ਐਡਮਿੰਟਨ (ਕਿਰਤਮੀਤ) : ਪ੍ਰੋਗਰੈਸਿਵ ਪੀਪਲਜ਼ ਫਾਉਂਡੇਸ਼ਨ ਆਫ਼ ਐਡਮਿੰਟਨ (ਪੀ.ਪੀ.ਐਫ.ਈ.) ਵਲੋਂ ਸਥਾਨਕ ਪੀ.ਸੀ.ਏ. ਹਾਲ ਵਿਖੇ ਕਾਰਲ ਮਾਰਕਸ ਦੇ 200ਵੀਂ ਜਨਮ ਸ਼ਤਾਬਦੀ ਅਤੇ ਭਗਤ ਸਿੰਘ ਦੇ 111ਵੇਂ ਜਨਮ ਦਿਨ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਰਾਜ ਪੰਨੂ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਸੰਸਥਾ ਦੇ ਪ੍ਰਧਾਨ ਡਾ. ਪੀ.ਆਰ. ਕਾਲੀਆ ਅਤੇ ਮੈਂਬਰ ਰਬਿੰਦਰ ਸਰਾਂ ਸ਼ਾਮਲ ਹੋਏ। ਸੈਮੀਨਾਰ ਦਾ ਵਿਸ਼ਾ ’21ਵੀਂ ਸਦੀ ਦੇ ਸੰਦਰਭ ਵਿਚ ਕਾਰਲ ਮਾਰਕਸ’ ਸੀ।
ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਦਿਉਲ ਨੇ ਨਿਭਾਉਂਦਿਆਂ ਪੀ.ਪੀ.ਐਫ.ਈ. ਬਾਰੇ ਅਤੇ ਸਮਾਗਮ ਦੀ ਰੂਪ ਰੇਖਾ ਹਾਜ਼ਰੀਨ ਨਾਲ ਸਾਂਝੀ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਨਵਤੇਜ ਬੈਂਸ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਜ ਦੇ ਹਾਲਾਤ ਨਾਲ ਜੋੜ ਕੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਅੱਜ ਨੌਜਵਾਨ ਲੜ ਰਿਹਾ ਹੈ, ਭਾਵੇਂ ਅੱਜ ਉਹ ਸਕੂਲਾਂ/ਕਾਲਜਾਂ ਵਿਚ ਆਪਣੀ ਪੜ੍ਹਾਈ ਦੀ ਲੜਾਈ ਹੋਵੇ ਜਾਂ ਬੇਰੁਜ਼ਗਾਰੀ ਦੇ ਹਾਲਾਤ ਵਿਚ ਉਹ ਆਪਣੇ ਹੱਕ ਮੰਗਦੇ ਹੋਏ ਸੜਕਾਂ ‘ਤੇ ਉਤਰਦੇ ਹੋਣ। ਉਨ੍ਹਾਂ ਦੱਸਿਆ ਕਿ ਪੀ.ਪੀ.ਐਫ.ਈ. ਵਲੋਂ ਕਿਤਾਬਾਂ ਦੇ ਰੂਪ ਵਿਚ ਸਮੇਂ ਸਮੇਂ ‘ਤੇ ਮਾਰਕਸ ਅਤੇ ਭਗਤ ਸਿੰਘ ਜਾਂ ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ।
ਇਸ ਮਗਰੋਂ ਪਵਿੱਤਰ ਧਾਲੀਵਾਲ ਨੇ ਆਪਣੀ ਕਿਤਾਬ ‘ਸਮੇਂ ਦਾ ਰਾਗ਼’ ਵਿਚੋਂ ਕਵਿਤਾ ‘ਭਗਤ ਸਿੰਘ’ ਸਾਂਝੀ ਕੀਤੀ। ਲਾਡੀ ਸੂਸਾਂਵਾਲੇ ਨੇ ਆਪਣੀ ਕਵਿਤਾ ‘ਯਾਰਾ ਕਦੀ ਵਾਪਸ ਆ’ ਸੁਣਾ ਕੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਓਮੀ ਬਾਬਾ ਨੇ ਖੂਬਸੂਰਤ ਆਵਾਜ਼ ਵਿਚ ਭਗਤ ਸਿੰਘ ਦਾ ਆਖ਼ਰੀ ਸੁਨੇਹਾ ‘ਇਨਕਲਾਬ-ਜ਼ਿੰਦਾਬਾਦ’ ਸੁਣਾਇਆ। ਜਸਬੀਰ ਸਿੰਘ ਸੰਘਾ ਨੇ ਡਾ. ਜਗਤਾਰ ਦੀ ਗ਼ਜ਼ਲ ‘ਖੂਨ ਸਾਡਾ ਪਾਣੀ ਨਹੀਂ’ ਸੁਣਾਈ।
ਦੂਸਰੇ ਸੈਸ਼ਨ ਵਿਚ ਪੀ.ਪੀ.ਐਫ.ਈ. ਦੇ ਮੈਂਬਰ ਅਤੇ ਕਿਤਾਬਾਂ ਛਾਪਣ ਵਾਲੀ ਤਾਲਮੇਲ ਕਮੇਟੀ ਦੇ ਮੈਂਬਰ ਰਬਿੰਦਰ ਸਰਾਂ ਨੇ ਸਮਾਗਮ ਵਿਚ ਰਿਲੀਜ਼ ਕੀਤੀ ਜਾਣ ਵਾਲੀ ਕਿਤਾਬ ‘ਇਨਕਲਾਬੀ ਸਮਾਜਵਾਦ ਦੇ 100 ਵਰ੍ਹੇ ਬਾਅਦ’ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਪਹਿਲਾਂ ਅੰਗਰੇਜ਼ੀ ਵਿਚ ਅਤੇ ਹੁਣ ਪੰਜਾਬੀ ਵਿਚ ਅਨੁਵਾਦ ਹੋ ਕੇ ਪਾਠਕਾਂ ਦੀ ਝੋਲੀ ਪਾਈ ਜਾ ਰਹੀ ਹੈ। ਸਰਾਂ ਨੇ ਸਮਾਜਵਾਦੀ ਇਨਕਲਾਬ ਦੇ ਰਚੇਤਾ ਕਾਰਲ ਮਾਰਕਸ ਦੀ 200ਵੀਂ ਜਨਮ ਸ਼ਤਾਬਦੀ ਬਾਰੇ ਦੱਸਿਆ ਕਿ ਮਜ਼ਦੂਰਾਂ ਦੇ ਰਾਜ ਨੂੰ ਲੋਕਾਂ ਵਲੋਂ ਅਪਣਾਇਆ ਗਿਆ।
ਇਸ ਮਗਰੋਂ ਪੀ.ਪੀ.ਐਫ.ਈ. ਵਲੋਂ ਪਹਿਲਾਂ ਅੰਗਰੇਜ਼ੀ ਵਿਚ ਛਾਪੀ ਕਿਤਾਬ ਦਾ ਪੰਜਾਬੀ ਅਨੁਵਾਦ ‘ਪਹਿਲਾ ਸਮਾਜਵਾਦੀ ਇਨਕਲਾਬ-ਸੌ ਵਰ੍ਹੇ ਬਾਅਦ’ ਨੂੰ ਲੋਕ ਅਰਪਣ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਡਾ. ਪੀ.ਆਰ. ਕਾਲੀਆ ਨੇ ਮਾਰਕਸ ਦੀ ਸੋਚ ਨੂੰ ਅੱਜ ਦੇ ਹਾਲਾਤ ਦੇ ਸਨਮੁੱਖ ਕਵਿਤਾ ‘ਯੇ ਤੀਸਰਾ ਕੌਨ ਹੈ’ ਸੁਣਾਈ ਅਤੇ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਡਾ. ਕਾਲੀਆ ਨੇ ਪੂੰਜੀਵਾਦ ਦੀ ਹੋਂਦ ਅਤੇ ਇਸ ਵਿਰੁੱਧ ਚਲਦੀ ਲੜਾਈ ਨੂੰ ਵਿਸਥਾਰ ਨਾਲ ਪੇਸ਼ ਕੀਤਾ। ਪਹਿਲੇ ਇਨਕਲਾਬ ਦੇ ਕਾਰਨ ਅਤੇ ਉਪਰੰਤ ਰੂਸ ਵਿਚ ਮੁੜ ਪੂੰਜੀਵਾਦ ਦਾ ਕਬਜ਼ਾ ਹੋਣ ਬਾਰੇ ਚਰਚਾ ਕੀਤੀ।
ਸਵਾਲ-ਜਵਾਬ ਦੇ ਸੈਸ਼ਨ ਵਿਚ ਹਿੱਸਾ ਲੈਂਦਿਆਂ ਪ੍ਰਤਾਪ ਬਰਾੜ ਨੇ ਕਿਹਾ ਕਿ ਮਾਰਕਸ ਨੇ ਸਮੁੱਚੇ ਜੀਵਨ ਅਤੇ ਮਾਨਵਤਾ ਦੀ ਬਿਹਤਰੀ ਲਈ ਕੰਮ ਕੀਤਾ। ਮਾਰਕਸ ਨੇ ਵਿਰੋਧ-ਵਿਕਾਸੀ ਸਿਧਾਂਤ ਨੂੰ ਜਨਮ ਦਿੱਤਾ। ਪ੍ਰਤਾਪ ਬਰਾੜ ਨੇ ਭਾਰਤ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿਚ ਮਜ਼ਦੂਰ ਅਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਜਿਸ ਨੂੰ ਰੋਕਣ ਦਾ ਇਕੋ-ਇਕ ਹੱਲ ਸਿਰਫ਼ ਮਾਰਕਸਵਾਦੀ ਸਮਾਜਵਾਦ ਹੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਰਾਜ ਪੰਨੂ ਨੇ ਕਿਹਾ ਕਿ ਸਮਾਗਮ ਵਿਚ ਦੋ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਉਨ੍ਹਾਂ ਦੋਹਾਂ (ਮਾਰਕਸ ਅਤੇ ਭਗਤ ਸਿੰਘ) ਦੀ ਦੇਣ ਹੈ ਕਿ ਅੱਜ ਅਸੀਂ ਆਪਣੇ ਹੱਕਾਂ ਲਈ ਆਵਾਜ਼ ਚੁੱਕ ਸਕਦੇ ਹਾਂ। ਮਾਨਵੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਅਤੇ ਸਮਝਣ ਵਿਚ ਇਨ੍ਹਾਂ ਦੋਹਾਂ ਦੀ ਬਹੁਤ ਵੱਡੀ ਦੇਣ ਹੈ। ਭਗਤ ਸਿੰਘ ਦੀ ਸੋਚ ‘ਤੇ ਕਾਰਲ ਮਾਰਕਸ ਦਾ ਬਹੁਤ ਵੱਡਾ ਪ੍ਰਭਾਵ ਸੀ, ਜਿਸ ਕਰਕੇ ਉਨ੍ਹਾਂ ਨੇ ਇਨਕਲਾਬ ਦਾ ਨਾਅਰਾ ਦਿੱਤਾ। ਭਗਤ ਸਿੰਘ ਦੀ ਸੋਚ ਦਾ ਪ੍ਰਭਾਵ ਇਕੱਲੇ ਭਾਰਤੀ ਹੀ ਨਹੀਂ ਸਗੋਂ ਸੰਸਾਰ ਦੇ ਲੇਖਕਾਂ ਬੁੱਧੀਜੀਵੀਆਂ ‘ਤੇ ਵੀ ਪਿਆ। ਉਨ੍ਹਾਂ ਨੇ ਕਿਹਾ ਕਿ ਮਾਰਕਸ ਇਕ ਚਿੰਤਕ ਤੇ ਲੇਖਕ ਹੀ ਨਹੀਂ ਸਗੋਂ ਇਕ ਇਨਕਲਾਬੀ ਵੀ ਸਨ। ਜਦੋਂ ਤੱਕ ਮਾਰਕਸ ਦੀ ਸੋਚ ਨੂੰ ਲਾਗੂ ਨਹੀਂ ਕੀਤਾ ਜਾਂਦਾ, ਸਮਾਜਵਾਦ ਨਹੀਂ ਆ ਸਕਦਾ। ਡਾ. ਪੰਨੂ ਨੇ ਅਖ਼ੀਰ ਵਿਚ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਪੀ.ਪੀ.ਐਫ.ਈ. ਨੂੰ ਅਜਿਹੇ ਸਮਾਗਮ ਕਰਵਾਉਣ ਤੇ ਕਿਤਾਬਾਂ ਛਪਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਪੀ.ਪੀ.ਐਫ.ਈ. ਵਲੋਂ ਛਾਪੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ।