ਕਰਨਾਲ ਜ਼ਿਲ੍ਹੇ ਵਿਚ ਪਿੰਡ ਡੱਚਰ ਦੇ ਗੁਰਦੁਆਰੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਪ੍ਰਦਰਸ਼ਨ ਕਰਕੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ। ਡੱਚਰ ਦੀ ਗੁਰਦੁਆਰਾ ਕਮੇਟੀ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੁੱਕਰਵਾਰ ਨੂੰ ਆਪਣਾ ਗੁਰਦੁਆਰੇ ਦਾ ਦੌਰਾ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਗੁਰਦੁਆਰਾ ਕਮੇਟੀ ਨੇ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪੋਸਟਰ ਗੁਰਦੁਆਰੇ ‘ਚੋਂ ਨਹੀਂ ਹਟਾਇਆ ਸੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਨਪਾਲ ਸਿੰਘ ਨੇ ਦੱਸਿਆ, “ਸਾਨੂੰ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਯਾਦਗਾਰ ਨੂੰ ਹਟਾਉਣ ਲਈ ਕਿਹਾ ਗਿਆ ਪਰ ਅਸੀਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਇਸ ਨਾਲ ਪਿੰਡ ‘ਚ ਤਣਾਅ ਦਾ ਮਾਹੌਲ ਬਣ ਸਕਦਾ ਹੈ।” ਪਰ ਸਾਨੂੰ ਪ੍ਰਸ਼ਾਸਨ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਜੇਕਰ ਅਸੀਂ ਉਹ ਪੋਰਟਰੇਟ ਨਹੀਂ ਹਟਾਉਂਦੇ ਤਾਂ ਮੁੱਖ ਮੰਤਰੀ ਨਹੀਂ ਆਉਣਗੇ। ਅਸੀਂ ਹਜ਼ਾਰ ਬੰਦੇ ਦਾ ਲੰਗਰ ਤਿਆਰ ਕੀਤਾ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਮੁੱਖ ਮੰਤਰੀ ਲਈ ਸ਼ੂਗਰ ਫਰੀ ਖੀਰ ਵੀ ਬਣਾਈ। ਪਰ ਉਹ ਆਖ਼ਰੀ ਪਲ ‘ਚ ਗੁਰਦੁਆਰੇ ਨੇੜਲੇ ਮੰਦਿਰ ‘ਚ ਮੱਥਾ ਟੇਕ ਕੇ ਚਲੇ ਗਏ।”ਉਨ੍ਹਾਂ ਦੱਸਿਆ ਕਿ ਲੋਕ ਗੁਰਦੁਆਰੇ ਗੇਟ ‘ਤੇ ਖੜ੍ਹੇ ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਜਾਂਦੇ ਦੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ।