ਨਵੀਂ ਦਿੱਲੀ : ਸਰਦੀਆਂ ਦੇ ਮੌਸਮ ‘ਚ ਚਮੜੀ ਦੀ ਜ਼ਿਆਦਾ ਦੇਖ-ਭਾਲ ਕਰਨੀ ਚਾਹੀਦੀ ਹੈ ਕਿਉਂਕਿ ਠੰਡੀ ਹਵਾ ਸਾਡੀ ਚਮੜੀ ਨੂੰ ਰੁੱਖਾ ਕਰ ਦਿੰਦੀ ਹੈ। ਇਸ ਦੇ ਨਾਲ ਹੱਥਾਂ-ਪੈਰਾਂ ਦੀਆਂ ਉਂਗਲੀਆਂ ਵੀ ਲਾਲ ਹੋ ਜਾਂਦੀਆਂ ਹਨ ਅਤੇ ਕਦੇ-ਕਦੇ ਠੰਡ ਕਾਰਨ ਕਾਫੀ ਜ਼ਿਆਦਾ ਸੋਜ ਪੈ ਜਾਂਦੀ ਹੈ। ਘਰ ‘ਚ ਦੇਸੀ ਨੁਸਕਿਆਂ ਦਾ ਇਸਤੇਮਾਲ ਕਰਕੇ ਅਜਿਹੀਆਂ ਹੀ ਮੁਸ਼ਕਿਲਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।
ਠੰਡ ‘ਚ ਕਿਉਂ ਸੋਜ ਪੈਂਦੀ ਹੈ ਉਂਗਲੀਆਂ ‘ਤੇ?
ਜ਼ਿਆਦਾ ਠੰਡ ਕਾਰਨ ਕਈ ਵਾਰ ਸਾਡੇ ਸਰੀਰ ਦੀਆਂ ਕੁਝ ਨਸਾਂ ਸੁੰਘੜ ਜਾਂਦੀਆਂ ਹਨ, ਜਿਸ ਦਾ ਸਿੱਧਾ ਅਸਰ ਬਲੱਡ ਸਰਕੁਲੇਸ਼ਨ ‘ਤੇ ਪੈਂਦਾ ਹੈ। ਇਸ ਕਾਰਨ ਹੀ ਸਾਡੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ‘ਚ ਸੋਜ ਪੈਦੀ ਹੈ। ਕਈ ਵਾਰ ਤਾਂ ਸੋਜ ਦੇ ਨਾਲ-ਨਾਲ ਉਂਗਲੀਆਂ ‘ਚ ਲਾਲੀ, ਜਲਣ ਅਤੇ ਖਾਰਸ਼ ਵੀ ਹੋਣੀ ਸ਼ੁਰੂ ਹੋ ਜਾਂਦੀ ਜਾਂਦੀ, ਜਿਸ ਕਾਰਨ ਉਨ੍ਹਾਂ ‘ਚ ਦਰਦ ਵੀ ਛਿੜ ਪੈਂਦਾ ਹੈ।
ਠੰਡ ‘ਚ ਸੋਜ ਨੂੰ ਦੂਰ ਕਰਨ ਦੇ ਉਪਾਅ
1. ਸਰ੍ਹੋਂ ‘ਚ ਹੁੰਦੇ ਹਨ ਔਸ਼ਧੀ ਗੁਣ
ਠੰਡ ਦੇ ਮੌਸਮ ‘ਚ 4 ਚੱਮਚ ਸਰ੍ਹੋਂ ਦੇ ਤੇਲ ਅਤੇ 1 ਚੱਮਚ ਸੇਂਧਾ ਨਮਕ ਨੂੰ ਮਿਲਾ ਕੇ ਗਰਮ ਕਰੋ। ਫਿਰ ਸੌਣ ਤੋਂ ਪਹਿਲਾਂ ਹੱਥਾਂ-ਪੈਰਾਂ ਦੀਆਂ ਉਂਗਲੀਆਂ ‘ਤੇ ਤੇਲ ਲਗਾਓ ਅਤੇ ਜ਼ੁਰਾਬਾਂ ਪਹਿਨ ਕੇ ਸੌ ਜਾਓ। ਇਸ ਨਾਲ ਕੁਝ ਸਮੇਂ ‘ਚ ਹੀ ਉਂਗਲੀਆਂ ਦੀ ਸੋਜ ਤੇ ਜਲਣ ਦੂਰ ਹੋ ਜਾਂਦੀ ਹੈ। ਹਾਲਾਂਕਿ ਤੁਸੀਂ ਜੈਤੂਨ ਦੇ ਤੇਲ ਨੂੰ ਗਰਮ ਕਰਕੇ ਉਸ ਨਾਲ ਮਾਲਿਸ਼ ਵੀ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਡੀਆਂ ਸੁੱਜੀਆ ਉਂਗਲੀਆਂ ਨੂੰ ਰਾਹਤ ਮਿਲੇਗੀ।
2. ਪਿਆਜ਼ ਵੀ ਹੈ ਕਾਰਗਰ
ਐਂਟੀ-ਬਾਇਓਟਿਕ ਅਤੇ ਐਂਟੀ-ਸੈਪਟਿਕ ਗੁਣ ਹੋਣ ਕਾਰਨ ਪਿਆਜ਼ ਵੀ ਉਂਗਲੀਆਂ ‘ਚ ਹੋਣ ਵਾਲੀ ਸੋਜ ਨੂੰ ਦੂਰ ਕਰਦਾ ਹੈ। ਪਿਆਜ਼ ਦੇ ਰਸ ਨੂੰ ਸੋਜ ਵਾਲੀ ਥਾਂ ‘ਤੇ ਲਗਾ ਕੇ ਕੁਝ ਦੇਰ ਲਈ ਛੱਡ ਦਿਓ, ਜਿਸ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।
3. ਨਿੰਬੂ ਦਾ ਰਸ ਵੀ ਹੈ ਫਾਇਦੇਮੰਦ
ਨਿੰਬੂ ਦਾ ਰਸ ਵੀ ਸੋਜ ਨੂੰ ਘੱਟ ਕਰਨ ਲਈ ਕਿਸੇ ਰਾਮਬਾਣ ਔਸ਼ਧੀ ਤੋਂ ਘੱਟ ਨਹੀਂ ਹੈ। ਹੱਥਾਂ-ਪੈਰਾਂ ਦੀਆਂ ਉਂਗਲੀਆਂ ‘ਚ ਸੋਜ ਹੋਣ ‘ਤੇ ਨਿੰਬੂ ਦਾ ਰਸ ਲਾਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।
4. ਆਲੂ ਨਾਲ ਦੂਰ ਕਰੋ ਸੋਜ
ਆਲੂ ਕੱਟ ਕੇ ਉਸ ‘ਚ ਨਮਕ ਮਿਲਾਓ ਅਤੇ ਫਿਰ ਇਸ ਨੂੰ ਸੋਜ ਵਾਲੀ ਥਾਂ ‘ਤੇ ਲਾਓ। ਇਸ ਨਾਲ ਤੁਹਾਨੂੰ ਕੁਝ ਸਮੇਂ ‘ਚ ਹੀ ਅਸਰ ਦਿਖਾਈ ਦੇਵੇਗਾ ਪਰ ਇਸ ਦੌਰਾਨ ਭੋਜਨ ‘ਚ ਨਮਕ ਦਾ ਇਸਤੇਮਾਲ ਘੱਟ ਕਰਨਾ ਪਵੇਗਾ।
5. ਮਟਰ ਦੀ ਵਰਤੋਂ
ਮਟਰ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਉਸ ਨਾਲ ਹੱਥਾਂ-ਪੈਰਾਂ ਨੂੰ ਧੋਵੋ। ਦਿਨ ‘ਚ ਜਦੋਂ ਵੀ ਹੱਥ-ਪੈਰ ਧੋਵੋ ਤਾਂ ਮਟਰ ਦੇ ਪਾਣੀ ਦਾ ਹੀ ਇਸਤੇਮਾਲ ਕਰੋ। ਇਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ।
6. ਹਲਦੀ ਵੀ ਹੈ ਰਾਮਬਾਣ ਇਲਾਜ
ਜੈਤੂਨ ਦੇ ਤੇਲ ‘ਚ 1/2 ਚੱਮਚ ਹਲਦੀ ਮਿਲਾ ਕੇ ਪ੍ਰਭਾਵਿਤ ਥਾਂਵਾ ‘ਤੇ ਲਾਓ। ਇਸ ਨਾਲ ਸੋਜ ਦੇ ਨਾਲ-ਨਾਲ ਖਾਰਸ਼, ਦਰਦ ਅਤੇ ਜਲਣ ਤੋਂ ਵੀ ਰਾਹਤ ਮਿਲਦੀ ਹੈ।
7. ਆਟੇ ਦਾ ਪੇਸਟ
ਜੇਕਰ ਤੁਹਾਡੇ ਹੱਥਾਂ-ਪੈਰਾਂ ‘ਚ ਕਾਫੀ ਦਰਦ ਤੇ ਸੋਜ ਹੈ ਤਾਂ ਇਸ ਸਮੱਸਿਆ ਤੋਂ ਬਚਣ ਲਈ ਆਟੇ ਦਾ ਪੇਸਟ ਬਣਾ ਕੇ ਲਾਓ। 15 ਮਿੰਟ ਤੱਕ ਆਟੇ ਦੇ ਪੇਸਟ ਨੂੰ ਲਾਈ ਰੱਖਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਵੋ। ਇਸ ਨਾਲ ਦਰਦ ਤੇ ਲਾਲਗੀ ਤੋਂ ਆਰਾਮ ਮਿਲੇਗਾ।
ਠੰਡ ਤੋਂ ਬਚਣ ਦੇ ਆਹਾਰ
ਸਰਦੀਆਂ ਦੇ ਮੌਸਮ ‘ਚ ਸਰੀਰ ਨੂੰ ਅੰਦਰੂਨੀ ਗਰਮੀ ਦੀ ਵੀ ਲੋੜ ਹੁੰਦੀ ਹੈ। ਇਸ ਲਈ ਤੁਹਾਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਆਹਾਰ ‘ਚ ਪੋਸ਼ਕ ਤੱਤ ਜਿਵੇਂ ਮੌਸਮੀ ਫਲ ਤੇ ਸਬਜ਼ੀਆਂ, ਅਦਰਕ, ਲਸਣ, ਜ਼ੀਰਾ, ਗਰਮ ਮਸਾਲਿਆਂ ਨੂੰ ਜ਼ਰੂਰ ਸ਼ਾਮਲ ਕਰੋ।