ਬਰਗਾੜੀ (ਫ਼ਰੀਦਕੋਟ), 9 ਦਸੰਬਰ -ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ‘ਚ ਚੱਲ ਰਹੇ ਇਨਸਾਫ਼ ਮੋਰਚੇ ਦੇ 192ਵੇਂ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਮੋਰਚੇ ‘ਚ ਆ ਕੇ ਮੰਗਾਂ ਮੰਨਣ ਦੇ ਐਲਾਨ ਤੋਂ ਬਾਅਦ ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਦਿਆਂ ਕਿਹਾ ਕਿ ਮੋਰਚੇ ਦਾ ਪਹਿਲਾ ਪੜਾਅ ਖ਼ਤਮ ਹੋ ਗਿਆ ਹੈ ਅਤੇ ਸੰਘਰਸ਼ ਦੀ ਅਗਲੀ ਰਣਨੀਤੀ 11 ਦਸੰਬਰ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਤੈਅ ਕੀਤੀ ਜਾਵੇਗੀ | ਉਨ੍ਹਾਂ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਰਚੇ ‘ਚੋਂ ਕਿਸੇ ਵੀ ਸਹਿਯੋਗੀ ਜਥੇਬੰਦੀ ਨੇ ਕੋਈ ਪੈਸਾ ਆਦਿ ਨਹੀਂ ਲਿਆ | ਇਸ ਮੋਰਚੇ ‘ਚ ਕੁੱਲ 1 ਕਰੋੜ 48 ਲੱਖ ਰੁਪਏ ਆਏ ਸਨ, ਜਿਸ ‘ਚੋਂ ਖ਼ਰਚੇ ਤੋਂ ਬਾਅਦ 22 ਲੱਖ ਰੁਪਏ ਬੱਚਤ ਸੰਗਤ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਪੂਰਨ ਇਨਸਾਫ਼ ਤੱਕ ਸੰਘਰਸ਼ ਜਾਰੀ ਰਹੇਗਾ ਤੇ ਸਮੂਹ ਬੰਦੀ ਸਿੰਘ ਰਿਹਾਅ ਕਰਵਾਏ ਜਾਣਗੇ | ਗੁਰੂ ਸਾਹਿਬਾਨ ਦੇ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਰਾਜ ਭਾਗ ਲਈ ਰਣਨੀਤੀ ਉਲੀਕੀ ਜਾਵੇਗੀ | ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਗਪਗ ਸਾਰੇ ਦੋਸ਼ੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ | ਬਹਿਬਲ ਕਲਾਂ ਗੋਲੀਕਾਂਡ ਲਈ ਬਾਦਲ ਸਰਕਾਰ ਵਲੋਂ ਐਲਾਨੀ ਅਣਪਛਾਤੀ ਪੁਲਿਸ ‘ਚੋਂ ਹੁਣ ਤੱਕ ਕੈਪਟਨ ਸਰਕਾਰ ਨੇ ਚਾਰ ਦੋਸ਼ੀ ਪੁਲਿਸ ਅਫ਼ਸਰਾਂ ਵਿਰੁੱਧ ਪਰਚਾ ਦਰਜ ਕੀਤਾ ਹੈ | ਸ਼ਹੀਦਾਂ ਦੇ ਪਰਿਵਾਰਾਂ ਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਰਹਿ ਗਏ ਜ਼ਖ਼ਮੀ ਹੁਣ ਵੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁਆਵਜ਼ਾ ਲੈ ਸਕਦੇ ਹਨ | ਕੈਪਟਨ ਸਰਕਾਰ ਨੇ ਜਾਂਚ ਸੀ. ਬੀ. ਆਈ. ਤੋਂ ਵਾਪਸ ਲੈ ਕੇ ਐਸ.ਆਈ.ਟੀ. ਗਠਿਤ ਕੀਤੀ ਹੈ | ਅਦਾਲਤ ‘ਚ ਸਰਕਾਰੀ ਵਕੀਲਾਂ ਨਾਲ ਮੋਰਚੇ ਵਲੋਂ ਵੀ ਦੋ ਵਕੀਲ ਪੇਸ਼ ਹੋ ਸਕਣਗੇ |
ਉਨ੍ਹਾਂ ਐਲਾਨ ਕੀਤਾ ਕਿ ਬੰਦੀ ਸਿੰਘ ਦਿਲਬਾਗ ਸਿੰਘ ਨਾਭਾ ਜਲਦ ਰਿਹਾਅ ਕੀਤੇ ਜਾ ਰਹੇ ਹਨ | ਗੁਰਦੀਪ ਸਿੰਘ ਖੇੜਾ ਨੂੰ ਪੰਜਾਬ ਦੀ ਜੇਲ੍ਹ ‘ਚ ਤਬਦੀਲ ਕੀਤਾ ਗਿਆ ਹੈ ਤੇ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਜੇਲ੍ਹ ‘ਚ ਤਬਦੀਲੀ ਲਈ ਚਿੱਠੀ ਲਿਖੀ ਜਾ ਚੁੱਕੀ ਹੈ | ਉਨ੍ਹਾਂ ਡੇਰਾ ਸਿਰਸਾ ਮੁਖੀ ਸਬੰਧੀ ਦਰਜ ਸਾਰੇ 295ਏ ਦੇ ਕੇਸ ਰੱਦ ਕਰਨ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਬਰਗਾੜੀ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਅਜਿਹੇ ਡਰਾਮਿਆਂ ਨਾਲ ਕੀਤੇ ਗੁਨਾਹਾਂ ‘ਤੇ ਪਰਦਾ ਨਹੀਂ ਪਾਇਆ ਜਾ ਸਕਦਾ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸੰਗਤ ਬਾਦਲਾਂ ਦੀ ਗਿ੍ਫ਼ਤਾਰੀ ਚਾਹੁੰਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਰਾਜ ਭਾਗ ਮੋਰਚੇ ਨਾਲ ਸਬੰਧਿਤ ਧਰਮੀ ਆਗੂਆਂ ਕੋਲ ਹੁੰਦਾ ਤਾਂ ਸਾਨੂੰ ਇਨਸਾਫ਼ ਲੈਣ ਲਈ ਮੋਰਚੇ ਆਦਿ ਨਾ ਲਗਾਉਣੇ ਪੈਂਦੇ | ਉਨ੍ਹਾਂ ਇਹ ਗੱਲ ਫ਼ਿਰ ਦੁਹਰਾਈ ਕਿ ਹੁਣ ਵਾਲੀ ਸਰਕਾਰ ਨਾਲ ਸਾਰੀ ਗੱਲਬਾਤ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਭੇਜੇ ਨੁਮਾਇੰਦਿਆਂ ਨਾਲ ਹੀ ਹੋਈ ਹੈ ਜਦੋਂ ਕਿ ਉਨ੍ਹਾਂ ਖੁਦ ਦੀ ਪਹਿਲਾਂ 6 ਜੂਨ ਨੂੰ ਹੀ ਸਰਕਾਰ ਨਾਲ ਗੱਲਬਾਤ ਹੋਈ ਸੀ | ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਅਸੀਂ ਅੱਜ ਵੀ ਗੁਲਾਮ ਹਾਂ ਪ੍ਰੰਤੂ ਫਿਰ ਵੀ ਮੋਰਚੇ ਨੇ ਕਾਫ਼ੀ ਪ੍ਰਾਪਤੀਆਂ ਕੀਤੀਆਂ ਹਨ ਤੇ ਸਾਨੂੰ ਸਭ ਨੂੰ ਜਥੇਦਾਰ ਧਿਆਨ ਸਿੰਘ ਮੰਡ ਤੇ ਦੂਸਰੇ ਜਥੇਦਾਰ ਸਾਹਿਬਾਨ ਦਾ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਬੂਟਾ ਸਿੰਘ ਰਣਸੀਂਹਕੇ, ਭਾਈ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਸਹੋਲੀ, ਬਾਬਾ ਫ਼ੌਜਾ ਸਿੰਘ ਤੇ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਥ ਤੇ ਪੰਜਾਬ ਦੇ ਭਲੇ ਲਈ ਜਥੇਦਾਰ ਧਿਆਨ ਸਿੰਘ ਮੰਡ ਦੇ ਹਰ ਫ਼ੈਸਲੇ ‘ਤੇ ਫੁੱਲ ਚੜ੍ਹਾਉਣਗੇ |