26 ਜਨਵਰੀ ਨੂੰ ਆਮਿਰ ਖਾਨ ਵਲੋਂ ਬਣਾਈ ਲਘੂ ਫ਼ਿਲਮ ‘ਰੂਬਰੂ ਰੌਸ਼ਨੀ’ ਟੀ. ਵੀ. ‘ਤੇ ਪ੍ਰਸਾਰਿਤ ਕੀਤੀ ਗਈ। ਸਵਾਤੀ ਭਟਕਲ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਤਿੰਨ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਕਾਤਲਾਂ ਨੂੰ ਮੁਆਫ਼ੀ ਦੇ ਕੇ ਸਮਾਜ ਵਿਚ ਨਵੀਂ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਤਿੰਨਾਂ ਵਿਚੋਂ ਇਕ ਹੈ ਅਵੰਤਿਕਾ ਮਾਕਨ ਜਿਨ੍ਹਾਂ ਦੇ ਪਿਤਾ ਲਲਿਤ ਮਾਕਨ ਦੀ ਹੱਤਿਆ ਕੀਤੀ ਗਈ ਸੀ। ਦੂਜੀ ਹੈ ਕੇਰਲ ਦੀ ਸਿਸਟਰ ਸੇਲਮੀ ਜਿਨ੍ਹਾਂ ਦੀ ਭੈਣ ਨਨ ਰਾਣੀ ਮਾਰੀਆ ਦੀ ਹੱਤਿਆ ਸਮੁੰਦਰ ਸਿੰਘ ਵਲੋਂ ਕੀਤੀ ਗਈ ਸੀ ਅਤੇ ਤੀਜੀ ਹੈ ਅਮਰੀਕੀ ਨਾਗਿਰਕ ਕੀਆ ਸ਼ੇਰ ਜਿਨ੍ਹਾਂ ਦੇ ਪਤੀ ਨੇਓਮੀ ਤੇ ਬੇਟੇ ਐਲਨ ਦੀ ਹੱਤਿਆ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਦੌਰਾਨ ਕਸਾਬ ਤੇ ਉਸ ਦੇ ਸਾਥੀਆਂ ਨੇ ਕੀਤੀ ਸੀ।
‘ਕਸ਼ਮਾ ਵੀਰਸਯ ਆਭੂਸ਼ਣਮ’ ਨੂੰ ਸਹੀ ਅਰਥ ਵਿਚ ਪੇਸ਼ ਕਰਦੀ ਇਸ ਫ਼ਿਲਮ ਬਾਰੇ ਆਮਿਰ ਖਾਨ ਕਹਿੰਦੇ ਹਨ, ‘ਕਿਸੇ ਨੂੰ ਮੁਆਫ਼ ਕਰ ਦੇਣ ਨਾਲ ਮਨ ਕਿੰਨਾ ਹਲਕਾ ਹੋ ਜਾਂਦਾ ਹੈ, ਇਹ ਅਨੁਭਵ ਮੈਂ ਕਈ ਵਾਰ ਕਰ ਚੁੱਕਿਆ ਹਾਂ। ਮੁਆਫ਼ੀ ਦਾ ਪਹਿਲਾ ਅਨੁਭਵ ਉਦੋਂ ਹੋਇਆ ਸੀ ਜਦੋਂ ਮੇਰੇ ਅਤੇ ਜੂਹੀ (ਚਾਵਲਾ) ਵਿਚਾਲੇ ਬੋਲਚਾਲ ਬੰਦ ਹੋਈ ਸੀ। ਕਿਸੇ ਵਜ੍ਹਾ ਕਰਕੇ ਸਾਡੇ ਦੋਵਾਂ ਵਿਚ ਮਨ-ਮੁਟਾਵ ਹੋ ਗਿਆ ਸੀ ਅਤੇ ਸੱਤ ਸਾਲ ਤੱਕ ਸਾਡੇ ਦੋਵਾਂ ਵਿਚਾਲੇ ਗੱਲਬਾਤ ਬੰਦ ਰਹੀ। ਜਦੋਂ ਜੂਹੀ ਨੂੰ ਇਕ ਦਿਨ ਪਤਾ ਲੱਗਿਆ ਕਿ ਮੇਰੇ ਅਤੇ ਰੀਨਾ ਵਿਚਾਲੇ ਤਲਾਕ ਹੋਣ ਜਾ ਰਿਹਾ ਹੈ ਤਾਂ ਉਸ ਨੇ ਮੈਨੂੰ ਫੋਨ ਕੀਤਾ। ਸੱਤ ਸਾਲ ਬਾਅਦ ਪਹਿਲੀ ਵਾਰ ਉਸ ਨਾਲ ਫੋਨ ‘ਤੇ ਗੱਲ ਹੋ ਰਹੀ ਸੀ ਅਤੇ ਉਹ ਚਾਹੁੰਦੀ ਸੀ ਕਿ ਮੈਂ ਰੀਨਾ ਤੋਂ ਤਲਾਕ ਨਾ ਲਵਾਂ। ਦੂਜੇ ਦਿਨ ਉਹ ਮੈਨੂੰ ਮਿਲਣ ਮੇਰੇ ਘਰ ਆਈ ਅਤੇ ਉਦੋਂ ਅਸੀਂ ਇਕ ਦੂਜੇ ਨੂੰ ‘ਸੌਰੀ’ ਕਹਿ ਕੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਉਸ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਜਿਵੇਂ ਮੇਰੇ ਦਿਲ ਤੋਂ ਵੱਡਾ ਬੋਝ ਉਤਰ ਗਿਆ। ਇਸ ਕਿੱਸੇ ਤੋਂ ਬਾਅਦ ਮੈਨੂੰ ਮੁਆਫੀ ਦੇਣ ਦਾ ਮਹੱਤਵ ਪਤਾ ਲੱਗਿਆ। ਕਿਸੇ ਦੇ ਪ੍ਰਤੀ ਦਿਲ ਵਿਚ ਕੜਵਾਹਟ ਨਾ ਰੱਖਣ ਦੀ ਸਿੱਖਿਆ ਉਦੋਂ ਮਿਲੀ। ਬਾਅਦ ਵਿਚ ਜਦੋਂ ਸਵਾਤੀ ਨੇ ਮੇਰੇ ਨਾਲ ਸੰਪਰਕ ਕਰ ਕੇ ਕਿਹਾ ਕਿ ਉਹ ਮੁਆਫ਼ੀ ਨੂੰ ਮੁੱਖ ਰੱਖ ਕੇ ਇਕ ਡਾਕੂਮੈਂਟਰੀ ਬਣਾਉਣ ਬਾਰੇ ਸੋਚ ਰਹੀ ਹੈ ਤਾਂ ਮੈਂ ਇਸ ਪ੍ਰੋਜੈਕਟ ਲਈ ਤੁਰੰਤ ਹਰੀ ਝੰਡੀ ਦੇ ਦਿੱਤੀ।