ਲੰਡਨ— ਵਿਟਾਮਿਨ ਡੀ ਭਰਪੂਰ ਖੁਰਾਕ ਫੇਫੜੇ ਦੀ ਬੀਮਾਰੀ (ਸੀ.ਓ.ਪੀ.ਡੀ.) ਨਾਲ ਪੀੜਤ ਮਰੀਜ਼ਾਂ ਵਿਚ ਜਾਨਲੇਵਾ ਹਮਲੇ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ। ਇਕ ਨਵੇਂ ਅਧਿਐਨ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ। ਬ੍ਰਿਟੇਨ ਦੀ ਕਵੀਨ ਮੇਰੀ ਯੂਨੀਵਰਸਿਟੀ ਆਫ ਲੰਡਨ ਦੀ ਇਸ ਖੋਜ ਨੇ ਵਿਟਾਮਿਨ ਡੀ ਦੇ ਸਿਹਤ ਲਾਭਾਂ ਦੀ ਸੂਚੀ ਵਿਚ ਇਕ ਹੋਰ ਫਾਇਦਾ ਜੋੜ ਦਿੱਤਾ ਹੈ। ਵਿਟਾਮਿਨ ਡੀ ਦਾ ਮੂਲ ਸਰੋਤ ਸੂਰਜ ਦੀ ਰੋਸ਼ਨੀ ਹੈ ਹਾਲਾਂਕਿ ਗੋਲੀਆਂ, ਡੇਅਰੀ ਉਤਪਾਦਾਂ, ਮੱਛੀ ਅਤੇ ਕੁਝ ਮਜ਼ਬੂਤ ਅਨਾਜਾਂ ਤੋਂ ਵੀ ਇਸ ਵਿਟਾਮਿਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ।
ਵਿਟਾਮਿਨ ਡੀ ਨੂੰ ਉਂਝ ਤਾਂ ਹੱਡੀਆਂ ਦੀ ਸਿਹਤ ਲਈ ਖਾਸ ਤੌਰ ‘ਤੇ ਜਾਣਿਆ ਜਾਂਦਾ ਹੈ ਪਰ ਪਹਿਲਾਂ ਦੇ ਅਧਿਐਨਾਂ ਵਿਚ ਇਸ ਨੂੰ ਜੁਕਾਮ, ਫਲੂ ਅਤੇ ਦਮਾ ਦਾ ਦੌਰਾ ਰੋਕਣ ਵਿਚ ਵੀ ਸਮਰੱਥ ਪਾਇਆ ਗਿਆ। ਨਾਲ ਹੀ ਇਸ ਨੂੰ ਕੁਪੋਸ਼ਿਤ ਬੱਚਿਆਂ ਦਾ ਵਜ਼ਨ ਵਧਾਉਣ ਅਤੇ ਦਿਮਾਗ ਦੇ ਵਿਕਾਸ ਲਈ ਵੀ ਮਦਦਗਾਰ ਦੱਸਿਆ ਗਿਆ। ਖੋਜ ਵਿਚ ਪਾਇਆ ਗਿਆ ਕਿ ਵਿਟਾਮਿਨ ਡੀ ਭਰਪੂਰ ਖੁਰਾਕਾਂ ਦੀ ਵਰਤੋਂ ਨਾਲ ਸੀ.ਓ.ਪੀ.ਡੀ. ਮਰੀਜ਼ਾਂ ਵਿਚ ਫੇਫੜੇ ਦਾ ਦੌਰਾ ਪੈਣ ਦੀ ਸੰਭਾਵਨਾ ਨੂੰ 45 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਸੀ.ਓ.ਪੀ.ਡੀ. ਮਰੀਜ਼ਾਂ ਵਿਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ। ਭਾਵੇਂਕਿ ਜਿਹੜੇ ਮਰੀਜ਼ਾਂ ਵਿਚ ਵਿਟਾਮਿਨ ਡੀ ਦਾ ਪੱਧਰ ਵੱਧ ਸੀ ਉਨ੍ਹਾਂ ਵਿਚ ਕੋਈ ਖਾਸ ਫਾਇਦਾ ਨਹੀਂ ਦੇਖਿਆ ਗਿਆ। ਜਾਣਕਾਰੀ ਮੁਤਾਬਕ ਫੇਫੜੇ ਦੀਆਂ ਬੀਮਾਰੀਆਂ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਫੇਫੜੇ ਦਾ ਦੌਰਾ ਪੈਣ ਨਾਲ ਹੀ ਹੁੰਦੀਆਂ ਹਨ।