ਜਲੰਧਰ: ਪੰਜਾਬੀ ਕੌਮ ਨੂੰ ਮਿਹਨਤੀ ਤੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੀ ਕੌਮ ਮੰਨਿਆ ਜਾਂਦਾ ਹੈ। ਪੰਜਾਬੀ ਕਿਤੇ ਵੀ ਜਾਣ ਆਪਣੀ ਵੱਖਰੀ ਹੀ ਦੁਨੀਆ ਵਸਾ ਲੈਂਦੇ ਹਨ। ਹੱਡਭੰਨਵੀਂ ਮਿਹਨਤ ਕਰਨ ਵਾਲੇ ਪੰਜਾਬੀ ਬੁੱਲੇ ਵੀ ਰੱਜ ਕੇ ਲੁੱਟਦੇ ਹਨ ਤੇ ਮਿਹਨਤ ਵੀ ਰੱਜ ਕੇ ਕਰਦੇ ਹਨ। 26 ਜੁਲਾਈ ਨੂੰ ਰਿਲੀਜ਼ ਹੋ ਰਹੀ ਅਮਰਿੰਦਰ ਗਿੱਲ ਦੀ ਫਿਲਮ ‘ਚੱਲ ਮੇਰਾ ਪੁੱਤ’ ਵਿਦੇਸ਼ੀ ਵੱਸਦੇ ਪੰਜਾਬੀ ਨੌਜਵਾਨਾਂ ਦੇ ਇਸੇ ਜੀਵਨ ਨੂੰ ਬਿਆਨ ਕਰੇਗੀ। ਫਿਲਮ ਦੇ ਟ੍ਰੇਲਰ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਵੱਖ-ਵੱਖ ਧਰਮਾਂ, ਸੂਬਿਆਂ ਅਤੇ ਮੁਲਕਾਂ ਤੋਂ ਆਏ ਨੌਜਵਾਨਾਂ ਦੀ ਵਿਦੇਸ਼ਾਂ ਵਿਚ ਸਾਂਝ, ਮੁਸ਼ਕਲਾਂ ਅਤੇ ਜ਼ਿੰਦਗੀ ਨੂੰ ਪੇਸ਼ ਕਰਦੀ ਹੋਈ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ।
ਮਹਿੰਗੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿਚ ਗਏ ਪੰਜਾਬੀ ਆਖਰ ਉਥੇ ਕਿਹੋ ਜਿਹੇ ਬੁੱਲੇ ਲੁੱਟ ਰਹੇ ਹਨ। ਇਹ ਇਸ ਫਿਲਮ ਵਿਚ ਪਤਾ ਲੱਗੇਗਾ। ਇਹੀ ਨਹੀਂ ਇਹ ਫ਼ਫਿਲਮ ਲੋੜ ਪੈਣ ’ਤੇ ਇਕਜੁੁੱਟ ਹੁੰਦੇ ਪੰਜਾਬੀਆਂ ਦੇ ਸੁਭਾਅ ਨੂੰ ਵੀ ਪਰਦੇ ’ਤੇ ਪੇਸ਼ ਕਰੇਗੀ। ਭਾਰਤ ਅਤੇ ਹੋਰ ਮੁਲਕਾਂ ਦੇ ਨਾਲ-ਨਾਲ ਵੱਡੇ ਪੱਧਰ ’ਤੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਦਰਸ਼ਕ ਇਕ ਵਾਰ ਫਿਰ ਤੋਂ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਸਫਲ ਜੋੜੀ ਨੂੰ ਦੇਖਣਗੇ। ਫਿਲਮ ਵਿਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਜਿਥੇ ਫਿਲਮ ਨੂੰ ਕਈ ਪੱਖਾਂ ਤੋਂ ਖਾਸ ਬਣਾ ਰਹੀ ਹੈ, ਉਥੇ ਹੀ ਇਸ ਫਿਲਮ ਨਾਲ ‘ਰਿਦਮ ਬੁਆਏਜ਼ ਇੰਟਰਨੇਟਮੈਂਟ’ ਦਾ ਨਾਂ ਜੁੜੇ ਹੋਣ ਕਾਰਣ ਫਿਲਮ ਦੇ ਬਿਹਤਰ ਮਿਆਰ ਤੇ ਮਨੋਰੰਜਨ ਭਰਪੂਰ ਹੋਣ ’ਤੇ ਮੋਹਰ ਲਾਉਂਦਾ ਹੈ। ਯਾਦ ਰਹੇ ਕਿ ਇਹ ਬੈਨਰ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਸੁਮੱਚੀਆਂ ਫਿਲਮਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਹ ਫਿਲਮ ਵੀ ਦਰਸ਼ਕਾਂ ਦੀ ਕਸਵੱਟੀ ’ਤੇ ਖਰਾ ਉਤਰਣ ਦਾ ਦਮ ਰੱਖਦੀ ਹੈ। ਅਮਰਿੰਦਰ ਗਿੱਲ ਦੀ ਦਮਦਾਰ ਤੇ ਸਹਿਜ ਭਰਪੂਰ ਅਦਾਕਾਰੀ, ਦਿਲਟੁੰਬਵਾਂ ਸੰਗੀਤ ਅਤੇ ਸ਼ਾਨਦਾਰ ਪੇਸ਼ਕਾਰੀ ਇਸ ਫਿਲਮ ਦਾ ਅਹਿਮ ਧੁਰਾ ਹਨ। ਫਿਲਮ ਪ੍ਰਤੀ ਦਰਸ਼ਕਾਂ ਦੀ ਬੇਸਬਰੀ ਸੋਸ਼ਲ ਮੀਡੀਆ ’ਤੇ ਦੇਖੀ ਜਾ ਸਕਦੀ ਹੈ। ਫਿਲਮ ਦੇ ਟ੍ਰੇਲਰ ਨੂੰ ਮਿਲੇ ਰਹੇ ਹੁੰਗਾਰੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਫਿਲਮ ਵੀ ਅਮਰਿੰਦਰ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਨਵੇਂ ਰਿਕਾਰਡ ਸਥਾਪਤ ਕਰੇਗੀ।