ਚੰਡੀਗੜ੍ਹ : ਹਰਿਆਣਾ ਕਾਡਰ ਦੀ ਆਈ.ਏ.ਐਸ. ਰਾਣੀ ਨਾਗਰ ਇਕ ਵਾਰ ਮੁੜ ਤੋਂ ਸੁਰਖੀਆਂ ਵਿਚ ਆ ਗਈ ਹੈ। 2014 ਬੈਚ ਦੀ ਆਈ.ਏ.ਐਸ. ਅਧਿਕਾਰੀ ਨੇ ਨੌਕਰੀ ਦੇਣ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਲੈ ਲਿਆ ਹੈ। ਉਤਰ ਪ੍ਰਦੇਸ਼ ਦੀ ਮੂਲ ਨਿਵਾਸੀ ਰਾਣੀ ਨਾਗਰ ਨੇ ਆਪਣੇ ਫ਼ੇਸਬੁੱਕ ਪੇਜ ਰਾਹੀਂ ਬੀਤੇ ਦਿਨੀਂ ਸਵੇਰੇ ਲਗਪਗ 5 ਵਜੇ ਦੇ ਕਰੀਬ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਰਾਣੀ ਨਾਗਰ ਵੱਲੋਂ ਇਹ ਪੋਸਟ ਪਾਉਣ ਦੀ ਦੇਰ ਸੀ ਕਿ ਅਫ਼ਸਰਸ਼ਾਹੀ ਵਿੱਚ ਹਲਚਲ ਮਚ ਗਈ। ਉਨ੍ਹਾਂ ਨੇ ਆਪਣੀ ਅਤੇ ਆਪਣੀ ਭੈਣ ਰੀਮਾ ਨਾਗਰ ਦੀ ਜਾਨ ਨੂੰ ਖ਼ਤਰਾ ਵੀ ਦੱਸਿਆ ਹੈ। ਉਹ ਦਸੰਬਰ 2019 ਤੋਂ ਆਪਣੀ ਭੈਣ ਦੇ ਨਾਲ ਚੰਡੀਗੜ੍ਹ ਸੈਕਟਰ 6 ਸਥਿਤ ਯੂ.ਟੀ. ਗੈਸਟ ਹਾਊਸ ਦੇ ਕਮਰਾ ਨੰਬਰ 311 ਵਿੱਚ ਕਿਰਾਏ ‘ਤੇ ਰਹਿ ਰਹੀ ਹੈ।
ਰਾਣੀ ਨਾਗਰ ਨੇ 17 ਅਪ੍ਰੈਲ ਨੂੰ ਆਪਣੇ ਫੇਸਬੁੱਕ ‘ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਅਤੇ ਆਪਣੀ ਭੈਣ ਰੀਮਾ ਨਾਗਰ ਦੀ ਜਾਨ ਨੂੰ ਖ਼ਤਰਾ ਹੋਣ ਵਾਲੇ ਦੱਸਿਆ ਹੈ। ਜ਼ਿਕਰਯੋਗ ਹੈ ਕਿ ਰਾਣੀ ਨਾਗਰ ਨੇ ਜੂਨ 2018 ਵਿੱਚ ਹਰਿਆਣਾ ਦੇ ਇਕ ਸੀਨੀਅਰ ਅਧਿਕਾਰੀ ‘ਤੇ ਤੰਗ ਕਰਨ ਦੇ ਦੋਸ਼ਾਂ ਤੋਂ ਬਾਅਦ ਸੁਰਖੀਆਂ ਵਿਚ ਆਈ ਸੀ। ਉਨ੍ਹਾਂ ਨੇ ਰਾਜ ਮਹਿਲਾ ਆਯੋਗ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰਾ ਦਸਦੇ ਹੋਏ ਪੁਲਿਸ ਸਟੇਸ਼ਨ ਵਿੱਚ ਵੀ ਸ਼ਿਕਾਇਤ ਦਿੱਤੀ ਸੀ।
ਦੱਸਣਯੋਗ ਹੈ ਕਿ ਸਿਰਸਾ ਜ਼ਿਲ੍ਹੇ ਦੇ ਡਬਵਾਲੀ ਵਿੱਚ ਐਸ.ਡੀ.ਐਮ. ਵਜੋਂ ਤਾਇਨਾਤ ਸਮੇਂ ਅਣਜਾਣ ਲੋਕਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦਸਿਆ ਸੀ। ਜੁਲਾਈ 2018 ਵਿੱਚ ਖਰੜ ਵਿੱਚ ਇਕ ਟੈਕਸੀ ਡਰਾਈਵਰ ਦੇ ਵਿਰੁੱਧ ਵੀ ਸ਼ਿਕਾਇਤ ਦਰਜ ਕਰਵਾਈ ਸੀ।
ਰਾਣੀ ਨਾਗਰ ਨੇ ਇਹ ਵੀ ਕਿਹਾ ਹੈ ਕਿ ਉਹ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਤੇ ਸਰਕਾਰ ਦੇ ਨਿਯਮਾਂ ਅਨੁਸਾਰ ਪ੍ਰਵਾਨਗੀ ਲੈ ਕੇ ਆਪਣੀ ਭੈਣ ਰੀਮਾ ਨਾਗਰ ਸਮੇਤ ਵਾਪਸ ਆਪਣੇ ਸ਼ਹਿਰ ਗਾਜ਼ੀਆਬਾਦ ਚਲੀ ਜਾਵੇਗੀ।