ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਗਏ ਉੱਚ ਪੱਧਰੀ ਵਫਦ ਨੇ ਸ਼ਿਲੌਂਗ ਦੇ ਸਿੱਖਾਂ ਨੂੰ ਭਰੋਸਾ ਦੁਆਇਆ ਹੈ ਕਿ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਲਈ ਵਫਦ ਵਲੋਂ ਪੂਰਾ ਸਮਰਥਨ ਕੀਤਾ ਜਾਵੇਗਾ। ਜਿਵੇਂ ਹੀ ਲੋਕਾਂ ਨੂੰ ਪੰਜਾਬ ਤੋਂ ਆਏ ਵਫਦ ਬਾਰੇ ਪਤਾ ਲੱਗਿਆ ਤਾਂ ਉਹ ਆਪੋ-ਆਪਣੇ ਦੁੱਖੜੇ ਸੁਣਾਉਣ ਲਈ ਜੁੜਨੇ ਸ਼ੁਰੂ ਹੋ ਗਏ। ਵਫਦ ਨੂੰ ਸਥਾਨਕ ਸਿੱਖਾਂ ਨੇ ਦੱਸਿਆ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਉਸ ਇਲਾਕੇ ‘ਚੋਂ ਉਠਾਉਣਾ ਚਾਹੁੰਦਾ ਹੈ, ਜਿੱਥੇ ਉਹ ਵਸੇ ਹੋਏ ਹਨ।
ਵਫਦ ਨੇ ਦੱਸਿਆ ਕਿ ਉਹ ਇਸ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਹੀ ਆਏ ਹਨ ਅਤੇ ਇਸ ਸਬੰਧੀ ਉਹ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਵਫਦ ਨੇ ਗੁਰੂ ਨਾਨਕ ਦਰਬਾਰ ਦਾ ਵੀ ਦੌਰਾ ਕੀਤਾ, ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਇਸ ਥਾਂ ਬਾਰੇ ਜਾਣੂੰ ਕਰਵਾਇਆ। ਗੁਰਜੀਤ ਸਿੰਘ ਨੇ ਕਿ ਉਨ੍ਹਾਂ ਨੂੰ ਇੱਥੋਂ ਜ਼ਬਰਦਸਤੀ ਉਠਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵਫਦ ਨੂੰ ਦੱਸਿਆ ਕਿ ਗੁਰਦੁਆਰਾ ਮੈਨਜਮੈਂਟ ਨੇ ਹਾਈਕੋਰਟ ‘ਚ ਇਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੋਈ ਹੈ।