ਚੰਡੀਗੜ੍ਹ -ਪੱਤਰਕਾਰ ਛਤਰਪਤੀ ਹੱਤਿਆ ਦੇ ਮਾਮਲੇ ‘ਚ ਅੱਜ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀਆਂ ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੂੰ ਧਾਰਾ 302, 120ਬੀ ਤਹਿਤ ਉਮਰ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ|ਰਾਮ ਰਹੀਮ ਨੂੰ ਮਿਲੀ ਇਹ ਸਜ਼ਾ ਉਸ ਵਲੋਂ ਪਹਿਲਾਂ ਭੁਗਤੀ ਜਾ ਰਹੀ 20 ਸਾਲ ਦੀ ਸਜ਼ਾ ਦੇ ਬਾਅਦ ਸ਼ੁਰੂ ਹੋਵੇਗੀ | ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਹੁਣ ਉਮਰ ਕੈਦ ਦਾ ਮਤਲਬ ਪੂਰੀ ਉਮਰ ਆਖ਼ਰੀ ਸਾਹ ਤੱਕ ਜੇਲ੍ਹ ‘ਚ ਹੀ ਰਹਿਣਾ ਹੈ | ਇਸ ਤੋਂ ਇਲਾਵਾ ਕ੍ਰਿਸ਼ਨ ਲਾਲ ਤੇ ਨਿਰਮਲ ਸਿੰਘ ਨੂੰ ਅਸਲ੍ਹਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 3-3 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਗਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਰਾਮ ਰਹੀਮ ਸਮੇਤ ਚਾਰੇ ਦੋਸ਼ੀ ਜੁਰਮਾਨੇ ਦੀ ਰਾਸ਼ੀ ਨਹੀਂ ਭਰਦੇ ਤਾਂ ਉਨ੍ਹਾਂ ਨੂੰ 2-2 ਸਾਲ ਦੀ ਸਜ਼ਾ ਹੋਰ ਕੱਟਣੀ ਹੋਵੇਗੀ ਜਦੋਂ ਕਿ ਅਸਲ੍ਹਾ ਕਾਨੂੰਨ ਤਹਿਤ ਸੁਣਾਈ ਗਈ ਜੁਰਮਾਨੇ ਦੀ ਸਜ਼ਾ ਨਾ ਭੁਗਤਣ ‘ਤੇ ਉਨ੍ਹਾਂ ਨੂੰ 3-3 ਮਹੀਨੇ ਦੀ ਸਜ਼ਾ ਵੱਖਰੀ ਭੁਗਤਣੀ ਹੋਵੇਗੀ | ਜ਼ਿਕਰਯੋਗ ਹੈ ਕਿ ਰਾਮ ਰਹੀਮ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ‘ਚ ਇਸ ਸਮੇਂ ਸੁਨਾਰੀਆ ਜੇਲ੍ਹ ‘ਚ ਬੰਦ ਹੈ ਅਤੇ 20 ਸਾਲ ਦੀ ਸਜ਼ਾ ਕੱਟ ਰਿਹਾ ਹੈ | ਇਹ ਸਾਰੀਆਂ ਸਜ਼ਾਵਾਂ ਵੱਖ-ਵੱਖ ਚੱਲਣਗੀਆਂ ਜਿਸ ਦਾ ਅਰਥ ਹੈ ਕਿ 20 ਸਾਲ ਦੀ ਸਜ਼ਾ ਖ਼ਤਮ ਹੋਣ ਤੋਂ ਬਾਅਦ ਇਹ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ | ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਦੀ ਅਦਾਲਤ ‘ਚ ਰਾਮ ਰਹੀਮ ਨੂੰ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਅਤੇ ਬਾਕੀ ਤਿੰਨ ਦੋਸ਼ੀ ਸੈਂਟਰਲ ਜੇਲ੍ਹ ਅੰਬਾਲਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ | ਦੁਪਹਿਰ ਕਰੀਬ 2 ਵਜੇ ਅਦਾਲਤ ਵਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ‘ਤੇ ਸੀ.ਬੀ.ਆਈ. ਅਤੇ ਬਚਾਅ ਪੱਖ ਵਲੋਂ ਆਪਣੇ-ਆਪਣੇ ਤਰਕ ਰੱਖੇ ਗਏ | ਸੀ.ਬੀ.ਆਈ. ਵਕੀਲ ਨੇ ਅਦਾਲਤ ਸਾਹਮਣੇ ਇਹ ਗੱਲ ਰੱਖੀ ਕਿ ਡੇਰਾ ਮੁਖੀ ਸਮੇਤ ਚਾਰਾਂ ਦੋਸ਼ੀਆਂ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਅਤੇ ਇਕ ਪੱਤਰਕਾਰ ਦੀ ਹੱਤਿਆ ਕਰਕੇ ਉਸ ਦੇ ਛੋਟੇ-ਛੋਟੇ ਬੱਚਿਆਂ ਤੇ ਪਰਿਵਾਰ ਨੂੰ ਅਨਾਥ ਕਰਨ ਦਾ ਕੰਮ ਕੀਤਾ | ਇਸ ਲਈ ਕਤਲ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਵੱਧ ਤੋਂ ਵੱਧ ਸਜ਼ਾ ਜੋ ਕਿ ਫਾਂਸੀ ਦੀ ਸਜ਼ਾ ਬਣਦੀ ਹੈ, ਦਿੱਤੀ ਜਾਵੇ | ਡੇਰਾ ਮੁਖੀ ਤੇ ਹੋਰ ਦੋਸ਼ੀਆਂ ਵਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤ ਸਾਹਮਣੇ ਕਿਹਾ ਕਿ ਡੇਰਾ ਮੁਖੀ ਨੇ ਸਮਾਜਿਕ ਕਾਰਜਾਂ ਨੂੰ ਉਤਸ਼ਾਹਿਤ ਕਰਦੇ ਹੋਏ ਅਨੇਕ ਸਮਾਜ ਸੇਵਾ ਦੇ ਕੰਮ ਕੀਤੇ ਹਨ, ਇਸ ਲਈ ਉਨ੍ਹਾਂ ਪ੍ਰਤੀ ਨਰਮੀ ਦਿਖਾਉਂਦੇ ਹੋਏ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ | ਕਰੀਬ ਸਵਾ 4 ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸ਼ਾਮ ਕਰੀਬ 6.25 ਵਜੇ ਆਪਣਾ ਫ਼ੈਸਲਾ
ਸੁਣਾਉਂਦੇ ਹੋਏ ਚਾਰਾਂ ਦੋਸ਼ੀਆਂ ਨੂੰ ਉਮਰ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ | ਇਹ ਸ਼ਾਇਦ ਪਹਿਲਾ ਮਾਮਲਾ ਹੈ ਜਿੱਥੇ ਚਾਰਾਂ ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਦੇ ਹੋਏ ਹੱਤਿਆ ਦੇ ਦੋਸ਼ ‘ਚ ਸਜ਼ਾ ਸੁਣਾਈ ਗਈ ਹੈ | ਪੂਰੀ ਸੁਣਵਾਈ ਦੌਰਾਨ ਰਾਮ ਰਹੀਮ ਬੇਹੱਦ ਨਿਰਾਸ਼ ਤੇ ਮਾਯੂਸ ਨਜ਼ਰ ਆਏ ਤੇ ਮੂੰਹ ਹੇਠਾਂ ਕਰ ਹੱਥ ਜੋੜ ਕੇ ਖੜ੍ਹੇ ਰਹੇ | ਬਹਿਸ ਪੂਰੀ ਹੋਣ ਤੋਂ ਬਾਅਦ ਜੱਜ ਨੇ ਆਪਣਾ ਫ਼ੈਸਲਾ ਲਿਖਵਾਉਣਾ ਸ਼ੁਰੂ ਕਰ ਦਿੱਤਾ | ਚਾਰਾਂ ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਦੀ ਸਕਰੀਨ ‘ਤੇ ਲਿਆ ਕੇ ਸਜ਼ਾ ਸੁਣਾਈ ਗਈ | ਅੱਜ ਜਿੱਥੇ ਅਦਾਲਤ ‘ਚ ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਅਤੇ ਸਵ. ਰਾਮਚੰਦਰ ਛਤਰਪਤੀ ਦਾ ਬੇਟਾ ਅੰਸ਼ੁਲ ਛਤਰਪਤੀ ਮੌਜੂਦ ਸੀ ਉੱਥੇ ਇਸ ਮਾਮਲੇ ਦਾ ਮੁੱਖ ਗਵਾਹ ਖੱਟਾ ਸਿੰਘ ਵੀ ਮੌਜੂਦ ਰਿਹਾ | ਯਾਦ ਰਹੇ ਕਿ 24 ਅਕਤੂਬਰ 2002 ‘ਚ ਪੱਤਰਕਾਰ ਛਤਰਪਤੀ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਤੇ 28 ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ | ਇਸੇ ਸਾਲ 11 ਜਨਵਰੀ ਨੂੰ ਸੀ.ਬੀ.ਆਈ. ਅਦਾਲਤ ਨੇ ਇਸ ਹੱਤਿਆ ਦੇ ਮਾਮਲੇ ‘ਚ ਰਾਮ ਰਹੀਮ, ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੂੰ ਧਾਰਾ 302, 120ਬੀ ਦੇ ਅਧੀਨ ਹੱਤਿਆ ਦਾ ਦੋਸ਼ੀ ਠਹਿਰਾਉਂਦੇ ਹੋਏ ਵੀਰਵਾਰ ਸਜ਼ਾ ਸੁਣਾਏ ਜਾਣ ਦਾ ਐਲਾਨ ਕੀਤਾ ਸੀ |ਇਸ ਤੋਂ ਇਲਾਵਾ ਕਿ੍ਸ਼ਨ ਲਾਲ ਤੇ ਨਿਰਮਲ ਸਿੰਘ ਨੂੰ ਅਸਲ੍ਹਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਸੀ, ਕਿਉਂਕਿ ਕ੍ਰਿਸ਼ਨ ਲਾਲ ਦੀ ਰਿਵਾਲਵਰ ਨਾਲ ਨਿਰਮਲ ਸਿੰਘ ਨੇ ਪੱਤਰਕਾਰ ਛਤਰਪਤੀ ਦੀ ਹੱਤਿਆ ਕੀਤੀ ਸੀ। ਸੁਣਵਾਈ ਦੌਰਾਨ ਡੇਰਾ ਮੁਖੀ ਨਾਲ ਮੌਜੂਦ ਰਿਹਾ ਉਸ ਦਾ ਵਕੀਲ
ਅੱਜ ਡੇਰਾ ਮੁਖੀ ਵਲੋਂ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ‘ਚ ਉਸ ਦੇ ਵਕੀਲ ਗੁਰਦਾਸ ਸਿੰਘ ਸਲਵਾਰਾ ਵਲੋਂ ਇਕ ਅਪੀਲ ਕੀਤੀ ਗਈ ਕਿ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੇ ਵਕੀਲ ਸੰਦੀਪ ਕਾਮਰਾ ਨੂੰ ਸੁਨਾਰੀਆ ਜੇਲ੍ਹ ‘ਚ ਮੌਜੂਦ ਰਹਿਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਵਕੀਲ ਡੇਰਾ ਮੁਖੀ ਨੂੰ ਅਦਾਲਤ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਅਦਾਲਤ ਦੀ ਕਾਰਵਾਈ ਦੇ ਬਾਰੇ ਦੱਸ ਸਕੇ ਤੇ ਪੂਰੀ ਸਥਿਤੀ ਸਪੱਸ਼ਟ ਕਰ ਸਕੇ | ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਡੇਰਾ ਮੁਖੀ ਦੇ ਵਕੀਲ ਦੀ ਇਸ ਅਪੀਲ ਨੂੰ ਸਵੀਕਾਰ ਕਰਦੇ ਹੋਏ ਸਰਕਾਰੀ ਵਕੀਲ ਨਾਲ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੂੰ ਵਕੀਲ ਸੰਦੀਪ ਕਾਮਰਾ ਨੂੰ ਸੁਣਵਾਈ ਦੌਰਾਨ ਮੌਜੂਦ ਰਹਿਣ ਲਈ ਉਚਿੱਤ ਪ੍ਰਬੰਧ ਕੀਤੇ ਜਾਣ ਬਾਰੇ ਸੂਚਿਤ ਕਰਨ ਲਈ ਕਿਹਾ|ਜ਼ਿਕਰਯੋਗ ਹੈ ਕਿ ਵਕੀਲ ਗੁਰਦਾਸ ਸਿੰਘ ਸਲਵਾਰਾ ਹਰਿਆਣਾ ਸਰਕਾਰ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਰਹੇ ਹਨ ਤੇ ਡੇਰਾ ਮੁਖੀ ਦੇ ਕਰੀਬੀ ਰਿਸ਼ਤੇਦਾਰ ਹਨ ਤੇ ਉਹ