਉਹਨੂੰ ਸਭ ਕੁਝ ਭੁੱਲ ਜਾਂਦਾ ਸੀ। ਉਹ ਖਾਣ ਦੀ ਸ਼ੌਕੀਨ ਸੀ ਤੇ ਉਸਨੂੰ ਖਾਣ ਲਈ ਸਭ ਕੁਝ ਆਰਾਮ ਨਾਲ ਮਿਲ ਜਾਂਦਾ ਸੀ। ਮਾਰਕੀਟਾਂ ਵਿਚ ਮਾਲ ਭਰੇ ਪਏ ਸਨ। ਮਾਲ ਅੰਗ੍ਰੇਜ਼ੀ ਦਾ ਸ਼ਬਦ ਸੀ ਜਿਹੜਾ ਜਰਮਨੀ ਵਾਲੇ ਵੀ ਏਦਾਂ ਵਰਤਦੇ ਸਨ ਜਿਵੇਂ ਉਨ੍ਹਾਂ ਦੀ ਆਪਣੀ ਜ਼ਬਾਨ ਦਾ ਹੋਵੇ।ਮਾਲ ਦਾ ਮਤਲਬ ਬਹੁਤ ਵੱਡੀ ਦੁਕਾਨ ਸੀ ਜਿਹੜੀ ਇੱਕ ਕਨਾਲ ਤੋਂ ਇੱਕ ਏਕੜ ਤੱਕ ਫੈਲੀ ਹੋਈ ਹੋ ਸਕਦੀ ਸੀ। ਏਥੇ ਸੂਈ, ਧਾਗਾ, ਕੰਘੀ, ਕੱਛੇ, ਸਿਲੇ ਸਿਲਾਏ ਕੋਟ ਪੈਂਟ, ਬੂਟ, ਬੈਲਟਾਂ, ਬਕਸੇ, ਬਰਤਣ, ਅਚਾਰ, ਮੁਰੱਬੇ, ਦਾਲ ਸਬਜ਼ੀਆਂ, ਜੂਸ, ਸ਼ੇਕ ਤੇ ਹਰ ਤਰ੍ਹਾਂ ਦੀਆਂ ਸ਼ਰਾਬਾਂ ਮਿਲ ਜਾਂਦੀਆਂ ਸਨ।
ਮੂੰਗਫਲੀ ਦੀ ਫਸਲ ਲਈ ਕਿਹੋ ਜਿਹੇ ਪੌਣ ਪਾਣੀ ਦੀ ਲੋੜ ਹੁੰਦੀ ਹੈ ਤੇ ਇੱਖ ਕਿਸ ਤਰ੍ਹਾਂ ਦੀ ਭੂਮੀ ਵਿਚ ਵਧੇਰੇ ਝਾੜ ਦਿੰਦਾ ਹੈ ਉਸਨੂੰ ਪੰਜਾਬ ਆ ਕੇ ਹੀ ਪਤਾ ਲੱਗਿਆ ਸੀ।
ਵੈਲਰੀ ਕੈਰੀਨਾ ਲਈ ਪੰਜਾਬ ਦੀ ਧਰਤੀ ਬਿਲਕੁਲ ਹੀ ਨਵੀਂ ਸੀ। ਨਵਾਂਸ਼ਹਿਰ ਨੇੜੇ ਸਿੰਬਲੀ ਪਿੰਡ ਦੇ ਧਰਮ ਸਿੰਘ ਨਾਲ ਉਸਦੀ ਦੋਸਤੀ ਨਾ ਪੈਂਦੀ ਤਾਂ ਇਹ ਧਰਤੀ ਦੇਖਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਸਨੇ ਧਰਮ ਸਿੰਘ ਨਾਲ ਵਿਆਹ ਨਹੀਂ ਸੀ ਕਰਵਾਇਆ, ਉਹ ਤਾਂ ਉਸਦੀ ਦੋਸਤ ਹੋਣ ਦੇ ਨਾਤੇ ਏਥੇ ਆਈ ਸੀ। ਵੀਜ਼ਾ ਵੀ ਆਰਾਮ ਨਾਲ ਲੱਗ ਗਿਆ ਸੀ।
ਵੈਲਰੀ ਨੂੰ ਖ਼ੁਰਸ਼ੀਦ ਅਹਿਮਦ ਤੋਂ ਤਲਾਕ ਲਿਆਂ ਦੋ ਸਾਲ ਹੋ ਚੁੱਕੇ ਸਨ। ਉਹ ਵੀ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਸੀ ਪਰ ਉਸਦੇ ਮਾਪਿਆਂ ਨੂੰ ਲਾਹੌਰ ਛੱਡਕੇ ਕਰਾਚੀ ਰਹਿੰਦਿਆਂ ਕਈ ਪੁਸ਼ਤਾਂ ਹੋ ਗਈਆਂ ਸਨ। ਉਸਦੇ ਦੱਸਣ ‘ਤੇ ਵੈਲਰੀ ਨੂੰ ਪਤਾ ਲੱਗ ਗਿਆ ਸੀ ਕਿ ਕਰਾਚੀ ਵੀ ਇੱਕ ਤਰ੍ਹਾਂ ਨਾਲ ਹੈਮਬਰਗ ਵਰਗਾ ਹੀ ਵੱਡਾ ਸ਼ਹਿਰ ਸੀ। ਓਥੇ ਦੇਖਣ ਨੂੰ ਕੁਝ ਵੀ ਨਹੀਂ ਸੀ। ਦੋ ਬੰਦਿਆਂ ਦਾ ਕਰਾਇਆ ਖਰਚ ਕੇ ਓਥੇ ਜਾਣ ਦੀ ਕੋਈ ਤੁਕ ਹੀ ਨਹੀਂ ਸੀ ਬਣਦੀ।
ਉਸਨੇ ਪਾਕਿਸਤਾਨੀ ਪੰਜਾਬ ਤਾਂ ਕੀ ਪਾਕਿਸਤਾਨ ਦਾ ਸਿੰਧੀ,ਬਲੋਚੀ ਤੇ ਪਠਾਣੀ ਕੋਈ ਇਲਾਕਾ ਨਹੀਂ ਸੀ ਤੱਕਿਆ। ਖ਼ੁਰਸ਼ੀਦ ਨੇ ਉਸਨੂੰ ਪਾਕਿਸਤਾਨ ਲਿਜਾਣ ਦੀ ਕਦੀ ਪੇਸ਼ਕਸ਼ ਹੀ ਨਹੀਂ ਸੀ ਕੀਤੀ।
ਧਰਮ ਸਿੰਘ ਉਹਦੇ ਲਈ ਸਵਰਗੀ ਜੀਊੜਾ ਸੀ ਜਿਹੜਾ ਉਸਨੂੰ ਏਨੀ ਦੂਰ ਲੈ ਆਇਆ ਸੀ। ਵੈਲਰੀ ਨੂੰ ਕੇਵਲ ਆਉਣ ਜਾਣ ਦੀ ਹਵਾਈ ਟਿਕਟ ਲੈਣੀ ਪਈ ਸੀ ਤੇ ਜਾਂ ਫੇਰ ਏਥੇ ਆ ਕੇ ਟੈਕਸੀ ਦਾ ਭਾੜਾ। ਬਾਕੀ ਸਾਰੀ ਦੀ ਸਾਰੀ ਮਹਿਮਾਨ ਨਿਵਾਜ਼ੀ ਮੁਫਤ ਸੀ। ਧਰਮ ਸਿੰਘ ਦੇ ਭੈਣ ਭਾਈ, ਰਿਸ਼ਤੇਦਾਰ ਤੇ ਦੋਸਤ ਉਹਨੂੰ ਹੱਥੀਂ ਛਾਵਾਂ ਕਰਦੇ ਸਨ।
ਵੈਲਰੀ ਦੇ ਭੈਣ ਭਾਈ, ਮਾਤਾ ਪਿਤਾ ਸਾਰੇ ਦੂਜੀ ਵੱਡੀ ਜੰਗ ਵਿਚ ਉਸਤੋਂ ਵਿੱਛੜ ਗਏ ਸਨ। ਜੰਗ ਦੇ ਖਾਤਮੇ ਸਮੇਂ ਉਹ ਦੋ ਢਾਈ ਸਾਲ ਦੀ ਸੀ। ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਉਸਦੇ ਸਕਿਆਂ ਵਿਚੋਂ ਕੋਈ ਬਚਿਆ ਵੀ ਸੀ ਜਾਂ ਨਹੀਂ। ਉਸਦਾ ਬਚਪਨ ਇੱਕ ਅਨਾਥ ਆਸ਼ਰਮ ਵਿਚ ਲੰਘਿਆ ਸੀ। ਉਸਦੀ ਸਾਰੀ ਸੋਚ ਅਨਾਥਾਂ ਵਾਲੀ ਸੀ। ਖ਼ੁਰਸ਼ੀਦ ਅਹਿਮਦ ਕੋਲੋਂ ਵੀ ਉਸਨੂੰ ਕਿਸੇ ਪ੍ਰਕਾਰ ਦੀ ਅਪਣੱਤ ਨਹੀਂ ਸੀ ਮਿਲੀ। ਉਹਦੇ ਘਰ ਵੀ ਉਹ ਅਨਾਥਾਂ ਵਰਗੀ ਹੀ ਸੀ। ਉਸਨੇ ਤਾਂ ਅਪਣਾ ਘਰ ਘਾਟ ਤੇ ਦੇਸ਼ ਵੀ ਨਹੀ ਸੀ ਦਿਖਾਇਆ। ਅਨਾਥ ਆਸ਼ਰਮ ਵਿਚ ਪਲੀ ਵੈਲਰੀ ਲਈ ਅਪਣੱਤ ਕਿੰਨੀ ਜ਼ਰੂਰੀ ਸੀ, ਉਸਨੇ ਇਹ ਜ਼ਰੂਰਤ ਪੂਰੀ ਨਹੀੰ ਸੀ ਕੀਤੀ।
ਧਰਮ ਸਿੰਘ ਅਨਾਥ ਨਹੀਂ ਸੀ। ਸਿੰਬਲੀ ਪਿੰਡ ਵਿਚ ਉਸਦੇ ਮਾਂ ਬਾਪ ਰਹਿੰਦੇ ਸਨ। ਇੱਕ ਭੈਣ ਗੁਰਾਇਆ ਨੇੜੇ ਬੜੇ ਪਿੰਡ ਵਿਆਹੀ ਹੋਈ ਸੀ, ਦੂਜੀ ਫਗਵਾੜਾ ਹੁਸਿ਼ਆਰਪੁਰ ਸੜਕ ‘ਤੇ ਪੈਂਦੇ ਬਹੁਤ ਵੱਡੇ ਪਿੰਡ ਪਧਿਆਣੇ। ਜਿਸ ਵਿਆਹ ਵਿਚ ਸ਼ਾਮਿਲ ਹੋਣ ਉਹ ਜਰਮਨੀ ਤੋਂ ਸਿੰਬਲੀ ਆਏ ਸਨ, ਓਥੇ ਉਸਨੂੰ ਬਹੁਤ ਸਾਰੇ ਰਿਸ਼ਤੇਦਾਰ ਮਿਲੇ ਸਨ।
ਧਰਮ ਸਿੰਘ ਵੈਲਰੀ ਨੂੰ ਇੱਕ ਇੱਕ ਕਰਕੇ ਅਪਣੀਆਂ ਭੈਣਾਂ ਦੇ ਸਹੁਰੀਂ ਵੀ ਲੈ ਕੇ ਗਿਆ ਸੀ ਤੇ ਅਪਣੀਆਂ ਭਰਜਾਈਆਂ ਦੇ ਪੇਕੀਂ ਵੀ। ਸਭਨਾਂ ਲਈ ਧਰਮ ਸਿੰਘ ਦੀ ਮੇਮ ਇੱਕ ਅਜੂਬਾ ਸੀ। ਉਸਦੀਆਂ ਬਿੱਲੀਆਂ ਅੱਖਾਂ, ਉੱਚਾ ਲੰਮਾ ਕੱਦ, ਮੋਟੀਆਂ ਮੋਟੀਆਂ ਪਿੰਜਣੀਆਂ ਤੇ ਮਰਦਾਂ ਤੇ ਔਰਤਾਂ ਨੂੰ ਜੱਫੀਆਂ ਪਾ ਪਾ ਮਿਲਣਾ । ਉਹਨੂੰ ਹਰ ਕੋਈ ਪਿਆਰਾ ਸੀ ਤੇ ਹਰ ਕੋਈ ਉਸਨੂੰ ਪਿਆਰ ਕਰਦਾ ਸੀ। ਸਾਰੇ ਘਰ ਉਸਦੇ ਸਨ ਤੇ ਉਹ ਸਾਰੇ ਘਰਾਂ ਦੇ ਘਰ ਦਾ ਜੀਅ ਸੀ।
ਸਿੰਬਲੀ ਦਾ ਹਰ ਖੇਤ ਉਸਦਾ ਸੀ। ਹਰ ਇੱਕ ਰੁੱਖ। ਇਕੱਲਾ ਇਕੱਲਾ ਮੁਰਗਾ, ਮੋਰ ਤੇ ਘੁੱਗੀ ਕਬੂਤਰ। ਉਹ ਕਿਸੇ ਵੀ ਖੇਤ ਵਿਚ ਜਾ ਕੇ ਖੇਤ ਵਿਚ ਉੱਗੀ ਫਸਲ ਬਾਰੇ ਪੁੱਛ ਸਕਦੀ ਸੀ। ਕਿਹੜੀ ਫਸਲ ਨੂੰ ਕਿਹੋ ਜਹੇ ਦਾਣੇ ਪੈਂਦੇ ਸਨ ਤੇ ਕਿਸ ਰੁੱਖ ਨੂੰ ਕਿਹੋ ਜਹੇ ਫਲ ਲੱਗਦੇ ਸਨ।
ਵੈਲਰੀ ਕੈਰੀਨਾ ਲਈ ਧਰਮ ਸਿੰਘ ਦੀ ਸੰਗਤ ਵੀ ਚਾਰ ਦਿਨ ਦੀ ਚਾਨਣੀ ਹੋ ਕੇ ਰਹਿ ਗਈ। ਉਹ ਵਾਪਸੀ ਵੇਲੇ ਵੈਲਰੀ ਦੇ ਨਾਲ ਜਰਮਨ ਨਹੀਂ ਸੀ ਪਰਤਿਆ। ਉਸਨੇ ਪਿੰਡ ਵਿਚ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਘੜ ਲਿਆ ਸੀ। ਏਥੋਂ ਤੱਕ ਕਿ ਵਾਪਸੀ ‘ਤੇ ਉਸਦਾ ਦਿੱਲੀ ਤੱਕ ਵੀ ਸਾਥ ਨਹੀਂ ਸੀ ਦਿੱਤਾ। ਜੇ ਉਹ ਨਾਲ ਜਾਂਦਾ ਤਾਂ ਦਿੱਲੀ ਤੱਕ ਦਾ ਟੈਕਸੀ ਦਾ ਕਰਾਇਆ ਉਹਨੂੰ ਹੀ ਦੇਣਾ ਪੈਣਾ ਸੀ।
ਸਿੰਬਲੀ ਤੋਂ ਦਿੱਲੀ ਤੇ ਦਿੱਲੀ ਤੋਂ ਹੈਮਬਰਗ ਵੈਲਰੀ ਬਿਲਕੁਲ ਇਕੱਲੀ ਸੀ। ਉਸਨੂੰ ਦੋਨਾਂ ਪੰਜਾਬੀਆਂ ਨੇ ਧੋਖਾ ਦਿੱਤਾ ਸੀ। ਪਾਕਿਸਤਾਨ ਦੇ ਮੁਸਲਮਾਨ ਪੰਜਾਬੀ ਨੇ ਉਸਨੂੰ ਅਪਣੇ ਮਾਪਿਆਂ ਨਾਲ ਵੀ ਨਹੀਂ ਸੀ ਮਿਲਾਇਆ। ਉਹ ਕੋਰਾ ਤੇ ਕੰਜੂਸ ਸੀ।
ਏਧਰਲੇ ਪੰਜਾਬ ਦੇ ਸਿੱਖ ਪੰਜਾਬੀ ਨੇ ਉਸਤੋਂ ਵੀ ਮਾੜਾ ਵਰਤਿਆ ਸੀ। ਉਸਨੂੰ ਪੰਜਾਬ ਦੇ ਚੁਬਾਰੇ ਚੜ੍ਹਾ ਕੇ ਥੱਲੇ ਤੋਂ ਪੌੜੀ ਖਿੱਚ ਲਈ ਸੀ। ਏਨੇ ਸਬਜ਼ ਬਾਗ਼ ਦਿਖਾਏ ਸਨ ਕਿ ਉਹ ਫੁੱਲੀ ਨਹੀਂ ਸੀ ਸਮਾਉਂਦੀ। ਉਸਨੂੰ ਜਿ਼ੰਦਗੀ ਵਿਚ ਪਹਿਲੀ ਵਾਰ ਅਪਣੱਤ ਮਿਲੀ ਸੀ। ਅਪਣੱਤ ਤੇ ਨਿੱਘ ਨੇ ਉਸਦੀ ਝੋਲੀ ਭਰ ਦਿੱਤੀ ਸੀ।
ਉਹ ਕੀ ਜਾਣਦੀ ਸੀ ਕਿ ਇਹ ਸਭ ਕੁਝ ਆਰਜ਼ੀ ਸੀ। ਧਰਮ ਸਿੰਘ ਨੇ ਅਪਣੀ ਪੜ੍ਹਤ ਬਣਾਉਣ ਲਈ ਕੀਤਾ ਸੀ। ਕੋਈ ਜਰਮਨ ਮੇਮ ਉਸ ਉਤੇ ਏਨਾ ਮਰਦੀ ਸੀ ਕਿ ਉਸਨੇ ਸਿੰਬਲੀ ਤੱਕ ਆਉਣ ਜਾਣ ਦੀਆਂ ਟਿਕਟਾਂ ਵੀ ਅਪਣੇ ਪੱਲੇ ਤੋਂ ਖਰੀਦੀਆਂ ਸਨ। ਏਥੇ ਆ ਕੇ ਵੀ ਟੈਕਸੀ ਦਾ ਕਰਾਇਆ ਉਸੇ ਨੇ ਦਿੱਤਾ ਸੀ। ਇਹ ਗੱਲ ਉਹ ਸਭ ਨੂੰ ਦੱਸਦਾ ਸੀ।
ਹੈਮਬਰਗ ਵਾਪਸ ਪਹੁੰਚਣ ਤੱਕ ਵੈਲਰੀ ਦੇ ਮਨ ਵਿਚ ਤਰ੍ਹਾ ਤਰ੍ਹਾਂ ਦੇ ਸਵਾਲ ਪੈਦਾ ਹੋਏ ਪਰ ਉਸਨੇ ਅਪਣੇ ਆਪ ਨੂੰ ਤਸੱਲੀ ਦੇਣ ਲਈ ਹਰ ਸਵਾਲ ਉੱਤੇ ਮਿੱਟੀ ਪਾਉਣੀ ਠੀਕ ਸਮਝੀ।
ਹੈਮਬਰਗ ਪਰਤਣ ਤੋਂ ਪਿੱਛੋਂ ਦੋ ਮਹੀਨੇ ਤੱਕ ਧਰਮ ਸਿੰਘ ਦੀ ਕੋਈ ਖ਼ਬਰ ਨਾ ਮਿਲੀ। ਨਾ ਚਿੱਠੀ ਨਾ ਟੈਲੀਫੂਨ ਤੇ ਨਾ ਹੀ ਕਿਸੇ ਹੋਰ ਦੇ ਹੱਥ ਸੁਖ ਸੁਨੇਹਾ।
ਫੇਰ ਇੱਕ ਦਿਨ ਪਤਾ ਲੱਗਿਆ ਕਿ ਧਰਮ ਸਿੰਘ ਨੂੰ ਸਿੰਬਲੀ ਤੋਂ ਹੈਮਬਰਗ ਪਹੁੰਚਿਆਂ ਵੀ ਮਹੀਨਾ ਹੋ ਗਿਆ ਸੀ। ਪਰ ਉਸਨੇ ਵੈਲਰੀ ਨਾਲ ਸੰਪਰਕ ਨਹੀਂ ਸੀ ਕੀਤਾ। ਪ੍ਰਤੱਖ ਸੀ ਕਿ ਉਹ ਵੈਲਰੀ ਨੂੰ ਵਿਸਾਰੀ ਬੈਠਾ ਸੀ। ਇਹ ਵੀ ਕਿ ਉਸਨੇ ਜਰਮਨ ਵਾਪਸ ਪਰਤਣ ਤੋਂ ਪਹਿਲਾਂ ਪੰਜਾਬ ਵਿਚ ਹੀ ਇੱਕ ਪੰਜਾਬੀ ਕੁੜੀ ਨਾਲ ਵਿਆਹ ਕਰਵਾਕੇ ਉਸਨੂੰ ਰਾਹਦਾਰੀ ਭੇਜ ਦਿੱਤੀ ਸੀ। ਕੁੜੀ ਦੇਣ ਵਾਲਿਆਂ ਸੋਚਿਆ ਸੀ ਕਿ ਜਿਸ ਬੰਦੇ ਉੱਤੇ ਜਰਮਨ ਮੇਮ ਡੁਲ੍ਹੀ ਫਿਰਦੀ ਸੀ ਉਸਦੀ ਜਰਮਨੀ ਵਿਚ ਬੜੀ ਆਮਦਨ ਹੋਵੇਗੀ। ਇਹ ਵੀ ਦੱਸਿਆ ਗਿਆ ਸੀ ਕਿ ਮੇਮ ਸ਼ਾਦੀ ਸ਼ੁਦਾ ਸੀ ਤੇ ਇੰਡੀਆ ਕੇਵਲ ਸੈਰ ਸਪਾਟੇ ਲਈ ਆਈ ਸੀ। ਇਹ ਵੀ ਕਿ ਇੰਝ ਇਕੱਲਿਆਂ ਕਿਸੇ ਨਾਲ ਸੈਰ ਲਈ ਤੁਰ ਜਾਣਾ ਜਰਮਨ ਸਭਿਆਚਾਰ ਦਾ ਪ੍ਰਵਾਨਤ ਅੰਗ ਸੀ।
ਜਿਉਂ ਜਿਉਂ ਵੈਲਰੀ ਉਤੇ ਧਰਮ ਸਿੰਘ ਦੀਆਂ ਚਲਾਕੀਆਂ ਦਾ ਭੇਤ ਖੁਲ੍ਹਦਾ ਜਾਂਦਾ ਸੀ ,ਉਹ ਪਹਿਲਾਂ ਨਾਲੋਂ ਗੁਸੈਲੀ, ਨਿਰਾਸ਼ ਤੇ ਇਕੱਲੀ ਹੋ ਰਹੀ ਸੀ। ਉਸਨੂੰ ਵਿਸ਼ਵਾਸ਼ ਹੋ ਗਿਆ ਸੀ ਕਿ ਉਸਦਾ ਦੁਨੀਆ ਵਿਚ ਕੋਈ ਨਹੀਂ ਸੀ। ਉਸਨੂੰ ਵੱਡੀ ਜੰਗ ਨੇ ਇਕੱਲੀ ਕਰ ਛੱਡਿਆ ਸੀ ਤੇ ਉਸਨੂੰ ਇਕੱਲੀ ਹੀ ਰਹਿਣਾ ਚਾਹੀਦਾ ਸੀ।
ਵੈਲਰੀ ਕੈਰੀਨਾ ਸ਼ਰਾਬ ਪੀਣ ਦੀ ਸ਼ੌਕੀਨ ਸੀ। ਪਰ ਇਕੱਲਤਾ ਨੇ ਉਸਦੀ ਸ਼ਰਾਬ ਦੀ ਮਾਤਰਾ ਵਧਾ ਦਿੱਤੀ ਸੀ। ਇੱਕ ਅੱਧ ਵਾਈਨ ਦੀ ਬੋਤਲ ਤਾਂ ਹਰ ਸ਼ਾਮ ਪੀ ਲੈਂਦੀ ਸੀ। ਧਰਮ ਸਿੰਘ ਦੇ ਵਤੀਰੇ ਨੇ ਇਹ ਮਾਤਰਾ ਦੁੱਗਣੀ ਕਰ ਦਿੱਤੀ ਸੀ।
ਅਸਲ ਵਿਚ ਪੰਜਾਬ ਜਾ ਕੇ ਉਸਦੀ ਦਾਰੂ ਪੀਣ ਦੀ ਸ਼ਕਤੀ ਵਧ ਗਈ ਸੀ। ਉਸਨੇ ਕਿਹੜਾ ਕੰਮ ਤੇ ਜਾਣਾ ਹੁੰਦਾ ਸੀ। ਉਹ ਦਿਨ ਵੇਲੇ ਵੀ ਪੀਣ ਲੱਗ ਪਈ ਸੀ। ਉਹ ਧਰਮ ਸਿੰਘ ਦੀ ਸੁਹਬਤ ਤੋਂ ਮਿਲੀ ਖ਼ੁਸ਼ੀ ਨੂੰ ਹੁਲਾਰਾ ਦੇਣਾ ਚਾਹੁੰਦੀ ਸੀ। ਪੰਜਾਬ ਦੀ ਦਾਰੂ ਵਿਚ ਇਹ ਹੁਲਾਰਾ ਜਰਮਨੀ ਦੀ ਵਾਈਨ ਨਾਲੋਂ ਕਈ ਗੁਣਾ ਜਿ਼ਆਦਾ ਸੀ। ਬਹੁਤੀ ਵਾਰੀ ਉਸਨੂੰ ਘਰ ਦੀ ਕੱਢੀ ਹੋਈ ਦੇਸੀ ਸ਼ਰਾਬ ਮਿਲਦੀ ਸੀ ਤੇ ਇਸਨੂੰ ਕੱਢਣ ਸਮੇਂ ਇਸ ਵਿਚ ਭਾਂਤ ਭਾਂਤ ਦੇ ਮੇਵੇ ਤੇ ਫਲਾਂ ਦਾ ਅਰਕ ਪਾਇਆ ਜਾਂਦਾ ਸੀ। ਚਾਰ ਘੁੱਟਾਂ ਪੀ ਕੇ ਵੈਲਰੀ ਅਸਮਾਨੀ ਉਡਣ ਲੱਗ ਜਾਂਦੀ ਸੀ।
ਹੈਮਬਰਗ ਪਹੁੰਚਕੇ ਉਸਨੂੰ ਪੰਜਾਬੀ ਉਡਾਰੀ ਨਹੀਂ ਸੀ ਮਿਲਦੀ ਤੇ ਇਸਦੀ ਭਾਲ ਵਿਚ ਉਹ ਹੋਰ ਪੈਗ ਲਾ ਲੈਂਦੀ ਸੀ
ਵੈਲਰੀ ਨੂੰ ਅਨਾਥ ਆਸ਼ਰਮ ਵਿਚ ਭੋਗੀ ਇਕੱਲਤਾ ਵੀ ਯਾਦ ਆਉਂਦੀ। ਉਸਨੂੰ ਉਸ ਚਾਚੇ ‘ਤੇ ਗੁੱਸਾ ਆ ਜਾਂਦਾ ਜਿਹੜਾ ਉਸਨੂੰ ਅਪਣੀ ਸਕੀ ਭਤੀਜੀ ਦੱਸਕੇ ਅਪਣੇ ਘਰ ਲੈ ਆਇਆ ਸੀ। ਉਸਦੀ ਅਪਣੀ ਪਤਨੀ ਯਾਨੀ ਵੈਲਰੀ ਦੀ ਚਾਚੀ ਏਨੇ ਰੁੱਖੇ ਸੁਭਾਅ ਦੀ ਸੀ ਕਿ ਨਾਂ ਹੀ ਉਹਨੂੰ ਕੋਈ ਮਿਲਣ ਆਉਂਦਾ ਸੀ ਤੇ ਨਾਂ ਉਹ ਕਿਸੇ ਦੇ ਘਰ ਜਾਂਦੀ ਸੀ। ਉਹਦੇ ਲਈ ਤਾਂ ਵੈਲਰੀ ਇੱਕ ਤਰ੍ਹਾਂ ਦੀ ਨੌਕਰਾਣੀ ਸੀ ਤੇ ਉਹ ਉਸਨੂੰ ਪਿਆਰ ਕਰਨ ਦੀ ਥਾਂ ਸਦਾ ਹੀ ਡਾਂਟਦੀ ਰਹਿੰਦੀ ਸੀ।
ਵੈਲਰੀ ਨੂੰ ਚੇਤੇ ਆਇਆ ਕਿ ਉਸਨੂੰ ਸ਼ਰਾਬ ਪੀਣ ਦੀ ਜਾਚ ਵੀ ਉਸਦੇ ਚਾਚੇ ਨੇ ਸਿਖਾਈ ਸੀ। ਸਮਾਂ ਪਾਕੇ ਇਹ ਵੀ ਉਹਦੇ ਲਈ ਇਕੱਲੇ ਤੇ ਨਿਰਾਸ਼ ਮਨ ਨੂੰ ਖੁਸ਼ ਕਰਨ ਦਾ ਇਕ ਸਾਧਨ ਬਣ ਗਿਆ ਸੀ। ਕਿਸੇ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ ਸੀ। ਈਨ ਨਹੀਂ ਸੀ ਮੰਨਣੀ ਪੈਂਦੀ। ਬੱਸ ਦੋ ਪੈਗ ਲਾਏ ਤੇ ਮੌਜ ਮਾਣ ਲਈ। ਵਾਈਨ ਸਸਤੀ ਸੀ। ਖੁਸ਼ੀ ਉਸਤੋਂ ਵੀ ਸਸਤੀ।
ਚਾਚੇ ਬਾਰੇ ਸੋਚਕੇ ਉਹਨੂੰ ਚਾਚੇ ਤੇ ਗੁੱਸਾ ਆ ਜਾਂਦਾ। ਉਹ ਗੁੱਸੇ ਵਿਚ ਇਕ ਪੈਗ ਹੋਰ ਪਾ ਲੈਂਦੀ। ਇਕ ਪੈਗ ਤੋਂ ਪਿੱਛੋਂ ਧਰਮ ਸਿੰਘ ਬਾਰੇ ਸੋਚਦੀ ਤਾਂ ਹੋਰ ਪੀ ਲੈਂਦੀ। ਉਸ ਤੋਂ ਪਿੱਛੋਂ ਇਕ ਪੈਗ ਖ਼ੁਰਸ਼ੀਦ ਅਹਿਮਦ ਦੇ ਕੋਰੇਪਨ ਦਾ ਲਾਉਂਦੀ ਤੇ ਸੌਂ ਜਾਂਦੀ।
ਵੈਲਰੀ ਕਰੀਨਾ ਦਾ ਇਕ ਸ਼ੌਕ ਪੜ੍ਹਨਾ ਵੀ ਸੀ। ਜੇ ਉਸਨੂੰ ਇਹ ਸ਼ੌਕ ਨਾ ਹੁੰਦਾ ਤਾਂ ਪਤਾ ਨਹੀਂ ਕਦੋਂ ਦੀ ਪਾਗ਼ਲ ਹੋ ਗਈ ਹੁੰਦੀ। ਉਸਨੇ ਦੁਨੀਆ ਦੇ ਸਾਰੇ ਕਲਾਸਿਕ ਨਾਵਲ ਪੜ੍ਹ ਰੱਖੇ ਸਨ। ਉਸਦੀ ਪਸੰਦ ਨਾਵਲਾਂ ਤੱਕ ਸੀਮਤ ਸੀ। ਉਸਨੇ ਘਰ ਦੇ ਨੇੜੇ ਵਾਲੀਆਂ ਦੋ ਲਾਇਬ੍ਰੇਰੀਆਂ ਦੇ ਸਾਰੇ ਨਾਵਲ ਪੜ੍ਹ ਲਏ ਸਨ।
ਨਵਾਂ ਨਾਵਲ ਨਾਂ ਮਿਲਦਾ ਤਾਂ ਉਹ ਰੇਲਵੇ ਸਟੇਸ਼ਨ ਵਾਲੀ ਅਖ਼ਬਾਰਾਂ ਦੀ ਸਟਾਲ ਤੋਂ ਕੋਈ ਨਾ ਕੋਈ ਰਸਾਲਾ ਖ਼ਰੀਦ ਲਿਆਉਂਦੀ। ਸਟਾਲ ਦਾ ਮਾਲਕ ਪੰਜਾਬੀ ਸਿੱਖ ਸੀ। ਦੇਖਣ ਨੂੰ ਉਹ ਧਰਮ ਸਿੰਘ ਵਰਗਾ ਹੀ ਲਗਦਾ ਸੀ। ਜਿਵੇਂ ਉਹਦਾ ਸਕਾ ਭਾਈ ਹੋਵੇ। ਭਾਵੇਂ ਵੈਲਰੀ ਨੂੰ ਸਾਰੇ ਸਿੱਖ ਇਕੋ ਜਿਹੇ ਲਗਦੇ ਸਨ ਪਰ ਸਟਾਲ ਵਾਲਾ ਸਿੱਖ ਤਾਂ ਇੰਨ ਬਿੰਨ ਧਰਮ ਸਿੰਘ ਸੀ। ਇਕ ਨੂੰ ਉਠਾ ਲਉ ਦੂਜਾ ਬਿਠਾ ਦਿਉ।
ਇਸ ਸਭ ਕੁਝ ਦੇ ਬਾਵਜੂਦ ਉਹ ਜਾਣਦੀ ਸੀ ਕਿ ਉਹ ਧਰਮ ਸਿੰਘ ਨਹੀਂ ਸੀ। ਜਦ ਉਹ ਬੋਲਦਾ ਸੀ ਤਾਂ ਬਿਲਕੁਲ ਹੋਰ ਵਿਅਕਤੀ ਜਾਪਦਾ ਸੀ। ਉਹ ਕਿਸੇ ਨੂੰ ਸਟਾਲ ‘ਤੇ ਪਏ ਰਸਾਲਿਆਂ ਨੂੰ ਫਰੋਲਣ ਦੀ ਆਗਿਆ ਨਹੀਂ ਸੀ ਦਿੰਦਾ। ਉਹਦੇ ਲਈ ਰਸਾਲੇ ਵੀ ਫਲਾਂ ਦਾ ਰੂਪ ਸਨ। ਜਰਮਨ ਵਿਚ ਕੋਈ ਫਲ ਵੇਚਣ ਵਾਲਾ ਕਿਸੇ ਗਾਹਕ ਨੂੰ ਅਪਣੇ ਫਲ ਹੱਥ ਲਾ ਕੇ ਨਹੀਂ ਸੀ ਦੇਖਣ ਦਿੰਦਾ। ਵੈਲਰੀ ਨੂੰ ਬੁੱਕ ਸਟਾਲ ਵਾਲੇ ਸਿੱਖ ਦਾ ਅੱਖੜ ਹੋਣਾ ਚੰਗਾ ਲਗਦਾ ਸੀ। ਉਸਦਾ ਇਹ ਗੁਣ ਜਰਮਨੀ ਵਾਲਾ ਸੀ।
ਇਹ ਵੀ ਅਜੀਬ ਗੱਲ ਸੀ ਕਿ ਵੈਲਰੀ ਕੇਵਲ ਏਸ ਹੀ ਸਟਾਲ ਤੋਂ ਰਸਾਲੇ ਆਦਿ ਖਰੀਦਣ ਜਾਂਦੀ ਸੀ, ਹੋਰ ਕਿਸੇ ਤੋਂ ਨਹੀਂ। ਉਸਨੂੰ ਮਾਲਕ ਦੀ ਦਿੱਖ ਨਾਲ ਨਫਰਤ ਵੀ ਸੀ ਤੇ ਪਿਆਰ ਵੀ। ਉਹ ਨਿਰਾ ਪੁਰਾ ਧਰਮ ਸਿੰਘ ਸੀ, ਕੇਵਲ ਬੋਲ ਵੱਖਰਾ ਹੋਣ ਨਾਲ ਤਾਂ ਵੱਖਰਾ ਮਨੁੱਖ ਨਹੀਂ ਸੀ ਬਣ ਜਾਂਦਾ। ਅੱਖੜ ਹੋਣ ਨਾਲ ਵੀ ਨਹੀਂ। ਉਹ ਨਹੀਂ ਸੀ ਜਾਣਦੀ ਕਿ ਸਟਾਲ ਵਾਲੇ ਦੀ ਦਿੱਖ ਦੀ ਧਰਮ ਸਿੰਘ ਨਾਲ ਸਮਾਨਤਾ ਹੀ ਉਸਨੂੰ ਉਹਦੇ ਵੱਲ ਲੈ ਤੁਰਦੀ ਸੀ।
ਉਸਦੇ ਮਨੋਵਿਗਿਆਨੀ ਡਾਕਟਰ ਨੇ ਇਸ ਖੇਡ ਨੂੰ ਸੂਖਮ ਦੁਚਿੱਤੀ ਦਾ ਨਾਂ ਦਿੱਤਾ ਸੀ। ਸੂਖਮ ਦੁਚਿੱਤੀ ਬੰਦੇ ‘ਤੇ ਬੜਾ ਮਾਰੂ ਪ੍ਰਭਾਵ ਪਾਉਂਦੀ ਹੈ। ਆਸ਼ਾ ਤੇ ਨਿਰਾਸ਼ਾ ਬੰਦੇ ਦਾ ਅੰਦਰ ਖੋਖਲਾ ਕਰ ਦਿੰਦੀ ਹੈ। ਅਚੇਤ ਦੁਬਿਧਾ ਨੇ ਹੀ ਉਸਨੂੰ ਵਧੇਰੇ ਸ਼ਰਾਬ ਪੀਣ ਲਾ ਦਿੱਤਾ ਹੈ। ਉਸਨੂੰ ਇਸ ਦੁਚਿੱਤੀ ਵਿਚੋਂ ਨਿਕਲਣਾ ਚਾਹੀਦਾ ਹੈ। ਡਾਕਟਰ ਨੇ ਸਭ ਕੁਝ ਦੱਸਿਆ ਸੀ। ਨਿਕਲੇ ਜਾਂ ਨਾ ਉਹਦੇ ਲਈ ਬਹੁਤ ਵੱਡਾ ਪ੍ਰਸ਼ਨ ਬਣਿਆ ਹੋਇਆ ਸੀ।
ਇਸ ਦੁਚਿੱਤੀ ਵਿਚੋਂ ਨਿਕਲਣ ਦਾ ਇਕੋ ਇਕ ਤਰੀਕਾ ਸਟਾਲ ਵਾਲੇ ਨਾਲ ਵੱਧ ਤੋਂ ਵੱਧ ਸਮਾਂ ਕੱਢਣਾ ਹੋ ਸਕਦਾ ਸੀ। ਉਸਦੀ ਪਤਨੀ ਤੇ ਬੱਚੇ ਪੰਜਾਬ ਵਿਚ ਹੀ ਸਨ ਤੇ ਏਥੇ ਉਹ ਬਿਲਕੁਲ ਇਕੱਲਾ ਸੀ। ਨੇੜੇ ਹੀ ਕਿਸੇ ਬੇਸਮੈਂਟ ਵਿਚ ਰਹਿ ਰਿਹਾ ਸੀ।
ਵੈਲਰੀ ਕੋਲ ਅਪਣੀ ਚਾਹਨਾ ਉਤੇ ਕਾਬੂ ਪਾਉਣ ਦਾ ਇਕੋ ਇਕ ਸਾਧਨ ਦਾਰੂ ਦੀ ਸ਼ਰਨ ਲੈਣਾ ਸੀ। ਉਸਦੀ ਦਾਰੂ ਦਿਨ ਪਰ ਦਿਨ ਵਧਦੀ ਜਾ ਰਹੀ ਸੀ। ਉਹ ਜਾਣਦੀ ਸੀ ਕਿ ਇਹ ਗੱਲ ਚੰਗੀ ਨਹੀਂ ਸੀ ਪਰ ਉਹਦੇ ਕੋਲ ਇਸਦਾ ਬਦਲ ਨਹੀਂ ਸੀ।
ਸਹਿਜੇ ਸਹਿਜੇ ਉਸਨੇ ਸਟਾਲ ਦੇ ਮਾਲਕ ਨਾਲ ਇਹੋ ਜਹੀ ਸਾਂਝ ਬਣਾ ਲਈ ਸੀ ਕਿ ਉਸਨੂੰ ਰਸਾਲੇ ਫਰੋਲਣ ਦੀ ਆਗਿਆ ਮਿਲ ਗਈ ਸੀ। ਉਸਦਾ ਜੀਅ ਕਰਦਾ ਤਾਂ ਉਹ ਸਟਾਲ ਦੇ ਇਕ ਪਾਸੇ ਬੈਠ ਕੇ ਅਪਣੀ ਮਰਜ਼ੀ ਦਾ ਰਸਾਲਾ ਫਰੋਲ ਸਕਦੀ ਸੀ। ਜੇ ਚਾਹੇ ਤਾਂ ਪੂਰੇ ਦਾ ਪੂਰਾ ਲੇਖ ਜਾਂ ਕਹਾਣੀ ਪੜ੍ਹ ਸਕਦੀ ਸੀ।
ਇਹੋ ਜਿਹੇ ਇਕ ਦਿਨ ਵੈਲਰੀ ਨੇ ਦੇਖਿਆ ਕਿ ਸਟਾਲ ਵਾਲੇ ਸਿੱਖ ਨਾਲ ਇੱਕ ਸਲਵਾਰ ਕਮੀਜ਼ ਵਾਲੀ ਔਰਤ ਕਾਫੀ ਦੇਰ ਤੋਂ ਗੱਲਾਂ ਕਰ ਰਹੀ ਸੀ। ਹੋ ਸਕਦਾ ਹੈ ਉਸਨੇ ਵੈਲਰੀ ਬਾਰੇ ਵੀ ਪੁੱਛਿਆ ਹੋਵੇ ਕਿ ਸਟਾਲ ਦਾ ਨਿਯਮ ਭੰਗ ਕਰਨ ਵਾਲੀ ਮੇਮ ਕੌਣ ਸੀ।
ਉਸਨੂੰ ਪੁੱਛਣ ਦੀ ਲੋੜ ਹੀ ਨਹੀਂ ਪਈ। ਸਟਾਲ ਵਾਲੇ ਨੇ ਦੋਨਾਂ ਨੂੰ ਮਿਲਾ ਦਿੱਤਾ। ਉਹ ਅਪਣੇ ਗਾਹਕਾਂ ਤੋਂ ਵਿਹਲੇ ਹੋਣ ਦਾ ਸਮਾਂ ਭਾਲ ਰਿਹਾ ਸੀ। ਉਸਨੇ ਵੈਲਰੀ ਨੂੰ ਦੱਸਿਆ ਕਿ ਸਲਵਾਰ ਕਮੀਜ਼ ਵਾਲੀ ਇਸਤ੍ਰੀ ਉਸਦੀ ਪਤਨੀ ਸੀ। ਉਹ ਅਪਣੇ ਭਰਾ ਕੋਲ ਇੰਗਲੈਂਡ ਆਈ ਹੋਈ ਸੀ ਤੇ ਉਥੋਂ ਭਰਾ ਦੀ ਕਾਰ ਵਿਚ ਬਹਿਕੇ ਜਰਮਨੀ ਦਾ ਬਾਰਡਰ ਲੰਘ ਆਈ ਸੀ। ਉਸਨੇ ਇਹ ਢੰਗ ਦੂਜੀ ਵਾਰ ਵਰਤਿਆ ਸੀ। ਇਕ ਵਾਰੀ ਪਹਿਲਾਂ ਵੀ ਕਰ ਚੁੱਕੀ ਸੀ।
ਉਸਨੇ ਪਤਨੀ ਨਾਲ ਵੈਲਰੀ ਦੀ ਜਾਣ ਪਹਿਚਾਣ ਦੁਖੀਆ ਮੇਮ ਕਹਿ ਕੇ ਕਰਵਾਈ ਸੀ। ਦੁਖੀਆ ਕਹਿਣ ਨਾਲ ਉਸਨੂੰ ਅਪਣੀ ਪਤਨੀ ਦੇ ਗੁੱਸੇ ਦਾ ਡਰ ਨਹੀਂ ਸੀ। ਪਤਨੀ ਨੂੰ ਦੁਖੀਆ ਲੋਕਾਂ ਦੇ ਦੁੱਖ ਸੁਣਨ ਦਾ ਸ਼ੌਕ ਸੀ।
ਵੈਲਰੀ ਨੂੰ ਨਵੀਂ ਮਿਲੀ ਸਿੱਖ ਔਰਤ ਵਿਚੋਂ ਉਹ ਚਿਹਰੇ ਦਿਖਾਈ ਦੇਣ ਲੱਗੇ ਜਿਹੜੇ ਸਾਲ ਕੁ ਪਹਿਲਾਂ ਉਸਨੇ ਅਪਣੀ ਪੰਜਾਬ ਫੇਰੀ ਸਮੇਂ ਤੱਕੇ ਸਨ। ਉਸਨੂੰ ਸਟਾਲ ਵਾਲੇ ਦੀ ਪਤਨੀ ਦਾ ਚਿਹਰਾ ਧਰਮ ਸਿੰਘ ਦੀ ਵੱਡੀ ਭੈਣ ਵਰਗਾ ਲੱਗਿਆ। ਬੜੇ ਪਿੰਡ ਵਾਲੀ ਦਾ,ਨਿੱਘਾ, ਅਪਣੱਤ ਭਰਿਆ ਤੇ ਤਰਸ ਭਾਵੀ।
ਉਨ੍ਹਾਂ ਦੋਹਾਂ ਦਾ ਪਹਿਲੀ ਨਜ਼ਰੇ ਪਿਆਰ ਹੋ ਗਿਆ ਸੀ। ਨਵੀਂ ਆਈ ਪੰਜਾਬਣ ਅੰਗ੍ਰੇਜ਼ੀ ਬੋਲ ਲੈਂਦੀ ਸੀ। ਉਹ ਸਟਾਲ ਦੇ ਇੱਕ ਪਾਸੇ ਪਏ ਉਸੇ ਪੱਥਰ ਉੱਤੇ ਜਾ ਬੈਠੀ ਜਿਸ ਉਤੇ ਵੈਲਰੀ ਬੈਠੀ ਸੀ। ਦੋਵੇਂ ਇੱਕ ਦੂਜੀ ਨਾਲ ਰਲ ਕੇ ਬੈਠ ਗਈਆਂ ਸਨ। ਵੈਲਰੀ ਖੁਸ਼ ਸੀ ਕਿ ਉਹ ਨਵੀਂ ਪੰਜਾਬਣ ਨਾਲ ਅੰਗ੍ਰੇਜ਼ੀ ਵਿਚ ਗੱਲਾਂ ਕਰ ਸਕਦੀ ਸੀ। ਧਰਮ ਸਿੰਘ ਦੀ ਭੈਣ ਅਨਪੜ੍ਹ ਸੀ। ਜਿਹੜੀਆਂ ਗੱਲਾਂ ਉਹ ਧਰਮ ਸਿੰਘ ਦੀ ਭੈਣ ਨਾਲ ਨਹੀਂ ਸੀ ਕਰ ਸਕਦੀ, ਹੁਣ ਖੁਲ੍ਹਕੇ ਕਰ ਸਕਦੀ ਸੀ। ਜ਼ਬਾਨ ਦੀ ਸਾਂਝ ਦਾ ਮਜ਼ਾ ਹੀ ਹੋਰ ਸੀ।
ਸੱਜਰੀ ਸਹੇਲੀ ਨੇ ਦੱਸਿਆ ਕਿ ਉਸਦਾ ਨਾਂ ਰੂਪਿੰਦਰ ਕੌਰ ਸੀ ਪਰ ਉਸਨੂੰ ਸਾਰੇ ਰੂਪੀ ਕਹਿੰਦੇ ਸਨ। ਜਰਮਨ ਵਾਲੇ ਤਾਂ ਰੂਬੀ ਕਹਿਕੇ ਬਹੁਤੇ ਖੁਸ਼ ਹੁੰਦੇ ਸਨ। ਮੇਮ ਉਸਨੂੰ ਜਿਹੜੇ ਮਰਜ਼ੀ ਨਾਂ ਨਾਲ ਬੁਲਾ ਸਕਦੀ ਸੀ। ਜਰਮਨਾਂ ਨੂੰ ਰੂਬੀ ਕਹਿਣਾ ਵਧੇਰੇ ਚੰਗਾ ਲੱਗਦਾ ਸੀ।
ਵੈਲਰੀ ਨੂੰ ਸਟਾਲ ਦੇ ਮਾਲਕ ਦਾ ਨਾਂ ਰੂਬੀ ਨੇ ਹੀ ਦੱਸਿਆ। ਇਸਤੋਂ ਪਹਿਲਾਂ ਕਦੇ ਪੁੱਛਣ ਦੀ ਲੋੜ ਹੀ ਨਹੀਂ ਸੀ ਪਈ। ਉਸਦਾ ਨਾਂ ਗੁਰਮੁਖ ਸਿੰਘ ਸੀ। ਉਸਨੂੰ ਗੁਰਾ ਵੀ ਕਹਿੰਦੇ ਸਨ ਤੇ ਗੁਰੂ ਵੀ। ਵੈਲਰੀ ਨੇ ਗੁਰੁ ਸ਼ਬਦ ਧਰਮ ਸਿੰਘ ਤੇ ਉਹਦੇ ਸੰਗੀ ਸਾਥੀਆਂ ਕੋਲੋਂ ਅਨੇਕ ਵਾਰ ਸੁਣਿਆ ਸੀ। ਵੈਲਰੀ ਨੇ ਫੈਸਲਾ ਸੁਣਾਇਆ ਕਿ ਉਹ ਉਸਨੂੰ ਗੁਰੂ ਕਹਿਣਾ ਪਸੰਦ ਕਰੇਗੀ।
ਉਹ ਪਹਿਲੀ ਮਿਲਣੀ ਵਿਚ ਹੀ ਇੱਕ ਦੂਜੇ ਦੀਆਂ ਹੋ ਗਈਆਂ ਸਨ। ਰੂਬੀ ਅਪਣੇ ਪਤੀ ਨੂੰ ਦੱਸਕੇ ਵੈਲਰੀ ਨੂੰ ਪਤੀ ਦੀ ਬੇਸਮੈਂਟ ਵਿਚ ਲੈ ਗਈ। ਉਸਨੇ ਵੈਲਰੀ ਨੂੰ ਦੱਸਿਆ ਕਿ ਉਸਦੇ ਤਿੰਨ ਪੁੱਤਰ ਸਨ। ਦੋ ਇੰਗਲੈਂਡ ਵਿਚ ਉਸਦੀ ਭਰਜਾਈ ਕੋਲ ਸਨ ਤੇ ਛੋਟੇ ਨੂੰ ਉਹ ਅਪਣੀ ਗੋਦ ਵਿਚ ਬਿਠਾ ਕੇ ਲੈ ਆਈ ਸੀ। ਇਹ ਵੀ ਕਿ ਉਸਦਾ ਪਤੀ ਅਪਣੇ ਬੱਚਿਆਂ ਨੂੰ ਪਾਲਣ ਵਾਸਤੇ ਗ਼ੈਰ ਦੇਸ਼ ਵਿਚ ਬੈਠਾ ਸੀ। ਦੇਸ਼ ਵਿਚ ਉਨ੍ਹਾਂ ਦੀ ਜ਼ਮੀਨ ਏਨੀ ਥੋੜ੍ਹੀ ਸੀ ਕਿ ਉਸਤੋਂ ਤਿੰਨ ਬੱਚਿਆਂ ਦਾ ਖਰਚਾ ਨਿਕਲਣਾ ਮੁਸ਼ਿਕਲ ਸੀ। ਤੇ ਉਹ ਵੀ ਮੁੰਡਿਆਂ ਦਾ। ਮੁੰਡਿਆਂ ਨੂੰ ਚੰਗੀ ਵਿਦਿਆ ਦਿੱਤੇ ਬਿਨਾਂ ਨਹੀਂ ਸੀ ਸਰਦਾ। ਜੇ ਮੁੰਡਿਆਂ ਦੀ ਥਾਂ ਧੀਆਂ ਦੀ ਮਾਂ ਹੁੰਦੀ ਤਾਂ ਥੋੜ੍ਹਾ ਬਹੁਤ ਪੜ੍ਹਾਂ ਕੇ ਤੇ ਵਿਆਹ ਕਰਕੇ ਅਗਲੇ ਘਰ ਤੋਰ ਸਕਦੀ ਸੀ। ਮੁੰਡਿਆਂ ਨੂੰ ਪਬਲਿਕ ਸਕੂਲ ਵਿਚ ਪੜ੍ਹਾਂ ਰਹੀ ਸੀ। ਪਬਲਿਕ ਸਕੂਲਾਂ ਦੇ ਖਰਚੇ ਬਹੁਤ ਸਨ। ਥੋੜ੍ਹੀ ਜ਼ਮੀਨ ਤੋਂ ਪੂਰੇ ਨਹੀਂ ਸੀ ਹੁੰਦੇ।
ਰੂਪਿੰਦਰ ਦੀ ਗੋਦ ਵਾਲਾ ਮੀਨੂੰ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਨ ਵਿਚ ਮਸਤ ਸੀ। ਉਹ ਵੈਲਰੀ ਵੱਲ ਦੇਖ ਕੇ ਹੱਸ ਰਿਹਾ ਸੀ। ਉਸਨੂੰ ਇਹ ਅਮਲ ਵੀ ਚੰਗਾ ਲੱਗ ਰਿਹਾ ਸੀ। ਉਸਨੇ ਕਦੀ ਬੱਚਿਆਂ ਦੀਆਂ ਸ਼ਰਾਰਤਾਂ ਦੇਖੀਆਂ ਹੀ ਨਹੀਂ ਸਨ। ਨਿੱਕੀ ਹੁੰਦੀ ਆਪ ਕੀ ਕਰਦੀ ਸੀ, ਉਹ ਨਹੀਂ ਸੀ ਜਾਣਦੀ। ਅਨਾਥ ਆਸ਼ਰਮ ਦਾ ਜੀਵਨ ਇਹ ਕੁਝ ਜਾਨਣ ਦੀ ਆਗਿਆ ਨਹੀਂ ਸੀ ਦਿੰਦਾ।
ਪਹਿਲੇ ਦਿਨ ਦੀ ਮਿਲਣੀ ਏਨੀ ਹੀ ਕਾਫੀ ਸੀ। ਗੁਰਮੁਖ ਸਿੰਘ ਹਾਲੀ ਵੀ ਘਰ ਨਹੀਂ ਸੀ ਆਇਆ। ਵੈਲਰੀ ਉਸਦੇ ਆਉਣ ਤੋਂ ਪਹਿਲਾਂ ਹੀ ਮੁੜ ਮਿਲਣ ਦਾ ਵਚਨ ਦੇ ਕੇ ਤੁਰ ਗਈ ਸੀ। ਉਸਨੂੰ ਪੈਗ ਲਾਇਆਂ ਦੇਰ ਹੋ ਗਈ ਸੀ। ਉਸਨੂੰ ਅਚਾਨਕ ਹੀ ਪੈਗ ਚੇਤੇ ਆ ਗਿਆ ਸੀ।
ਰੂਬੀ ਦੀ ਗੱਲ ਬਾਤ ਤੋਂ ਵੈਲਰੀ ਨੂੰ ਪਤਾ ਲੱਗਿਆ ਕਿ ਉਹ ਤੇ ਉਸਦਾ ਪਤੀ ਗੁਰਮੁਖ ਕੋਈ ਸੌਖੇ ਨਹੀਂ ਸਨ। ਧਰਮ ਸਿੰਘ ਤੋਂ ਉਸਨੇ ਏਸ਼ੀਆ ਦੇ ਸਭ ਤੋਂ ਵੱਡੇ ਪ੍ਰਚਾਰਕ ਬੁੱਧ ਦਾ ਪ੍ਰਵਚਨ ਸੁਣਿਆ ਹੋਇਆ ਸੀ। ਉਹਦਾ ਕਹਿਣਾ ਸੀ ਕਿ ਦੁਨੀਆ ਦੁੱਖਾਂ ਦਾ ਘਰ ਹੈ। ਇਹਦੇ ਨਾਲੋਂ ਵੱਡਾ ਸੱਚ ਹੋਰ ਕੋਈ ਨਹੀਂ। ਪਰ ਇਸ ਸੱਚ ਨੇ ਉਸਨੂੰ ਪਹਿਲਾਂ ਨਾਲੋਂ ਵੱਧ ਸ਼ਰਾਬ ਪੀਣ ਲਾ ਦਿੱਤਾ ਸੀ।
ਰੂਪਿੰਦਰ ਦੀ ਜਰਮਨੀ ਵਾਲੀ ਠਾਹਰ ਥੋੜ੍ਹ-ਚਿਰੀ ਸੀ। ਉਸਨੇ ਅਪਣੇ ਭਰਾ ਦੀ ਕਾਰ ਵਿਚ ਉਹਦੇ ਨਾਲ ਹੀ ਇੰਗਲੈਂਡ ਪਰਤ ਜਾਣਾ ਸੀ। ਪਰ ਇਸ ਫੇਰੀ ਨੇ ਵੈਲਰੀ ਨੂੰ ਗੁਰਮੁਖ ਸਿੰਘ ਦੇ ਨੇੜੇ ਲੈ ਆਂਦਾ ਸੀ। ਵੈਲਰੀ ਨੂੰ ਪਤੀ ਪਤਨੀ ਦਾ ਸੁਭਾਅ ਪਸੰਦ ਆ ਗਿਆ ਸੀ। ਗੋਦ ਵਾਲੇ ਬਾਲਕ ਦੀਆਂ ਸ਼੍ਰਾਰਤਾਂ ਇਸਤੋਂ ਵੱਧ। ਗੁਰਮੁਖ ਤੇ ਵੈਲਰੀ ਇੱਕ ਦੂਜੇ ਨਾਲ ਘੁਲ ਮਿਲ ਗਏ ਸਨ। ਹੁਣ ਬਹੁਤੀ ਵੇਰ ਵੈਲਰੀ ਉਸਦੇ ਸਟਾਲ ਉਤੇ ਜਾਣ ਦੀ ਥਾਂ ਉਸਦੀ ਬੇਸਮੈਂਟ ਵਿਚ ਹੀ ਉਸਨੂੰ ਮਿਲਦੀ ਸੀ। ਵੈਲਰੀ ਨੂੰ ਪੜ੍ਹਨ ਦਾ ਸ਼ੌਕ ਸੀ ਤੇ ਹੁਣ ਤੱਕ ਗੁਰਮੁਖ ਜਾਣ ਗਿਆ ਸੀ ਕਿ ਉਸਨੂੰ ਕਿਹੜੇ ਰਸਾਲੇ ਤੇ ਕਿਹੜੇ ਨਾਵਲ ਪਸੰਦ ਸਨ। ਉਸਦੀ ਪਸੰਦ ਦੇ ਰਸਾਲੇ ਤੇ ਨਾਵਲ ਉਹ ਅਪਣੇ ਘਰ ਲੈ ਜਾਂਦਾ ਸੀ। ਅਪਣੇ ਪੜ੍ਹਨ ਲਈ ਨਹੀਂ ਵੈਲਰੀ ਦੇ ਪੜ੍ਹਨ ਲਈ। ਦੋ ਚਾਰ ਮਿਲਣੀਆਂ ਵਿਚ ਗੁਰਮੁਖ ਸਿੰਘ ਨੂੰ ਵੈਲਰੀ ਦੀ ਸਾਰੀ ਕਹਾਣੀ ਦਾ ਪਤਾ ਲੱਗ ਗਿਆ।
ਇਨ੍ਹਾਂ ਮਿਲਣੀਆਂ ਦੌਰਾਨ ਗੁਰਮੁਖ ਸਿੰਘ ਨੂੰ ਇੱਕ ਕਮਾਲ ਦਾ ਫੁਰਨਾ ਫੁਰਿਆ। ਉਸਨੇ ਵੈਲਰੀ ਨਾਲ ਵਿਆਹ ਕਰਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਜੇ ਉਹ ਵੈਲਰੀ ਦਾ ਪਤੀ ਹੋ ਜਾਂਦਾ ਸੀ ਤਾਂ ਉਸਨੂੰ ਜਰਮਨੀ ਦੀ ਨਾਗਰਿਕਤਾ ਮਿਲ ਜਾਣੀ ਸੀ। ਜਰਮਨੀ ਦਾ ਨਾਗਰਿਕ ਹੋ ਕੇ ਉਹ ਅਪਣੇ ਬੱਚਿਆਂ ਨੂੰ ਜਰਮਨੀ ਬੁਲਾ ਸਕਦਾ ਸੀ। ਕਿਸੇ ਨੂੰ ਬੇਕਾਨੂੰਨਾ ਲੰਘਣ ਦੀ ਲੋੜ ਨਹੀਂ ਸੀ ਰਹਿੰਦੀ।
ਗੁਰਮੁਖ ਸਿੰਘ ਜਾਣਦਾ ਸੀ ਕਿ ਦਾਰੂ ਨੇ ਵੈਲਰੀ ਦੀ ਮਨੋਸ਼ਕਤੀ ਬਹੁਤ ਕਮਜ਼ੋਰ ਕਰ ਛੱਡੀ ਹੈ। ਇਸ ਕਮਜ਼ੋਰੀ ਨੇ ਉਸਨੂੰ ਤਾਲੋਂ ਬੇਤਾਲ ਕਰ ਛੱਡਿਆ ਹੈ। ਉਹ ਸਦਾ ਕਿਸੇ ਨਾ ਕਿਸੇ ਟੇਕ ਦੀ ਭਾਲ ਵਿਚ ਰਹਿੰਦੀ ਹੈ। ਨਿੱਕੀਆਂ ਵੱਡੀਆਂ ਟੇਕਾਂ ਤੇ ਸ਼ਰਨਾਂ ਦਾ ਜੀਵਨ ਉਸਦੇ ਅਨਾਥ ਆਸ਼ਰਮ ਤੋਂ ਨਿਕਲਦੇ ਸਾਰ ਆਰੰਭ ਹੋ ਗਿਆ ਸੀ। ਸਭ ਤੋਂ ਪਹਿਲੀ ਸ਼ਰਨ ਅਖੌਤੀ ਚਾਚੇ ਤੋਂ ਮਿਲੀ ਸੀ। ਉਸਤੋਂ ਅਗਲੀ ਖ਼ੁਰਸ਼ੀਦ ਤੋਂ। ਦੋਵੇਂ ਰਾਸ ਨਹੀਂ ਸੀ ਆਈਆਂ ਤਾਂ ਉਸਨੇ ਬਿਰਧ ਆਸ਼ਰਮ ਵਿਚ ਨੌਕਰੀ ਕਰ ਲਈ ਸੀ ਜਿਸਨੂੰ ਉਹ ਦਿਲੋਂ ਨਫਰਤ ਕਰਦੀ ਸੀ। ਹਰ ਵੇਲੇ ਬੁੱਢਿਆਂ ਦਾ ਗੰਦ ਸਾਫ ਕਰਨਾ ਵੀ ਕੋਈ ਜੀਵਨ ਸੀ। ਉਹ ਜਵਾਨ ਸੀ ਤੇ ਜਵਾਨਾਂ ਵਾਂਗ ਜੀਉਣਾ ਚਾਹੁੰਦੀ ਸੀ। ਕੁਝ ਏਸੇ ਤਰ੍ਹਾਂ ਦੀ ਅਵਸਥਾ ਵਿਚ ਉਹ ਅਪਣੀ ਕਿਸਮਤ ਦੀ ਡੋਰੀ ਧਰਮ ਸਿੰਘ ਨੂੰ ਫੜਾ ਬੈਠੀ ਸੀ। ਗੁਰਮੁਖ ਸਿੰਘ ਨੂੰ ਇਸ ਪਿਛੋਕੜ ਬਾਰੇ ਵੀ ਗਿਆਨ ਹੋ ਚੁੱਕਾ ਸੀ। ਉਹ ਦੂਰੋਂ ਨੇੜਿਉਂ ਧਰਮ ਸਿੰਘ ਨੂੰ ਜਾਣਦਾ ਸੀ। ਦੋਵੇਂ ਪੰਜਾਬ ਦੇ ਦੁਆਬਾ ਖੇਤਰ ਤੋਂ ਸਨ।
ਉਹ ਜਾਣ ਗਿਆ ਸੀ ਵੈਲਰੀ ਆਸਰੇ ਲੱਭਦੀ ਫਿਰਦੀ ਸੀ। ਉਹ ਧਰਮ ਸਿੰਘ ਪਿੱਛੇ ਵੀ ਆਸਰਾ ਲੈਣ ਹੀ ਤੁਰੀ ਸੀ। ਉਸਦੀ ਮਨੋਸ਼ਕਤੀ ਏਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਸਨੂੰ ਜ਼ਰਾ ਜਿੰਨੀ ਆਸ ਵੀ ਬਹੁਤ ਵੱਡੀ ਲੱਗਣ ਲੱਗ ਪੈਂਦੀ। ਉਹ ਡੁੱਬ ਰਹੀ ਸੀ ਤੇ ਡੁੱਬਦੇ ਲਈ ਤਿਣਕੇ ਦਾ ਸਹਾਰਾ ਵੀ ਕਾਫੀ ਹੁੰਦਾ ਹੈ। ਉਸਨੂੰ ਗੁਰਮੁਖ ਸਿੰਘ ਦਾ ਪਰਵਾਰ ਵੀ ਆਪਣਾ ਲੱਗਣ ਲੱਗ ਪਿਆ ਸੀ। ਉਸਦੀ ਬੀਵੀ ਤੇ ਉਸਦੇ ਬੱਚਿਆਂ ਸਮੇਤ।
ਏਧਰ ਰੂਬੀ ਨੂੰ ਸਮਝਾਉਣਾ ਬਿਲਕੁਲ ਹੀ ਸੌਖਾ ਸੀ। ਉਹ ਵੈਲਰੀ ਦੇ ਦੁੱਖਾਂ ਨੂੰ ਜਾਣ ਚੁੱਕੀ ਸੀ। ਉਹ ਇਸਤ੍ਰੀ ਸੀ ਤੇ ਇਸਤ੍ਰੀ ਮਨ ਦੀ ਰਮਜ਼ ਪਛਾਣਦੀ ਸੀ। ਉਂਝ ਵੀ ਵੈਲਰੀ ਕਬਜ਼ਾ ਕਰਨ ਵਾਲੀ ਔਰਤ ਨਹੀਂ ਸੀ। ਉਸਨੂੰ ਗੁਰਮੁਖ ਦੇ ਮਰਦਊਪੁਣੇ ਨਾਲੋਂ ਉਸਦੇ ਨਿੱਘ ਤੇ ਅਪਣਤ ਦੀ ਲੋੜ ਸੀ। ਵੈਲਰੀ ਵਲੋਂ ਇਸ਼ਾਰਾ ਮਿਲਦੇ ਸਾਰ ਉਸਨੇ ਗੁਰਮੁਖ ਤੋਂ ਕਾਨੂੰਨੀ ਤੌਰ ‘ਤੇ ਜੁਦਾ ਹੋਣਾ ਮੰਨ ਲਿਆ ਸੀ।
ਜਿਹੜਾ ਥੋੜ੍ਹਾ ਬਹੁਤ ਸ਼ੰਕਾ ਉਸਦੇ ਮਨ ਵਿਚ ਸੀ ਉਹ ਗੁਰਮੁਖ ਨੂੰ ਇਹ ਕਹਿ ਕੇ ਦੂਰ ਕਰ ਦਿੱਤਾ ਸੀ ਕਿ ਉਹ ਤਲਾਕ ਲੈਂਦੇ ਸਮੇਂ ਗੁਰਮੁਖ ਸਿੰਘ ਦੇ ਪਿੰਡ ਵਾਲੀ ਜ਼ਮੀਨ ਬਦਲੇ ਵਿਚ ਮੰਗ ਸਕਦੀ ਸੀ। ਇਹ ਸੌਦਾ ਘਾਟੇ ਵਾਲਾ ਨਹੀਂ ਸੀ। ਭਾਵੇਂ ਹੁਣ ਵੀ ਜ਼ਮੀਨ ਉਸਦੀ ਸੀ ਪਰ ਸਮਝੌਤੇ ਵਿਚ ਇਹ ਸ਼ਰਤ ਦਰਜ ਕੀਤਿਆਂ ਉਹ ਕਾਨੂੰਨੀ ਤੌਰ ‘ਤੇ ਜ਼ਮੀਨ ਦੀ ਮਾਲਕ ਹੋ ਸਕਦੀ ਸੀ। ਭੂਮੀ ਲੋਹੇ ਦਾ ਸੰਦੂਕ ਹੁੰਦੀ ਹੈ,ਰੂਪਿੰਦਰ ਦਾ ਪਿਤਾ ਕਹਿੰਦਾ ਹੁੰਦਾ ਸੀ। ਨਾਂ ਸਿਉਂਕ ਨਾ ਕੀੜਾ।ਉਸਨੇ ਲੋਹੇ ਦੇ ਸੰਦੂਕ ਬਦਲੇ ਤਲਾਕ ਦੇਣਾ ਮੰਨ ਲੈਣਾ ਸੀ।
ਸਕੀਮ ਚੰਗੀ ਸੀ। ਗੁਰਮੁਖ ਸਿੰਘ ਨੇ ਰੂਪਿੰਦਰ ਨੂੰ ਤਲਾਕ ਦੇ ਕੇ ਵੈਲਰੀ ਨਾਲ ਸ਼ਾਦੀ ਕਰਨ ਦੇ ਕਾਗਜ਼ ਭਰ ਦੇਣੇ ਸਨ। ਸ਼ਾਦੀ ਦੇ ਪਿਛੋਂ ਵੈਲਰੀ ਨੇ ਅਪਣੀ ਉਮਰ ਤੇ ਪਿਛੋਕੜ ਦੱਸਕੇ ਅਪਣੇ ਆਪ ਨੂੰ ਬਾਂਝ ਸਾਬਤ ਕਰ ਦੇਣਾ ਸੀ। ਬਾਂਝ ਔਰਤ ਕਿਸੇ ਵੀ ਬੱਚੇ ਨੂੰ ਗੋਦ ਲੈ ਸਕਦੀ ਸੀ। ਰੂਪਿੰਦਰ ਦੇ ਬੱਚੇ ਮੀਨੂੰ ਜਾਂ ਕਿਸੇ ਨੂੰ ਵੀ। ਮੀਨੂੰ ਤਾਂ ਉਸਨੂੰ ਚੰਗਾ ਹੀ ਬੜਾ ਲਗਦਾ ਸੀ।
ਵਿਉਂਤ ਅਨੁਸਾਰ ਗੁਰਮੁਖ ਨਾਲ ਸ਼ਾਦੀ ਕਰਨ ਉਪਰੰਤ ਵੈਲਰੀ ਨੇ ਅਰਜ਼ੀ ਪਾ ਦਿੱਤੀ ਕਿ ਉਹ ਬਾਂਝ ਔਰਤ ਸੀ ਤੇ ਉਸਦੇ ਬੱਚਾ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ। ਇਸ ਆਧਾਰ ਉਤੇ ਉਸਨੂੰ ਬੱਚਾ ਗੋਦ ਲੈਣ ਦੀ ਆਗਿਆ ਮਿਲਣੀ ਚਾਹੀਦੀ ਸੀ।
ਇਹ ਵੀ ਕਿ ਪਰਿਵਾਰਕ ਰਹੱਸ ਬਣਿਆ ਰੱਖਣ ਲਈ ਜੇ ਉਹ ਅਪਣੇ ਨਵੇਂ ਪਤੀ ਦਾ ਅਪਣਾ ਖੂਨ ਗੋਦ ਲੈਂਦੀ ਸੀ ਤਾਂ ਇਸ ਨਾਲ ਦੋਹਾਂ ਦੇ ਜੀਵਨ ਵਿਚ ਖੇੜਾ ਆਉਣ ਦੀ ਸੰਭਾਵਨਾ ਸੀ। ਸੁਖੀਆ ਬੰਦਾ ਸਮਾਜ ਦੀ ਉਸਾਰੀ ਵਿਚ ਚੰਗਾ ਹਿੱਸਾ ਪਾ ਸਕਦਾ ਸੀ। ਗੁਰਮੁਖ ਦਾ ਸਭ ਤੋਂ ਛੋਟਾ ਮੁੰਡਾ ਗੋਦ ਲਿਆਂ ਉਸਦੀ ਅਪਣੀ ਗੋਦ ਤਾਂ ਹਰੀ ਹੁੰਦੀ ਹੀ ਸੀ ਜਰਮਨ ਸਮਾਜ ਤੇ ਭਾਈਚਾਰੇ ਦੀ ਗੋਦ ਵੀ ਹਰੀ ਹੁੰਦੀ ਸੀ। ਜਰਮਨ ਸਰਕਾਰ ਨੂੰ ਇਹ ਸੁਝਾਉ ਖੁਸ਼ੀ ਖੁਸ਼ੀ ਪ੍ਰਵਾਨ ਕਰ ਲੈਣਾ ਚਾਹੀਦਾ ਸੀ। ਵੈਲਰੀ ਦੇ ਵਕੀਲ ਨੇ ਨੁਕਤਾ ਫੜਿਆ ਸੀ।
ਉਸਦੀ ਤਜ਼ਵੀਜ਼ ਮੰਨ ਲਈ ਗਈ ਤੇ ਗੁਰਮੁਖ ਦਾ ਨਿੱਕਾ ਪੁੱਤਰ ਮੀਨੂੰ ਜਰਮਨੀ ਪਹੁੰਚ ਗਿਆ। ਉਸਦੇ ਜਰਮਨ ਪਹੁੰਚਣ ਦਾ ਖਰਚਾ ਵੀ ਵੈਲਰੀ ਨੇ ਕੀਤਾ ਸੀ। ਉਸਨੂੰ ਮੀਨੂੰ ਪਿਆਰਾ ਲਗਦਾ ਸੀ। ਉਸਨੂੰ ਮੀਨੂੰ ਦੀਆਂ ਬੇਸਮੈਂਟ ਵਾਲੀਆਂ ਸ਼ਰਾਰਤਾਂ ਕਲ੍ਹ ਵਾਂਗ ਚੇਤੇ ਸਨ।
ਵੈਲਰੀ ਖੁਸ਼ ਸੀ ਉਹ ਮੀਨੂੰ ਦੇ ਉਹ ਸਾਰੇ ਚਾਅ ਪੂਰੇ ਕਰ ਸਕੇਗੀ ਜਿਹੜੇ ਉਸਦੇ ਅਪਣੇ ਬਚਪਨ ਵਿਚ ਪੂਰੇ ਨਹੀਂ ਸੀ ਹੋਏ। ਇਸ ਤਰ੍ਹਾ ਉਹ ਅਪਣਾ ਜੀਵਨ ਨਵੇਂ ਸਿਰਿਉਂ ਸ਼ੁਰੂ ਕਰ ਸਕੇਗੀ।
ਇਕ ਹੀ ਜਵਿਨ ਵਿਚ ਦੋ ਜੀਵਨ ਜੀਊਣ ਦਾ ਮੌਕਾ ਕਿਸ ਨੂੰ ਮਿਲਦਾ ਹੈ। ਜੇ ਨਵਾਂ ਜੀਵਨ ਪਹਿਲਾਂ ਨਾਲੋਂ ਖੁਸ਼ੀਆਂ ਭਰਿਆ ਹੋਵੇ ਤਾਂ ਇਹਦੇ ਵਰਗੀ ਤਾਂ ਰੀਸ ਹੀ ਕੋਈ ਨਹੀਂ।
ਪਰ ਮੀਨੂੰ ਦਾ ਵੈਲਰੀ ਨੂੰ ਮਾਂ ਸਮਝਣਾ ਸੌਖਾ ਨਹੀਂ ਸੀ। ਉਹ ਅਪਣੇ ਦੋ ਭਰਾਵਾਂ ਕੋਲੋਂ ਜੁਦਾ ਹੋ ਗਿਆ ਸੀ। ਉਸਦੀ ਅਸਲੀ ਮਾਂ ਵੀ ਉਹਦੇ ਕੋਲੋਂ ਗੁਆਚ ਗਈ ਸੀ। ਵੈਲਰੀ ਦਾ ਬੇਟਾ ਹੋ ਕੇ ਉਹਨੇ ਕੀ ਖੱਟਿਆ ਸੀ।
ਉਹ ਅਪਣੇ ਭਰਾਵਾਂ ਕੋਲ ਪਰਤ ਜਾਣਾ ਚਾਹੁੰਦਾ ਸੀ। ਉਸਨੇ ਵੈਲਰੀ ਤੇ ਗੁਰਮੁਖ ਦੇ ਨੱਕ ਵਿਚ ਦਮ ਕਰ ਦਿੱਤਾ। ਮੀਨੂੰ ਦਾ ਵਾਪਸ ਪੰਜਾਬ ਜਾਣਾ ਕਿਸੇ ਨੂੰ ਵੀ ਪਸੰਦ ਨਹੀਂ ਸੀ। ਭਾਈਆਂ ਲਈ ਉਹ ਮਤ੍ਰੇਆ ਭਰਾ ਹੋ ਚੁੱਕਾ ਸੀ ਤੇ ਮਾਂ ਲਈ ਸੌਂਕਣ ਦਾ ਪੁੱਤ।
ਹੁਣ ਇੱਕ ਹੀ ਰਸਤਾ ਦਿਖਾਈ ਦਿੰਦਾ ਸੀ ਕਿ ਮੀਨੂੰ ਦੀ ਸਾਂਭ ਸੰਭਾਲ ਤੇ ਵਿਕਾਸ ਨੂੰ ਸਾਵਾਂ ਰੱਖਣ ਲਈ ਉਸਦੇ ਦੂਜੇ ਭਰਾਵਾਂ ਨੂੰ ਵੀ ਜਰਮਨ ਲਿਆਂਦਾ ਜਾਂਦਾ। ਤਰੀਕਾ ਉਹੀਉ ਸੀ ਕਿ ਇਸ ਵਾਰੀ ਵੈਲਰੀ ਇਨ੍ਹਾਂ ਦੋਹਾਂ ਨੂੰ ਵੀ ਗੋਦ ਲੈਣ ਦੇ ਕਾਗਜ਼ ਭਰੇ।
ਵੈਲਰੀ ਦੇ ਵਕੀਲ ਨੇ ਪਹਿਲਾਂ ਵਾਲੀ ਹੀ ਦਲੀਲ ਦਿੱਤੀ ਸੀ। ਉਹ ਇਹ ਕਿ ਇੱਕ ਰੋਗੀ ਬੱਚਾ ਸਮਾਜ ਉਤੇ ਭਾਰ ਸੀ ਤੇ ਤਿੰਨ ਤੰਦਰੁਸਤ ਬੱਚੇ ਸਮਾਜ ਅਤੇ ਸਭਿਆਚਾਰ ਦੀ ਉਸਾਰੀ ਵਿਚ ਬਹੁਤ ਹੀ ਚੰਗਾ ਹਿੱਸਾ ਪਾ ਸਕਦੇ ਸਨ।
ਦਲੀਲ ਮੰਨਣ ਵਾਲੀ ਸੀ । ਮੰਨ ਲਈ ਗਈ।
ਏਨਾ ਕੁਝ ਕੀਤਿਆਂ ਵੀ ਵੈਲਰੀ ਕਰੀਨਾ ਦੇ ਦੁੱਖ ਥੋੜ੍ਹੇ ਨਹੀਂ ਸੀ ਹੋਏ। ਤਿੰਨੇ ਭਰਾ ਇਕੱਠੇ ਹੋ ਗਏ। ਤਿੰਨੇ ਆਪੋ ਵਿਚ ਲੜਦੇ ਰਹਿੰਦੇ। ਉਹ ਲੜਨੋਂ ਬਾਜ ਨਹੀਂ ਸਨ ਆਉਂਦੇ। ਜੇ ਸਾਰਿਆਂ ਦੀ ਸੁਰ ਇੱਕ ਹੁੰਦੀ ਸੀ ਤਾਂ ਕੇਵਲ ਇੱਕ ਸ਼ਰਤ ਉਤੇ ਕਿ ਉਨ੍ਹਾਂ ਦੀ ਮਾਂ ਨੂੰ ਜਰਮਨ ਸੱਦਿਆ ਜਾਵੇ। ਅਸਲੀ ਮਾਂ ਅਸਲੀ ਹੁੰਦੀ ਹੈ। ਵੱਡੇ ਭਰਾਵਾਂ ਨੇ ਛੋਟੇ ਨੂੰ ਵੀ ਅਪਣੇ ਨਾਲ ਰਲਾ ਲਿਆ ਸੀ।
ਇਸ ਵੇਲੇ ਤੱਕ ਵੈਲਰੀ ਦੀ ਮਾਨਸਿਕ ਅਵਸਥਾ ਏਨੀ ਉਲਝ ਚੁੱਕੀ ਸੀ ਕਿ ਉਹ ਅਪਣੇ ਮਨ ਦੀ ਅਵਸਥਾ ਕਾਇਮ ਰੱਖਣ ਲਈ ਕੁਝ ਵੀ ਕਰਨ ਲਈ ਤਿਆਰ ਸੀ। ਦਾਰੂ ਵੀ ਉਸਦਾ ਸਾਥ ਨਹੀਂ ਸੀ ਦੇ ਰਹੀ। ਦਾਰੂ ਨੇ ਉਸਦੀ ਮਨੋਸ਼ਕਤੀ ਉੱਕਾ ਹੀ ਤਬਾਹ ਕਰ ਦਿੱਤੀ ਸੀ। ਉਸਂਨੂੰ ਗੁਰਮੁਖ ਸਿੰਘ ਤੋਂ ਬਿਨਾਂ ਕੋਈ ਵੀ ਅਪਣਾ ਨਹੀਂ ਸੀ ਲਗਦਾ। ਫੇਰ ਉਸਨੇ ਇਹ ਵੀ ਨੋਟ ਕੀਤਾ ਸੀ ਕਿ ਹੁਣ ਗੁਰਮੁਖ ਦੇ ਬੱਚੇ ਵੀ ਖੁਸ਼ ਨਹੀਂ ਸਨ। ਉਹ ਪਹਿਲਾਂ ਵਾਂਗ ਸ਼ਰਾਰਤਾਂ ਨਹੀਂ ਸਨ ਕਰਦੇ। ਨਿੱਕੇ ਮੀਨੂੰ ਦਾ ਮੀਨੂੰਪੁਣਾ ਵੀ ਖਤਮ ਹੋ ਗਿਆ ਸੀ।
ਅਨਾਥ ਆਸ਼ਰਮ ਵਿਚ ਪਲੀ ਹੋਣ ਕਾਰਨ ਉਹ ਬੁਝੇ ਹੋਏ ਮਨਾਂ ਦੀਆਂ ਘੁੰਡੀਆਂ ਸਮਝਦੀ ਸੀ।। ਅਪਣੀ ਬਿਰਧ ਆਸ਼ਰਮ ਦੀ ਨੌਕਰੀ ਸਮੇਂ ਉਸਨੇ ਪਰਿਵਾਰ ਤੋਂ ਟੁੱਟੇ ਮਾਪਿਆਂ ਦੇ ਦੁੱਖ ਦੇਖੇ ਸਨ। ਉਸਨੂੰ ਏਸ ਨਤੀਜੇ ‘ਤੇ ਪਹੁੰਚਿਆਂ ਦੇਰ ਨਹੀਂ ਲੱਗੀ ਸੀ ਕਿ ਬੱਚਿਆਂ ਦਾ ਅਸਲੀ ਮਾਂ ਨਾਲ ਮੇਲ ਜੋਲ ਬਹੁਤ ਜ਼ਰੂਰੀ ਹੈ। ਪਰ ਕਾਨੂੰਨ ਦੀ ਨਜ਼ਰ ਵਿਚ ਉਹ ਨਾ ਹੀ ਬੱਚਿਆਂ ਦੀ ਮਾਂ ਰਹੀ ਸੀ ਤੇ ਨਾ ਹੀ ਉਨ੍ਹਾਂ ਦੇ ਪਿਤਾ ਦੀ ਪਤਨੀ। ਉਹਦੇ ਲਈ ਗੋਦ ਲਏ ਬੱਚਿਆਂ ਨੂੰ ਬੇਦਖਲ ਕਰਨਾ ਵੀ ਸੌਖਾ ਨਹੀਂ ਸੀ। ਵਾਰ ਵਾਰ ਪੰਜਾਬ ਭੇਜਣਾ ਵੀ ਖੇਲ੍ਹ ਨਹੀਂ ਸੀ। ਖਰਚੇ ਦਾ ਅੰਤ ਨਹੀਂ ਸੀ। ਬੱਚਿਆਂ ਦੀ ਪੜ੍ਹਾਈ ਆਦਿ ਵਿਚ ਵਿਘਨ ਪੈਂਦਾ ਸੀ। ਉਹ ਕਰੇ ਤਾਂ ਕੀ ਕਰੇ ਉਸਨੂੰ ਇਹ ਸਮਝ ਨਹੀਂ ਸੀ ਆ ਰਹੀ।
ਗੁਰਮੁਖ ਸਿੰਘ ਦੇ ਪਹਿਲੇ ਤੇ ਅਸਲੀ ਪਰਿਵਾਰ ਨੂੰ ਇਕੱਠਿਆਂ ਕਰਨ ਲਈ ਵੈਲਰੀ ਨੂੰ ਗੁਰਮੁਖ ਸਿੰਘ ਤੋਂ ਤਲਾਕ ਲੈਣਾ ਪੈਂਦਾ ਸੀ। ਕਾਨੂੰਨ ਇਸਦੀ ਆਗਿਆ ਦਿੰਦਾ ਸੀ। ਵਿਵਾਹਿਤ ਰਿਸ਼ਤੇ ਨਿੱਤ ਬਣਦੇ ਤੇ ਨਿੱਤ ਵਿਗੜਦੇ ਸਨ। ਪਰ ਵੈਲਰੀ ਨੂੰ ਬਿਲਕੁਲ ਇਕੱਲੀ ਰਹਿ ਜਾਣ ਦਾ ਡਰ ਖਾ ਰਿਹਾ ਸੀ। ਜੇ ਉਹ ਇਸ ਪਰਿਵਾਰ ਨਾਲੋਂ ਟੁੱਟਦੀ ਸੀ ਤਾਂ ਉਸਦੀ ਦੇਖ ਭਾਲ ਕਿਸਨੇ ਕਰਨੀ ਸੀ। ਉਸਨੂੰ ਪੈਗ ਪਾ ਕੇ ਦੇਣ ਵਾਲਾ ਵੀ ਕਿਸੇ ਨਹੀਂ ਸੀ ਹੋਣਾ। ਉਹ ਦਾਰੂ ਤੋਂ ਬਿਨਾ ਰਹਿ ਨਹੀਂ ਸੀ ਸਕਦੀ। ਬੋਤਲ ਵਿਚ ਉਸਦੀ ਜਾਨ ਸੀ।
ਉਸਨੂੰ ਦਾਰੂ ਉਤੇ ਇਸ ਤਰ੍ਹਾਂ ਦੀ ਨਿਰਭਰਤਾ ਪਸੰਦ ਨਹੀਂ ਸੀ ਪਰ ਉਹਦੇ ਲਈ ਇਸ ਕਮਜ਼ੋਰੀ ਵਿਚੋਂ ਨਿਕਲਣਾ ਵੀ ਸੌਖਾ ਨਹੀਂ ਸੀ। ਉਸਦਾ ਮਨੋਬਲ ਖ਼ਤਮ ਹੋ ਚੁੱਕਾ ਸੀ। ਉਸਦੀ ਇਸ ਕਮਜ਼ੋਰੀ ਤੋਂ ਗੁਰਮੁਖ ਸਿੰਘ ਭਲੀਭਾਂਤ ਜਾਣੂ ਸੀ ਤੇ ਇਹ ਗੱਲ ਰੂਪਿੰਦਰ ਤੱਕ ਵੀ ਪਹੁੰਚ ਚੁੱਕੀ ਸੀ।
ਏਸ ਵੇਲੇ ਤੱਕ ਉਸਨੂੰ ਬੜਾ ਹੌਸਲਾ ਸੀ। ਭਾਵੇਂ ਬੱਚੇ ਉਸਨੂੰ ਲੋੜੀਂਦਾ ਪਿਆਰ ਨਹੀਂ ਸਨ ਦਿੰਦੇ ਪਰ ਗੁਰਮੁਖ ਉਹਦੇ ਦਮਾਂ ਦਾ ਸਾਥੀ ਸੀ। ਇਹ ਗੁਰਮੁਖ ਹੀ ਸੀ ਜਿਸਨੇ ਵੈਲਰੀ ਨੂੰ ਬਾਜ਼ਾਰ ਤੋਂ ਸ਼ਰਾਬ ਲਿਆਉਣ ਦੇ ਮਾਮਲੇ ਵਿਚ ਸੁਰਖਰੂ ਕੀਤਾ ਸੀ। ਉਹ ਜਦੋਂ ਵੀ ਮਾਰਕਿਟ ਜਾਂਦੀ ਸੀ ਉਸਨੇ ਵਾਈਨ ਦੀ ਪੇਟੀ ਚੁੱਕਕੇ ਲਿਆਉਣੀ ਹੁੰਦੀ ਸੀ। ਬੱਚੇ ਇਹ ਕੰਮ ਕਰਨਾ ਨਹੀਂ ਸੀ ਮੰਨਦੇ। ਗੁਰਮੁਖ ਸਿੰਘ ਨੇ ਵੈਲਰੀ ਲਈ ਨਵਾਰ ਦੀਆਂ ਪੇਟੀਆਂ ਸਿਉਂ ਕੇ ਅਜਿਹਾ ਜੁਗਾੜ ਬਣਾ ਦਿੱਤਾ ਸੀ ਜਿਸ ਰਾਹੀਂ ਵਾਈਨ ਦੀ ਪੇਟੀ ਅਪਣੀ ਪਿੱਠ ਉਤੇ ਟਿਕਾਕੇ ਵੈਲਰੀ ਆਰਾਮ ਨਾਲ ਤੁਰਦੀ ਮਾਰਕਿਟ ਤੋਂ ਘਰ ਆ ਜਾਂਦੀ ਸੀ। ਕੇਵਲ ਮਾਰਕਿਟ ਨੂੰ ਤੁਰਨ ਵੇਲੇ ਵਾਈਨ ਦੀ ਛੋਟੀ ਬੋਤਲ ਪੀਣੀ ਹੁੰਦੀ ਸੀ। ਅਜਿਹਾ ਕੀਤਿਆਂ ਉਸਦੇ ਪੈਰ ਨਹੀਂ ਸਨ ਡਗਮਗਾਉਂਦੇ। ਜੇ ਉਹ ਚਾਹੁੰਦੀ ਤਾਂ ਇੱਕ ਹੀ ਫੇਰੇ ਵਿਚ ਦੋ ਪੇਟੀਆਂ ਵੀ ਲਿਆ ਸਕਦੀ ਸੀ। ਪਰ ਉਹ ਇੰਝ ਨਹੀਂ ਸੀ ਕਰਦੀ। ਉਸਨੂੰ ਮਾਰਕਿਟ ਜਾਣਾ ਚੰਗਾ ਲੱਗਦਾ ਸੀ। ਏਨੇ ਨਾਲ ਉਹ ਬਾਹਰਲੀ ਦੁਨੀਆ ਨਾਲ ਜੁੜੀ ਰਹਿੰਦੀ ਸੀ। ਬੰਦੇ ਦਾ ਬਾਹਰ ਨਾਲ ਨਾਤਾ ਨਾ ਰਹੇ ਤਾਂ ਉਹ ਖ਼ਤਮ ਹੋ ਜਾਂਦਾ ਹੈ, ਉਸਦੀ ਧਾਰਨਾ ਸੀ।
ਰੂਪਿੰਦਰ ਨੂੰ ਉਹਦਾ ਦਾਰੂ ਦੀ ਗ਼ੁਲਾਮ ਹੋਣਾ ਚੰਗਾ ਨਹੀਂ ਸੀ ਲਗਦਾ। ਪਰ ਉਹ ਦਾਰੂ ਨਹੀਂ ਸੀ ਛੱਡ ਸਕਦੀ। ਗੁਰਮੁਖ ਦੇ ਸਮਝਾਉਣ ਦਾ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਮਨੋਵਿਗਆਨ ਦੇ ਡਾਕਟਰ ਦਾ ਵੀ ਨਹੀਂ।
ਵੈਲਰੀ ਨੇ ਏਸ ਅਮਲ ਤੋਂ ਕੀ ਖੱਟਿਆ ਸੀ। ਉਹ ਦੋ ਵਾਰੀ ਘਰ ਦੀਆਂ ਪੌੜੀਆਂ ਵਿਚੋਂ ਡਿਗਕੇ ਦੰਦ ਤੇ ਨੱਕ ਤੁੜਾ ਚੁੱਕੀ ਸੀ। ਉਸਦਾ ਨੱਕ ਟੇਢਾ ਹੋ ਗਿਆ ਸੀ। ਉਸਨੂੰ ਦੰਦ ਨਵੇਂ ਲਗਵਾਉਣੇ ਪਏ ਸਨ। ਖਾਣਾ ਖਾਂਦੇ ਸਮੇਂ ਉਸਦੇ ਦੰਦ ਮਚਾਕੇ ਦੀ ਆਵਾਜ਼ ਪੈਦਾ ਕਰਦੇ ਸਨ। ਉਸਨੂੰ ਇਸ ਆਵਾਜ਼ ਨਾਲ ਨਫਰਤ ਸੀ। ਉਸਨੂੰ ਅਪਣੇ ਨੱਕ ਦੀ ਟੇਢੀ ਹੋਈ ਕੋਠੀ ਵੀ ਚੰਗੀ ਨਹੀਂ ਸੀ ਲੱਗਦੀ। ਉਸਦਾ ਧਿਆਨ ਅਪਣੇ ਕਰੂਪ ਹੋਏ ਚਿਹਰੇ ਵੱਲ ਜਾਂਦਾ ਸੀ ਤਾਂ ਬੇਚੈਨ ਹੋ ਜਾਂਦੀ ਸੀ। ਬੇਚੈਨੀ ਵਿਚ ਹੋਰ ਦਾਰੂ ਪੀ ਲੈਂਦੀ ਸੀ। ਕੁਝ ਖਾਣਾ ਹੋਵੇ ਤਾਂ ਮਚਾਕਿਆਂ ਦੀ ਆਵਾਜ਼ ਤੋਂ ਸ਼ਰਮਾਉਂਦੀ ਹਰ ਇੱਕ ਚੀਜ਼ ਕਿਚਨ ਵਿਚ ਜਾ ਕੇ ਖਾਂਦੀ ਸੀ। ਕਿਸੇ ਦੇ ਸਾਹਮਣੇ ਖਾਂਦਿਆਂ ਉਸਨੂੰ ਸੰਗ ਲਗਦੀ ਸੀ। ਏਥੋਂ ਤੱਕ ਕਿ ਨਿੱਕੇ ਬਾਲਕ ਮੀਨੂੰ ਤੋਂ ਵੀ ਸੰਗਦੀ ਸੀ।
ਵੈਲਰੀ ਕਰੀਨਾ ਲਈ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਚੰਡੀਗੜ੍ਹ ਦਾ ਸਫਰ ਨਵਾਂ ਨਹੀਂ ਸੀ। ਉਹ ਇੱਕ ਦਹਾਕਾ ਪਹਿਲਾਂ ਇਹ ਸਫਰ ਧਰਮ ਸਿੰਘ ਦੀ ਸੰਗਤ ਵਿਚ ਕਰ ਚੁੱਕੀ ਸੀ। ਉਦੋਂ ਦਿੱਲੀ ਦੀ ਰਿੰਗ ਰੋਡ ਏਨੀ ਚੌੜੀ ਨਹੀਂ ਸੀ। ਲਾਲ ਬੱਤੀਆਂ ਵਾਲੇ ਚੌਂਕ ਹੁਣ ਨਾਲੋਂ ਬਹੁਤ ਜਿ਼ਆਦਾ ਸਨ। ਓਵਰ ਬ੍ਰਿਜ ਬਣ ਰਹੇ ਸਨ ਤੇ ਮੋਟਰ ਗੱਡੀਆਂ ਵਾਲੇ ਪਿਛਲੀ ਗੱਡੀ ਨੂੰ ਰਾਹ ਨਹੀਂ ਸੀ ਦਿੰਦੇ। ਕਾਰਾਂ ਤੇ ਸਕੂਟਰਾਂ ਦੀ ਪਾਂ ਪਾਂ ਪੀਂ ਪੀਂ ਕੰਨ ਪਾੜਨ ਵਾਲੀ ਸੀ।
ਐਤਕੀਂ ਤਾਂ ਉਸਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਕਦੋਂ ਪਾਨੀਪਤ, ਕਰਨਾਲ ਤੇ ਕੁਰੂਕਸ਼ੇਤਰ ਦੇ ਕੋਲੋਂ ਦੀ ਹੁੰਦੇ ਹੋਏ ਅੰਬਾਲੇ ਆ ਵੜੇ ਸਨ। ਥੋੜ੍ਹਾ ਏਸ ਕਾਰਨ ਵੀ ਕਿ ਰਾਤ ਦਾ ਵੇਲਾ ਸੀ। ਅੰਬਾਲੇ ਪਹੁੰਚਣ ਤੇ ਪਹੁ ਫਟੀ ਸੀ। ਅੰਬਾਲੇ ਤੋਂ ਚੰਡੀਗੜ੍ਹ ਦਾ ਰਸਤਾ ਏਨਾ ਸੌਖਾ ਤਾਂ ਨਹੀਂ ਸੀ ਪਰ ਠੀਕ ਸੀ।
ਰੋਪੜ ਵਿਖੇ ਸਤਲੁਜ ਦਾ ਪੁਲ ਪਾਰ ਕਰਨ ਸਮੇਂ ਉਸਨੂੰ ਧਰਮ ਸਿੰਘ ਚੇਤੇ ਆ ਗਿਆ। ਅੱਜ ਉਹਦੇ ਨਾਲ ਧਰਮ ਸਿੰਘ ਦੀ ਥਾਂ ਗੁਰਮੁਖ ਸਿੰਘ ਸੀ। ਪਹਿਲਾ ਸਫਰ ਸੁਪਨਿਆਂ ਵਾਲਾ ਸੀ। ਇਹ ਵਾਲਾ ਸੁਪਨੇ ਰਹਿਤ ਸੀ। ਧਰਮ ਸਿੰਘ ਉਸਨੂੰ ਦੋਸਤ ਬਣਾ ਕੇ ਲਿਆਇਆ ਸੀ ਤੇ ਗੁਰਮੁਖ ਸਿੰਘ ਦੀ ਉਹ ਪਤਨੀ ਸੀ। ਉਸਦੇ ਬੱਚਿਆਂ ਨੂੰ ਗੋਦ ਲੈ ਚੁੱਕੀ ਮਾਂ ਵੀ। ਜਿ਼ਮੇਵਾਰੀਆਂ ਨਾਲ ਲੱਦੀ ਹੋਈ ਤੇ ਮਾਨਸਿਕ ਗੁੰਝਲਾਂ ਵਿਚ ਉਲਝੀ ਹੋਈ। ਤਾਂ ਵੀ ਉਸਨੂੰ ਰੋਪੜ ਤੋਂ ਬਲਾਚੌਰ ਵਾਲੀ ਸੜਕ ਬਹੁਤ ਪਿਆਰੀ ਲੱਗ ਰਹੀ ਸੀ। ਇਸਦੇ ਦੋਨੋਂ ਪਾਸੇ ਸਫੈਦੇ ਦੇ ਉੱਚੇ ਤੇ ਸਿੱਧੇ ਰੁੱਖ ਮਨ ਦੀ ਉਦਾਸੀ ਚੁੱਕਣ ਵਾਲੇ ਸਨ। ਨਹਿਰ ਦੇ ਕੰਢੇ ਕੰਢੇ ਜਾਣਾ ਨਵੀਂ ਦੁਨੀਆਂ ਦਾ ਲਿਸ਼ਕਾਰਾ। ਖੱਟੀਆਂ ਮਿਠੀਆਂ ਯਾਦਾਂ ਨਾਲ ਭਰਪੂਰ। ਜਰਮਨੀ ਤੋਂ ਤੁਰਨ ਸਮੇਂ ਵੈਲਰੀ ਨੇ ਗੁਰਮੁਖ ਤੋਂ ਧਰਮ ਸਿੰਘ ਦੀ ਭੈਣ ਨੂੰ ਮਿਲਣਾ ਵੀ ਪਰਵਾਨ ਕਰਵਾ ਲਿਆ ਸੀ। ਉਹ ਵੀ ਚੰਗੀ ਔਰਤ ਸੀ।
ਉਹ ਇਸ ਧਰਤੀ ਨੂੰ ਅਪਣਾ ਚੁੱਕੀ ਸੀ। ਖ਼ੁਰਸ਼ੀਦ ਅਹਿਮਦ,ਧਰਮ ਸਿੰਘ ਤੇ ਗੁਰਮੁਖ ਰਾਹੀਂ। ਹੋਰ ਉਸਦੀ ਧਰਤੀ ਹੀ ਕਿਹੜੀ ਸੀ। ਜਰਮਨ ਦੀ ਭੋਂਇ ਤਾਂ ਉਸਨੇ ਅਪਣਾਈ ਹੀ ਨਹੀਂ ਸੀ। ਉਹਦੇ ਲਈ ਉਹ ਭੂਮੀ ਤਾਂ ਅਨਾਥ ਆਸ਼ਰਮਾਂ ਤੇ ਬਿਰਧ ਆਸ਼ਰਮਾਂ ਨਾਲ ਭਰੀ ਪਈ ਸੀ। ਉਸਨੇ ਦੋਵੇਂ ਤਰ੍ਹਾਂ ਦੇ ਆਸ਼ਰਮਾਂ ਦੇ ਦੁੱਖ ਦੇਖੇ ਸਨ।
ਉਹਦੇ ਲਈ ਪੰਜਾਬ ਪੰਜਾਂ ਪਾਣੀਆਂ ਦਾ ਦੇਸ ਸੀ। ਕੀ ਹੋਇਆ ਜੇ ਅੱਧਾ ਪੰਜਾਬ ਖ਼ੁਰਸ਼ੀਦ ਵਾਲਾ ਸੀ ਤੇ ਅੱਧਾ ਉਸਤੋਂ ਪਿਛੋਂ ਮਿਲੇ ਸਾਥਾਂ ਵਾਲਾ। ਉਸਨੇ ਢਾਈ ਪਾਣੀਆਂ ਦੀ ਗੱਲ ਵੀ ਸੁਣੀ ਹੋਈ ਸੀ ਪਰ ਉਹਦੇ ਲਈ ਏਦਾਂ ਦੀਆਂ ਗੱਲਾਂ ਕੋਈ ਅਰਥ ਨਹੀਂ ਸਨ ਰੱਖਦੀਆਂ। ਉਹ ਹੁਣ ਵਿਚ ਜੀਊਣਾ ਚਾਹੁੰਦੀ ਸੀ ਤੇ ਹੁਣ, ਐਨ ਏਸ ਵੇਲੇ, ਉਹ ਨਹਿਰ ਦੇ ਪਾਣੀ ਦੇ ਕੰਢੇ ਕੰਢੇ ਜਾ ਰਹੀ ਸੀ। ਉਹਦਾ ਸਾਥੀ ਵੀ ਮਾੜਾ ਨਹੀਂ ਸੀ। ਦਾੜ੍ਹੀ ਮੁੱਛਾਂ ਤੇ ਪਗੜੀ ਧਾਰੀ ਪੰਜਾਬੀ। ਕੀ ਹੋਇਆ ਜੇ ਉਹ ਵੀ ਗੁੰਝਲਾਂ ਵਿਚ ਫਸਿਆ ਹੋਇਆ ਸੀ। ਦਿਲ ਦਾ ਚੰਗਾ ਸੀ। ਭਲੇ ਵੇਲੇ ਭਲੀ ਔਰਤ ਦਾ ਪਤੀ ਰਹਿ ਚੁੱਕਾ ਸੀ। ਛੇਤੀ ਹੀ ਦੋਨਾਂ ਨੇ ਭਲੀ ਔਰਤ ਦੇ ਟਿਕਾਣੇ ਉਤੇ ਪਹੁੰਚ ਜਾਣਾ ਸੀ।
ਏਸ ਵਾਰੀ ਦੀ ਮੰਜਿ਼ਲ ਰੂਪਿੰਦਰ ਦਾ ਟਿਕਾਣਾ ਸੀ।ਨਵਾਂਸ਼ਹਿਰ ਤੋਂ ਫਿਲੌਰ ਵਾਲੀ ਸੜਕ ਉਤੇ ਪੈਂਦਾ ਔੜ ਅਰਾਪੜ ਨਾਂ ਦਾ ਪਿੰਡ। ਟੈਕਸੀ ਵਾਲੇ ਨੇ ਸਿੱਧਾ ਰਸਤਾ ਚੁਣਿਆ ਸੀ। ਰਾਹੋਂ ਵਾਲਾ। ਸਵਾਰੀਆਂ ਨੂੰ ਖੁਸ਼ ਕਰਨ ਵਾਸਤੇ ਉਹ ਰਾਹੋਂ ਦੀ ਇਤਿਹਾਸਕ ਤੇ ਆਰਥਕ ਮਹੱਤਤਾ ਬਾਰੇ ਵੀ ਦੱਸੀ ਜਾ ਰਿਹਾ ਸੀ। ਏਥੋਂ ਦੀਆਂ ਸੂਤੀ ਕੱਪੜੇ ਦੀਆਂ ਮਿੱਲਾਂ ਬਾਰੇ ਜਿਨ੍ਹਾਂ ਲਈ ਦੇਸ਼ ਵੰਡ ਤੋਂ ਪਹਿਲਾਂ ਕਪਾਹ ਦੀਆਂ ਭਰੀਆਂ ਰੇਲ ਗੱਡੀਆਂ ਧੁਰ ਉਕਾੜਾ ਤੋਂ ਆਉਂਦੀਆਂ ਸਨ। ਇਹ ਵੀ ਕਿ ਫਗਵਾੜਾ ਤੋਂ ਜੇਜੋਂ ਤੱਕ ਜਾਣ ਵਾਲੀ ਇਸ ਗੱਡੀ ਨੇ ਨਵਾਂਸ਼ਹਿਰ ਤੋਂ ਰਾਹੋਂ ਤੇ ਰਾਹੋਂ ਤੋਂ ਨਵਾਂਸ਼ਹਿਰ ਦਾ ਫਾਲਤੂ ਸਫਰ ਕੇਵਲ ਰਾਹੋਂ ਵਾਲਿਆਂ ਦੀ ਸੁਵਿਧਾ ਲਈ ਕਰਨਾ ਹੁੰਦਾ ਸੀ। ਵਸੋਂ ਦੀ ਸੁਵਿਧਾ ਵਾਸਤੇ ਵੀ ਤੇ ਕੱਪੜੇ ਦੇ ਕਾਰਖਾਨਿਆਂ ਲਈ ਵੀ।
ਰਾਹੋਂ ਤੋਂ ਔੜ ਦਾ ਰਾਹ ਧਰਮ ਸਿੰਘ ਦੀ ਸਿੰਬਲੀ ਵਰਗਾ ਹੀ ਸੀ। ਝੋਨੇ ਤੇ ਕਮਾਦਾਂ ਵਾਲਾ। ਹਰੀਆਂ ਫਸਲਾਂ ਤੇ ਹਰੇ ਸਾਥ ਵਾਲਾ। ਉਹ ਗੁਰਮੁਖ ਸਿੰਘ ਨਾਲ ਸਭ ਖੁਸ਼ੀਆਂ ਸਾਂਝੀਆਂ ਕਰ ਰਹੀ ਸੀ। ਧਰਮ ਸਿੰਘ ਨਾਲ ਬਿਤਾਏ ਪਲਾਂ ਨੂੰ ਵੀ। ਗੁਰਮੁਖ ਨੂੰ ਵੈਲਰੀ ਦਾ ਇੰਡੀਆ ਦੇ ਲੋਕਾਂ ਨੂੰ ਯਾਦ ਕਰਨਾ ਚੰਗਾ ਲੱਗ ਰਿਹਾ ਸੀ। ਉਹ ਜਿਸ ਕੰਮ ਲਈ ਵੈਲਰੀ ਨੂੰ ਪੰਜਾਬ ਲੈ ਕੇ ਆਇਆ ਸੀ, ਉਹਦੇ ਲਈ ਵੈਲਰੀ ਦਾ ਤਨੋ ਮਨੋ ਗੁਰਮੁਖ ਦੀ ਧਰਤੀ ਤੇ ਲੋਕਾਂ ਨੂੰ ਪਸੰਦ ਕਰਨਾ ਜ਼ਰੂਰੀ ਸੀ। ਧਰਮ ਸਿੰਘ ਦੀ ਭੈਣ ਨੂੰ ਚੇਤੇ ਕਰਨਾ ਹੋਰ ਵੀ। ਉਸਨੂੰ ਰੂਪਿੰਦਰ ਵਿਚੋਂ ਵੀ ਧਰਮ ਸਿੰਘ ਦੀ ਭੈਣ ਦਿਖਾਈ ਦਿੱਤੀ ਸੀ ਜਿਸਦਾ ਸਦਕਾ ਉਹ ਜਰਮਨੀ ਵਿਚ ਝੰਡਾ ਗੱਡਣ ਦੇ ਯੋਗ ਹੋਇਆ ਸੀ। ਗੁਰਮੁਖ ਸਿੰਘ ਲਈ ਧਰਮ ਸਿੰਘ ਦੀ ਭੈਣ ਦਾ ਘਰ ਘਾਟ ਲੱਭਣਾ ਔਖਾ ਨਹੀਂ ਸੀ। ਸਿੰਬਲੀ ਪਿੰਡ ਤੋਂ ਸਭ ਜਾਣਕਾਰੀ ਮਿਲ ਸਕਦੀ ਸੀ।
ਜੇ ਵੈਲਰੀ ਉਸਨੂੰ ਜਰਮਨੀ ਦਾ ਨਾਗਰਿਕ ਬਣਨ ਵਿਚ ਉਸਦੀ ਮਦਦ ਨਾ ਕਰਦੀ ਤਾਂ ਉਸਦੇ ਤੱਪੜ ਵਿਕ ਜਾਣੇ ਸਨ, ਉਹ ਆਮ ਕਹਿੰਦਾ ਸੀ। ਤੇ ਇਨ੍ਹਾ ਤੱਪੜਾਂ ਦੀ ਸਾਂਭ ਸੰਭਾਲ ਦਾ ਮੁੱਢ ਧਰਮ ਸਿੰਘ ਦੀ ਭੈਣ ਨੇ ਬੱਧਾ ਸੀ ਜਿਸਦੀ ਸੂਰਤ ਉਸਨੂੰ ਰੂਪਿੰਦਰ ਵਿਚੋਂ ਦਿਖਾਈ ਦਿੱਤੀ ਸੀ। ਹੈਮਬਰਗ ਦੇ ਰੇਲਵੇ ਸਟੇਸ਼ਨ ਦੇ ਨੇੜੇ। ਗੁਰਮੁਖ ਸਿੰਘ ਦੇ ਬੁੱਕ ਸਟਾਲ ‘ਤੇ।
ਵੈਲਰੀ ਗੰਨੇ ਦੀ ਫਸਲ ਬਾਰੇ ਬੜੇ ਚਾਅ ਨਾਲ ਦੱਸ ਰਹੀ ਸੀ। ਉਸਨੇ ਇਸ ਫਸਲ ਦੇ ਗੁੜ ਤੋਂ ਬਣੀ ਸ਼ਰਾਬ ਪੀਤੀ ਸੀ। ਜਿਉਂ ਜਿਉਂ ਗੁਰਮੁਖ ਸਿੰਘ ਦਾ ਔੜ ਨੇੜੇ ਆ ਰਿਹਾ ਸੀ ਉਸਦੇ ਮਨ ਵਿਚ ਉਦੋਂ ਦੀ ਪੀਤੀ ਸ਼ਰਾਬ ਦਾ ਨਸ਼ਾ ਚੜ੍ਹ ਰਿਹਾ ਸੀ। ਉਸਨੂੰ ਗੁਰਮੁਖ ਤੋਂ ਪਤਾ ਲੱਗ ਚੁੱਕਾ ਸੀ ਕਿ ਧਰਮ ਸਿੰਘ ਦੀ ਭੈਣ ਦਾ ਪਿੰਡ ਵੀ ਨੇੜੇ ਹੀ ਸੀ। ਔੜ ਤੋਂ ਬੜੇ ਪਿੰਡ ਵੀਹ ਮਿੰਟ ਦਾ ਰਾਹ ਸੀ। ਉਹ ਰੂਪਿੰਦਰ ਤੇ ਧਰਮ ਸਿੰਘ ਦੀ ਭੈਣ ਨੂੰ ਇਕ ਦੂਜੀ ਦੇ ਆਹਮੋ ਸਾਹਮਣੇ ਦੇਖਣ ਦੀ ਚਾਹਵਾਨ ਸੀ।
ਔੜ ਪਹੁੰਚਣ ਤੇ ਰੂਪਿੰਦਰ ਕੌਰ ਤੇ ਵੈਲਰੀ ਕਰੀਨਾ ਦੀ ਮਿਲਣੀ ਵੇਖਣ ਵਾਲੀ ਸੀ। ਜਿਵੇਂ ਚਿਰੀਂ ਵਿਛੁਨੀਆਂ ਭੈਣਾਂ ਮਿਲਦੀਆਂ ਹਨ। ਇਕ ਦੂਜੀ ਨੂੰ ਜੱਫੀ ਪਾ ਕੇ ਦੋਵੇਂ ਰੋ ਰਹੀਆਂ ਸਨ। ਇਹ ਹੰਝੂ ਖ਼ੁਸ਼ੀ ਦੇ ਸਨ ਕਿ ਦੁੱਖ ਦੇ ਕਿਸੇ ਨੂੰ ਨਹੀਂ ਸੀ ਪਤਾ। ਵੈਲਰੀ ਦੇ ਮਨ ਵਿਚ ਉਦਾਸੀ ਤੇ ਅਪਣਤ ਸੀ। ਰੂਪਿੰਦਰ ਦੇ ਮਨ ਵਿਚ ਹਉਕਾ ਤੇ ਆਸਾਂ।
ਵੈਲਰੀ ਨੂੰ ਜਾਪਿਆ ਕਿ ਜਿਸ ਤਰ੍ਹਾਂ ਦੀ ਅਪਣੱਤ ਉਸਨੂੰ ਚਾਹੀਦੀ ਸੀ ਤੇ ਜਿਸਦੇ ਸਿਰਜਣ ਲਈ ਉਸਨੇ ਆਪਾ ਵਾਰ ਛੱਡਿਆ ਸੀ ਉਸਂਨੂੰ ਗੋਦ ਲਏ ਬੱਚਿਆਂ ਨੇ ਵੀ ਨਹੀਂ ਸੀ ਦਿੱਤੀ। ਉਸਦੀਆਂ ਹੁਣ ਤੱਕ ਦੀਆਂ ਖੁਸ਼ੀਆਂ ਥੋੜ੍ਹ ਚਿਰੀਆਂ ਸਨ। ਫਰਜ਼ੀ ਚਾਚੇ ਦਾ ਪਿਆਰ ਤੇ ਤਿੰਨ ਪਤੀਆਂ ਨਾਲ ਹੰਢਾਇਆ ਦੰਪਤੀ ਜੀਵਨ। ਤਿੰਨ ਬੱਚਿਆਂ ਨੂੰ ਗੋਦ ਲੈਣਾ ਨਿਰਾਸ਼ਾ ਦੀ ਸਿਖਰ ਸੀ।
ਉਹ ਇਹ ਵੀ ਦੱਸਣਾ ਚਾਹੁੰਦੀ ਸੀ, ਜਿਹੜਾ ਕਿ ਉਸਦੀਆਂ ਅਦਾਵਾਂ ਤੋਂ ਪ੍ਰਤੱਖ ਸੀ, ਕਿ ਉਸਨੂੰ ਅਪਣੱਤ ਦੀ ਕਿੰਨੀ ਲੋੜ ਸੀ। ਉਹ ਢਾਰਸ ਦੀ ਕਿੰਂਨੀ ਭੁੱਖੀ ਸੀ। ਉਹ ਥੋੜ੍ਹੇ ਜਹੇ ਨਿੱਘ ਨਾਲ ਰੱਜਣ ਵਾਲਾ ਜੀਊੜਾ ਸੀ। ਉਹ ਤਾਂ ਨਿੱਕੀ ਜਿੰਨੀ ਅਪਣੱਤ ਨੂੰ ਵੀ ਪੱਲੇ ਬੰਨ੍ਹ ਲੈਂਦੀ ਸੀ। ਅਪਣੀ ਸੱਜਰੀ ਫੇਰੀ ਸਮੇਂ ਉਹ ਜਦੋਂ ਦੀ ਹਵਾਈ ਜਹਾਜ਼ ਤੋਂ ਉਤਰੀ ਸੀ ਇਸ ਦੇਸ਼ ਦੀਆਂ ਸੜਕਾਂ ਤੇ ਖੇਤਾਂ ਦੇ ਗੁਣ ਗਾ ਰਹੀ ਸੀ। ਕੇਵਲ ਇਸ ਲਈ ਕਿ ਉਸ ਦੇ ਤਿੰਨੇ ਪਤੀ ਇਸ ਮਿੱਟੀ ਦੇ ਜਾਏ ਸਨ। ਉਨ੍ਹਾਂ ਦਾ ਆਰਜ਼ੀ ਪਿਆਰ ਵੀ ਸਦੀਵੀ ਛਾਪ ਛੱਡ ਗਿਆ ਸੀ। ਉਨ੍ਹਾਂ ਦੇ ਸਾਕ ਸੰਬੰਧੀਆਂ ਦਾ ਮੇਲ ਜੋਲ ਵੀ।
ਰੂਪਿੰਦਰ ਖੁਸ਼ ਸੀ ਵੈਲਰੀ ਨੇ ਉਹਦੇ ਬੱਚਿਆਂ ਲਈ ਉਹ ਕੁਝ ਕੀਤਾ ਸੀ ਜਿਹੜਾ ਉਹ ਆਪ ਨਹੀਂ ਸੀ ਕਰ ਸਕੀ।ਉਨ੍ਹਾਂ ਨੂੰ ਜਰਮਨ ਜੀਵਨ ਪ੍ਰਦਾਨ ਕੀਤਾ ਸੀ, ਵਿਦਿਆ ਤੇ ਜਿ਼ੰਦਗੀ ਵਿਚ ਕੰਮ ਆਉਣ ਵਾਲੀ ਯੋਗਤਾ ਬਖ਼ਸ਼ੀ ਸੀ। ਦੋ ਵਡੇ ਕੰਮ ‘ਤੇ ਲੱਗ ਚੁੱਕੇ ਸਨ ਤੇ ਛੋਟਾ ਅੰਤ੍ਰਰਾਸਟਰੀ ਫਰਮ ਵਿਚ ਕੰਮ ਸਿੱਖ ਰਿਹਾ ਸੀ। ਉਸਦੇ ਵਿਦੇਸ਼ ਬੈਠੇ ਪਤੀ ਦਾ ਸਹਾਰਾ ਵੀ ਵੈਲਰੀ ਹੀ ਬਣਦੀ ਸੀ। ਰੂਪਿੰਦਰ ਨੂੰ ਪੂਰਨ ਭਰੋਸਾ ਸੀ ਕਿ ਉਹ ਉਹਦੇ ਲਈ ਵੀ ਜਰਮਨ ਜਾਣ ਦਾ ਰਾਹ ਖੋਲ੍ਹ ਸਕਦੀ ਸੀ।
ਰੂਪਿੰਦਰ ਜਾਣਦੀ ਕਿ ਇਹ ਰਾਹ ਖੋਲ੍ਹਣ ਦਾ ਇੱਕੋ ਇੱਕ ਤਰੀਕਾ ਵੈਲਰੀ ਤੇ ਗੁਰਮੁਖ ਦਾ ਤਲਾਕ ਸੀ ਜਿਸਤੋਂ ਪਿਛੋਂ ਉਹ ਗੁਰਮੁਖ ਨਾਲ ਵਿਆਹ ਕਰਾ ਕੇ ਜਰਮਨੀ ਪਹੁੰਚ ਸਕਦੀ ਸੀ। ਗੁਰਮੁਖ ਜਰਮਨੀ ਦਾ ਨਾਗਰਿਕ ਹੋ ਚੁੱਕਾ ਸੀ ਤੇ ਉਹਦੇ ਲਈ ਕਿਸੇ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਾਉਣਾ ਆਮ ਜਹੀ ਗੱਲ ਸੀ। ਕੇਵਲ ਵੈਲਰੀ ਨੂੰ ਮਨਾਉਣ ਦੀ ਲੋੜ ਸੀ। ਪਰ ਏਸ ਪਾਸੇ ਗੱਲ ਤੋਰਨ ਦਾ ਮੌਕਾ ਨਹੀਂ ਸੀ ਬਣ ਰਿਹਾ। ਗੁਰਮੁਖ ਤੇ ਰੂਪਿੰਦਰ ਕੋਈ ਵੀ ਅਜਿਹੀ ਗੱਲ ਨਹੀਂ ਸੀ ਕਰਨਾ ਚਾਹੁੰਦੇ ਜਿਹੜੀ ਵੈਲਰੀ ਨੂੰ ਪ੍ਰੇਸ਼ਾਨ ਕਰਦੀ। ਉਸਨੇ ਉਨ੍ਹਾਂ ਦੇ ਪਰਿਵਾਰ ਲਈ ਕੀ ਨਹੀਂ ਸੀ ਕੀਤਾ।
ਰੂਪਿੰਦਰ ਇਹ ਵੀ ਜਾਣਦੀ ਸੀ ਕਿ ਇਹ ਕੰਮ ਕਹਿਣ ਲਈ ਜਿੰਨਾ ਸੌਖਾ ਸੀ, ਕਰਨ ਲਈ ਉੰਨਾ ਹੀ ਔਖਾ ਸੀ। ਇਸਦੇ ਲਈ ਰਾਹ ਪੱਧਰਾ ਕਰਨ ਦਾ ਇੱਕੋ ਇੱਕ ਤਰੀਕਾ ਵੈਲਰੀ ਦੀਆਂ ਸਾਰੀਆਂ ਮੰਗਾਂ ਮੰਨਦੇ ਜਾਣਾ ਸੀ। ਵੈਲਰੀ ਨੂੰ ਧਰਮ ਸਿੰਘ ਦੀ ਭੈਣ ਨਾਲ ਮਿਲਾਉਣਾ ਵੀ। ਭਾਵੇਂ ਉਹ ਦੋਵੇਂ ਧਰਮ ਸਿੰਘ ਦੀ ਭੈਣ ਨੂੰ ਮਿਲੇ ਹੋਏ ਨਹੀਂ ਸਨ ਪਰ ਉਹ ਵੈਲਰੀ ਨੂੰ ਉਸਦਾ ਪਤਾ ਟਿਕਾਣਾ ਲੱਭਕੇ ਉਸਦੀ ਚਾਹਨਾ ਪੂਰੀ ਕਰਵਾ ਲਿਆਏ ਸਨ।
ਵੈਲਰੀ ਕਰੀਨਾ ਲਈ ਘਰ ਦੀ ਕੱਢੀ ਭਾਂਤ ਸੁਭਾਂਤੇ ਮੇਵਿਆਂ ਵਾਲੀ ਸ਼ਰਾਬ ਦਾ ਪ੍ਰਬੰਧ ਕਰਨਾ ਵੀ ਏਸ ਧਾਰਨਾ ਵਿਚ ਸ਼ਾਮਿਲ ਸੀ। ਏਸ ਦਾਰੂ ਦੀ ਇੱਕ ਹੀ ਘੁੱਟ ਉਸਨੂੰ ਸੱਤਵੇਂ ਅਕਾਸ਼ਾਂ ਵਿਚ ਲੈ ਜਾਂਦੀ ਸੀ। ਇਹ ਦਾਰੂ ਯਾਦਾਂ ਦੀ ਪਟਾਰੀ ਖੋਲ੍ਹਦੀ ਸੀ ਤੇ ਵੈਲਰੀ ਖਟਮਿਠੀ ਅਪਣੱਤ ਨਾਲ ਨੱਕੋ ਨੱਕ ਭਰ ਜਾਂਦੀ ਸੀ। ਇਹੀਓ ਕਾਰਨ ਸੀ ਕਿ ਉਸਨੂੰ ਖੇਤਾਂ ਵਿਚ ਖੜੀ ਗੰਨੇ ਦੀ ਫਸਲ ਵੀ ਖਾਸ ਤਰ੍ਹਾਂ ਦਾ ਸਕੂਨ ਪ੍ਰਦਾਨ ਕਰਦੀ ਸੀ। ਉਸਨੂੰ ਇੱਖ ਦੇ ਬੂਝੇ ਤੱਕ ਕੇ ਉਨ੍ਹਾਂ ਤੋਂ ਧੀਆਂ ਪੁਤਰਾਂ ਵਰਗਾ ਸਾਹਸ ਮਿਲਦਾ ਸੀ।
ਗੁਰਮੁਖ ਸਿੰਘ ਦੇ ਹਿੱਸੇ ਦੀ ਜ਼ਮੀਨ ਬਹੁਤੀ ਨਹੀਂ ਸੀ। ਸਾਢੇ ਪੰਜ ਕਿੱਲੇ ਬਣਦੀ ਸੀ। ਪਰ ਉਹਦੇ ਬਾਬੇ ਨੇ ਅਪਣੀ ਸਾਰੀ ਜ਼ਮੀਨ ਮੁਰੱਬੇਬੰਦੀ ਦੇ ਦਿਨਾਂ ਵਿਚ ਇੱਕ ਥਾਂ ਪੁਆ ਲਈ ਸੀ। ਉਸਦੇ ਹਿੱਸੇ ਦੀ ਏਸ ਭੌਂ ਵਿਚ ਇਸਦੀ ਦੇਖ ਰੇਖ ਕਰਨ ਵਾਲਿਆਂ ਨੇ ਇੱਕ ਹੀ ਫਸਲ ਲਾਈ ਹੋਈ ਸੀ। ਇੱਖ ਯਾਨੀ ਗੰਨੇ। ਪੂਰੀ ਫਸਲ ਨੂੰ ਟਿਊਬਵੈਲ ਦਾ ਪਾਣੀ ਲੱਗਦਾ ਸੀ। ਤੇ ਉਹ ਟਿਊਬਵੈਲ ਉਸਦਾ ਆਪਣਾ ਸੀ। ਪਿੰਡ ਵਾਲੇ ਇਸਨੂੰ ਬੰਬੀ ਕਹਿੰਦੇ ਸਨ।
ਗੁਰਮੁਖ ਸਿੰਘ ਦੀ ਪੰਜਾਬ ਫੇਰੀ ਦੇ ਦਿਨ ਮੁੱਕਦੇ ਜਾ ਰਹੇ ਸਨ ਜਦ ਇੱਕ ਦਿਨ ਗੁਰਮੁਖ, ਰੂਪਿੰਦਰ ਤੇ ਵੈਲਰੀ ਨੇ ਸ਼ਾਮ ਦੀ ਰੋਟੀ ਬੰਬੀ ‘ਤੇ ਬਹਿ ਕੇ ਖਾਣ ਦਾ ਮਨ ਬਣਾ ਲਿਆ। ਵੈਲਰੀ ਨੇ ਦੱਸਿਆ ਸੀ ਕਿ ਉਸਨੇ ਅਪਣੀ ਪਹਿਲੀ ਪੰਜਾਬ ਫੇਰੀ ਸਮੇਂ ਏਸ ਤਰ੍ਹਾਂ ਦੀ ਪਿਕਨਿਕ ਧਰਮ ਸਿੰਘ ਦੀ ਭੈਣ ਦੇ ਟਿਊਬਵੈਲ ‘ਤੇ ਮਨਾਈ ਸੀ ਤੇ ਉਸਨੂੰ ਬੇਹੱਦ ਚੰਗੀ ਲੱਗੀ ਸੀ।
ਫਸਲ ਦੀ ਹਰਿਆਵਲ ਤੇ ਖੇਤਾਂ ਦੇ ਪੌਣ ਪਾਣੀ ਨੇ ਘਰ ਦੀ ਦਾਰੂ ਦੇ ਪਹਿਲੇ ਪੈਗ ਨਾਲ ਹੀ ਵੈਲਰੀ ਨੂੰ ਧਰਤੀ ਤੋਂ ਚੁੱਕ ਦਿੱਤਾ। ਹੁਣ ਤਾਂ ਉਹ ਅਪਣੇ ਖੇਤ ਵੀ ਪਛਾਨਣ ਲੱਗ ਪਈ ਸੀ। ਰੂਪਿੰਦਰ ਨੂੰ ਅਪਣੇ ਨਾਲ ਲੈ ਕੇ ਉਹ ਕਈ ਵਾਰੀ ਅਪਣੇ ਖੇਤ ਦੇ ਬੰਨੇ ਬੰਨੇ ਤੁਰ ਚੁੱਕੀ ਸੀ। ਖੇਤ ਦੀਆਂ ਵੱਟਾਂ,ਖਾਲਾਂ ਤੇ ਮੋਘੇ ਪਛਾਣਦੀ ਸੀ।
ਨਸ਼ੇ ਦੀ ਲੋਰ ਵਿਚ ਉਸਨੇ ਇੱਕ ਬਿਲਕੁਲ ਹੀ ਅਵੱਲਾ ਜਿਹਾ ਸਵਾਲ ਕੀਤਾ। “ ਜੇ ਅਪਣੇ ਗੰਨਿਆਂ ਦੇ ਗੁੜ ਤੋਂ ਦੇਸੀ ਦਾਰੂ ਕੱਢੀ ਜਾਵੇ ਤਾਂ ਕਿੰਨੀ ਕੀਮਤ ਦੀ ਹੋ ਸਕਦੀ ਹੈ?“
ਨਾ ਹੀ ਗੁਰਮੁਖ ਨੂੰ ਤੇ ਨਾ ਹੀ ਰੂਪਿੰਦਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਸੀ ਕਿ ਸ਼ਰਾਬ ਦੀ ਉਪਜ ਕਿੰਨੀ ਹੋਵੇਗੀ ਤੇ ਜੇ ਹੋਵੇ ਵੀ ਤਾਂ ਇਸਨੂੰ ਗੇਲਣਾਂ,ਬੋਤਲਾਂ ਜਾਂ ਪੇਟੀਆਂ ਦੇ ਹਿਸਾਬ ਨਾਲ ਕਿਵੇਂ ਦੱਸਣਾ ਹੈ। ਉਨ੍ਹਾਂ ਨੇ ਖੁਦ ਸ਼ਰਾਬ ਨਹੀਂ ਸੀ ਕੱਢੀ ਤੇ ਨਾ ਹੀ ਕੱਢਣ ਦਾ ਵਲ ਜਾਣਦੇ ਸਨ।
ਗੁਰਮੁਖ ਸਿੰਘ ਨੇ ਐਵੇਂ ਅਟਕਲਪੱਚੂ ਜਿਹਾ ਉੱਤਰ ਦਿੱਤਾ,“ ਜੇ ਇੱਕ ਸਾਲ ਦੀ ਫਸਲ ਤੋਂ ਅਪਣਾ ਸਾਰਾ ਟੱਬਰ ਸਾਰਾ ਸਾਲ ਪੀਂਦਾ ਰਹੇ ਤਦ ਵੀ ਨਹੀਂ ਮੁੱਕਦੀ।“
ਇਹ ਦੱਸਣ ਦੀ ਨਾ ਹੀ ਲੋੜ ਸੀ ਤੇ ਨਾ ਹੀ ਮੌਕਾ ਕਿ ਸ਼ਰਾਬ ਕੱਢਣਾ ਜਾਇਜ਼ ਨਹੀਂ ਤੇ ਏਥੋਂ ਦੀ ਕੱਢੀ ਸ਼ਰਾਬ ਜਰਮਨ ਨਹੀਂ ਜਾ ਸਕਦੀ। ਵੈਲਰੀ ਲਈ ਇਸਤੋਂ ਵੱਧ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਸੀ ਕਿ ਉਨ੍ਹਾ ਦੇ ਅਪਣੇ ਖੇਤਾਂ ਵਿਚ ਦਾਰੂ ਦੀਆਂ ਨਦੀਆਂ ਵਗਦੀਆਂ ਸਨ।
ਵੈਲਰੀ ਨੇ ਹੁਣ ਤੱਕ ਦੇ ਬਹੁਤੇ ਫੈਸਲੇ ਨਸ਼ੇ ਦੇ ਲੋਰ ਵਿਚ ਕੀਤੇ ਸਨ। ਨਸ਼ੇ ਦੀ ਅਵਸਥਾ ਵਿਚ ਮਿਲੀ ਮਾੜੀ ਜਿੰਨੀ ਖੁਸ਼ੀ ਉਸਨੂੰ ਅਸਮਾਨ ਵਿਚ ਲੈ ਉੜਦੀ ਸੀ। ਅਪਣੇ ਹੀ ਖੇਤਾਂ ਵਿਚ ਵਗਦੀ ਦਾਰੂ ਦੀ ਨਦੀ ਉਸਨੂੰ ਸੁਰਗਾਂ ਵਿਚ ਲੈ ਉੜੀ। ਖ਼ੁਰਸ਼ੀਦ ਨੇ ਵੈਲਰੀ ਨੂੰ ਸੁਰਗਾਂ ਦੀ ਮੁਸਲਮਾਨੀ ਧਾਰਨਾ ਦੱਸੀ ਸੀ। ਮਰਦਾਂ ਲਈ ਓਥੇ ਹੂਰਾਂ ਵੀ ਸਨ ਤੇ ਸ਼ਰਾਬ ਦੀਆਂ ਨਦੀਆਂ ਵੀ। ਵੈਲਰੀ ਨੂੰ ਜਾਪਿਆ ਉਸਦੇ ਅਪਣੇ ਖੇਤਾਂ ਵਿਚ ਸੁਰਗ ਵਸਦਾ ਸੀ।
ਵੈਲਰੀ ਦੀਆਂ ਅੱਖਾਂ ਦੀ ਖੁਸ਼ੀ ਤੋਂ ਪ੍ਰਤੱਖ ਸੀ ਕਿ ਜੇ ਉਹ ਇਸ ਖੇਤ ਦੀ ਮਾਲਕ ਹੋਵੇ ਤਾਂ ਕਿੰਨੀ ਭਾਗਾਂ ਵਾਲੀ ਹੋਵੇ। ਉਹ ਅਪਣੀ ਸੀਟ ਤੋਂ ਉੱਠੀ ਤੇ ਵਗਦੇ ਪਾਣੀ ਦੀ ਆਡ ਕੋਲ ਜਾ ਖੜੀ ਹੋਈ। ਉਸਨੇ ਚੂਲੀ ਭਰ ਪਾਣੀ ਮੂੰਹ ਵਿਚ ਪਾਇਆ ਤਾਂ ਮਜ਼ਾ ਆ ਗਿਆ। ਇਹੀਓ ਪਾਣੀ ਉਸਨੇ ਅਪਣੀਆਂ ਅੱਖਾਂ ਉਤੇ ਛਿੜਕਿਆ ਤੇ ਤਰੋ ਤਰ ਹੋ ਗਈ।
”ਏਨੀ ਕੁ ਭੋਂ ਦਾ ਮੁੱਲ ਕੀ ਹੋਵੇਗਾ ?“ ਉਸਨੇ ਇੱਕ ਵਾਰੀ ਫੇਰ ਉਸੇ ਤਰ੍ਹਾਂ ਦਾ ਸਵਾਲ ਕੀਤਾ ਜਿਸਦਾ ਕੋਈ ਮਤਲਬ ਨਹੀਂ ਸੀ।
”ਕੇਵਲ ਇੱਕ ਦਸਖ਼ਤ“ ਰੂਪਿੰਦਰ ਨੇ ਸੁਤੇ ਸਿੱਧ ਹੀ ਜਵਾਬ ਦਿੱਤਾ।
”ਨਾਟ ਏ ਬਿੱਗ ਡੀਲ“ ਵੈਲਰੀ ਦੀ ਖੁਸ਼ੀ ਦਾ ਅੰਤ ਨਹੀਂ ਸੀ। ਉਹ ਦੱਸਣਾ ਚਾਹੁੰਦੀ ਸੀ ਕਿ ਅਜਿਹਾ ਕਰਨਾ ਤਾਂ ਬਹੁਤ ਹੀ ਸਹਿਲ ਸੀ। ਉਹ ਜਿਥੇ ਚਾਹੁੰਦੇ ਤੇ ਜਦੋਂ ਵੀ ਚਾਹੁੰਦੇ ਉਹਦੇ ਕੋਲੋਂ ਦਸਤਕ ਕਰਵਾ ਸਕਦੇ ਸਨ। ਇਸ ਸੌਦੇ ਉਤੇ ਕੁਝ ਵੀ ਨਹੀਂ ਸੀ ਲੱਗਣਾ। ਦੋ ਚਾਰ ਅਸ਼ਟਾਮਾਂ ਲੱਦੇ ਵਰਕੇ ਤੇ ਇੱਕ ਦਸਖ਼ਤ ।
ਵੈਲਰੀ ਬਚਨ ਦੇ ਕੇ ਫਿਰਨ ਵਾਲੀ ਔਰਤ ਨਹੀਂ ਸੀ। ਉਸਨੇ ਹੁਣ ਤੱਕ ਸਾਰੇ ਵਚਨ ਨਿਭਾਏ ਸਨ। ਗੁਰਮੁਖ ਸਿੰਘ ਤੇ ਰੂਪਿੰਦਰ ਨੂੰ ਉਹਦੇ ਨਾਲ ਵਰਤਦਿਆਂ ਏਨੇ ਵਰ੍ਹੇ ਹੋ ਗਏ ਸਨ।
ਉਹ ਦੋਨੇ ਖੁਸ਼ ਹੋ ਗਏ। ਉਨ੍ਹਾ ਲਈ ਅਪਣੇ ਦਿਲ ਦੀ ਗੱਲ ਕਰਨੀ ਸੌਖੀ ਹੋ ਗਈ ਸੀ। ਗੁੰਝਲ ਹੀ ਕੋਈ ਨਹੀਂ ਸੀ ਰਹੀ।