ਚੰਡੀਗੜ੍ਹ :’ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ’ ਦੇ ਜਨਰਲ ਸਕੱਤਰ ਅਤੇ ਵਕੀਲ ਨਵੀਕਰਣ ਸਿੰਘ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਤਹਿਤ ਇਕ ਸਾਲ ਬਾਅਦ ਕਿਸਾਨਾਂ ਨੂੰ ਪੈਰੋਲ ਮਿਲ ਸਕਦੀ ਹੈ ਪਰ ਰਾਮ ਰਹੀਮ ਕੋਲ ਕੋਈ ਜ਼ਮੀਨ ਨਹੀਂ ਹੈ ਅਤੇ ਜਿਹੜੀ ਜ਼ਮੀਨ ‘ਤੇ ਖੇਤੀ ਕਰਨ ਲਈ ਉਹ ਪੈਰੋਲ ਮੰਗ ਰਿਹਾ ਹੈ, ਉਹ ਜ਼ਮੀਨ ਟਰੱਸਟ ਦੇ ਨਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਇਸ ਮਾਮਲੇ ‘ਚ ਪੈਰੋਲ ਨੂੰ ਲੈ ਕੇ ਢਿੱਲਾ ਰਵੱਈਆ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਮ ਰਹੀਮ ‘ਤੇ ਲੱਗੇ ਗੰਭੀਰ ਦੋਸ਼ਾਂ ਤੋਂ ਬਾਅਦ ਉਸ ਨੂੰ ਪੈਰੋਲ ਕਿਵੇਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਹੁੰਦਾ ਹੈ, ਜਿਸ ਨੇ ਅਪਰਾਧ ਕੀਤਾ ਤੇ ਸਜ਼ਾ ਭੁਗਤ ਰਿਹਾ ਹੈ ਪਰ ਇਹ ਸ਼ਖਸ ਤਾਂ ਸਿਰ ਤੋਂ ਪੈਰਾਂ ਤੱਕ ਅਪਰਾਧ ‘ਚ ਫਸਿਆ ਹੋਇਆ ਹੈ, ਫਿਰ ਇਸ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ, ਜਦੋਂ ਕਿ ਹਰਿਆਣਾ ਸਰਕਾਰ ਸਿਆਸੀ ਫਾਇਦੇ ਲਈ ਰਾਮ ਰਹੀਮ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਸ਼ਖਸ ਖਿਲਾਫ ਅੰਡਰ ਟ੍ਰਾਇਲ ਮਾਮਲਾ ਚੱਲ ਰਿਹਾ ਹੋਵੇ ਤਾਂ ਉਸ ਨੂੰ ਛੱਡਣਾ ਸਹੀ ਨਹੀਂ ਹੈ।