ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਤਿੰਨ ਮਈ ਤੱਕ ਵਧਾਏ ਗਏ ਲੌਕਡਾਊਨ ਤੋਂ ਬਾਅਦ ਸਰਕਾਰ ਨੇ ਅੱਜ ਬੁੱਧਵਾਰ ਨੂੰ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕਰ ਦਿੱਤੇ। ਇਹ ਹਦਾਇਤਾਂ ਆਉਂਦੀ ਤਿੰਨ ਮਈ ਤੱਕ ਜਾਰੀ ਰਹਿਣਗੀਆਂ, ਜਦੋਂ ਤੱਕ ਲੌਕਡਾਊਨ ਚੱਲੇਗਾ। ਨਵੀਂਆਂ ਹਦਾਇਤਾਂ ਮੁਤਾਬਕ ਖੇਤੀਬਾੜੀ ਨਾਲ ਜੁੜੇ ਕੰਮਾਂ ਤੇ ਕਿਸਾਨਾਂ ਲਈ ਰਿਆਇਤਾਂ ਦਿੱਤੀਆਂ ਗਈਆਂ ਹਨ। ਬੱਸਾਂ, ਰੇਲਾਂ, ਮੈਟਰੋ ਰੇਲਾਂ ਸਭ ਬੰਦ ਰਹਿਣਗੀਆਂ।
ਖੇਤੀਬਾੜੀ ਦੇ ਕੰਮ ਮਨਰੇਗਾ ਤਹਿਤ ਹੋਣਗੇ। ਜਨਤਕ ਥਾਵਾਂ ਉੱਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਸੋਧੇ ਦਿਸ਼ਾ–ਨਿਰਦੇਸ਼ਾਂ ਮੁਤਾਬਕ ਹਵਾਈ, ਰੇਲ ਤੇ ਸੜਕ ਰਸਤੇ ਯਾਤਰਾ ਕਰਨਾ, ਵਿਦਿਅਕ ਤੇ ਸਿਖਲਾਈ ਸੰਸਥਾਵਾਂ ਦਾ ਸੰਚਾਲਨ, ਉਦਯੋਗਿਕ ਤੇ ਵਪਾਰਕ ਗਤੀਵਿਧੀਆਂ, ਸਿਨੇਮਾ ਹਾਲ ਤੇ ਸ਼ਾਪਿੰਗ ਕੰਪਲੈਕਸ ਉੱਤੇ ਪਹਿਲਾਂ ਤੋਂ ਜਾਰੀ ਰੋਕ ਲਾਗੂ ਰਹੇਗੀ।
ਸਾਰੇ ਸਮਾਜਕ, ਸਿਆਸੀ ਤੇ ਹੋਰ ਸਮਾਰੋਹਾਂ ਤੇ ਇਕੱਠਾਂ ਉੱਤੇ ਵੀ ਰੋਕ ਜਾਰੀ ਰਹੇਗੀ। ਇਸ ਤੋਂ ਇਲਾਵਾ ਜਦੋਂ ਤੱਕ ਦੇਸ਼ ਵਿੱਚ ਲੌਕਡਾਊਨ ਲਾਗੂ ਹੈ, ਤਦ ਤੱਕ ਸਾਰੇ ਧਾਰਮਿਕ ਸਥਾਨਾਂ ਨੂੰ ਵੀ ਬੰਦ ਰੱਖਿਆ ਜਾਵੇਗਾ।
ਕੰਮ–ਕਾਜ ਵਾਲੀਆਂ ਤੇ ਜਨਤਕ ਥਾਵਾਂ ਉੱਤੇ ਘਰ ’ਚ ਬਣੇ ਮਾਸਕ ਦੀ ਵਰਤੋਂ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ। ਸੋਧੇ ਦਿਸ਼ਾ–ਨਿਰਦ਼ਸਾਂ ਮੁਤਾਬਕ ਦਫ਼ਤਰਾਂ ਨੂੰ ਸੈਨੀਟਾਈਜ਼ਰ ਉਪਲਬਧ ਕਰਵਾਉਣ, ਦਿਸ਼ਾ–ਨਿਰਦੇਸ਼ਾਂ ਅਨੁਸਾਰ ਸ਼ਿਫ਼ਟ ਚਲਾਉਣ, ਥਰਮਲ ਸਕ੍ਰੀਨਿੰਗ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਸਰਕਾਰ ਨੇ ਕਿਹਾ ਕਿ ਹੈ ਕਿ ਸੋਧੇ ਦਿਸ਼ਾ–ਨਿਰਦੇਸ਼ ਲੌਕਡਾਊਨ ਦੇ ਪਹਿਲੇ ਗੇੜ ਦੌਰਾਨ ਮਿਲੇ ਲਾਭ ਤੇ ਦੂਜੇ ਗੇੜ ਵਿੱਚ ਕੋਰੋਨਾ ਦੀ ਛੂਤ ਨੂੰ ਰੋਕਣ ਲਈ ਹੈ।
ਇਸ ਦੇ ਨਾਲ ਹੀ ਸਰਕਾਰ ਦਾ ਮੰਤਵ ਦੂਜੇ ਲੌਕਡਾਊਨ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਅਤੇ ਰੋਜ਼ਾਨਾ ਦਿਹਾੜੀਦਾਰਾਂ ਨੂੰ ਕੁਝ ਰਾਹਤ ਪ੍ਰਦਾਨ ਕਰਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,076 ਨਵੇਂ ਮਰੀਜ਼ ਸਾਹਮਣੇ ਆਏ ਹਨ। 1,306 ਮਰੀਜ਼ਾਂ ਨੂੰ ਠੀਕ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਨੇ ਜ਼ਰੂਰੀ ਵਸਤਾਂ ਤੇ ਸੇਵਾਵਾਂ ਜਾਰੀ ਰੱਖਣ ਲਈ ਬਣਾਏ ਕਰਫ਼ਿਊ–ਪਾਸ ਦੀ ਮਿਆਦ ਤਿੰਨ ਮਈ ਤੱਕ ਅੱਗੇ ਵਧਾ ਦਿੱਤੀ ਗਈ ਹੈ। ਲੌਕਡਾਊਨ ਦੀ ਮਿਆਦ ਵਧਣ ਤੋਂ ਬਾਅਦ ਦਿੱਲੀ ਪੁਲਿਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੇ ਇਸ ਸਬੰਧੀ ਇਹ ਅਹਿਮ ਆਦੇਸ਼ ਜਾਰੀ ਕੀਤੇ ਹਨ।
ਦਿੱਲੀ ਪੁਲਿਸ ਕਮਿਸ਼ਨਰ ਦੇ ਨਵੇਂ ਹੁਕਮ ਮੁਤਾਬਕ ਜਿਹੜੀਆਂ ਜ਼ਰੂਰੀ ਵਸਤਾਂ ਦੇ ਕਰਫ਼ਿਊ–ਪਾਸ ਬਣਾਏ ਗਏ ਸਨ, ਉਹ ਸਾਰੇ ਪਾਸ ਹੁਣ 3 ਮਈ ਤੱਕ ਲਈ ਲਾਗੂ ਰਹਿਣਗੇ।