ਨਵੀਂ ਦਿੱਲੀ— ਜਲਦ ਹੀ ਰੇਲ ਸਫਰ ਮਹਿੰਗਾ ਹੋ ਸਕਦਾ ਹੈ। ਰੇਲਵੇ ਯਾਤਰੀ ਕਿਰਾਏ ਦੇ ਮਾਡਲ ‘ਚ ਬਦਲਾਵ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤਹਿਤ ਮਾਰਗ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾ ਸਕਦਾ ਹੈ, ਜਿਸ ਨਾਲ ਕੁਝ ਮਾਰਗਾਂ ‘ਤੇ ਯਾਤਰੀ ਕਿਰਾਏ ਵਧ ਸਕਦੇ ਹਨ। ਨਵਾਂ ਮਾਡਲ ਸਾਰੀਆਂ ਰੇਲ ਗੱਡੀਆਂ ‘ਤੇ ਲਾਗੂ ਹੋਵੇਗਾ।
ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕਿਰਾਏ ਦੇ ਨਵੇਂ ਮਾਡਲ ‘ਤੇ ਅਜੇ ਸ਼ੁਰੂਆਤੀ ਪੱਧਰ ‘ਤੇ ਚਰਚਾ ਹੋ ਰਹੀ ਹੈ। ਇਹ ਰੇਲਵੇ ਲਈ ਜ਼ਰੂਰੀ ਹੈ ਕਿਉਂਕਿ ਯਾਤਰੀ ਕਿਰਾਏ ‘ਚ ਭਾਰੀ ਨੁਕਸਾਨ ਹੋ ਰਿਹਾ ਹੈ। ਸੂਤਰਾਂ ਮੁਤਾਬਕ, ਲੋਕ ਸਭਾ ਚੋਣਾਂ ਤਕ ਇਸ ਯੋਜਨਾ ਦੇ ਸਾਹਮਣੇ ਆਉਣ ਦੀ ਸੰਭਾਵਨਾ ਨਹੀਂ ਹੈ। ਅਗਲੀ ਸਰਕਾਰ ਹੀ ਇਸ’ਤੇ ਵਿਚਾਰ ਕਰ ਸਕਦੀ ਹੈ। ਜਾਣਕਾਰੀ ਮੁਤਾਬਕ, ਪਬਲਿਕ ਫਾਈਨਾਂਸ ਤੇ ਨੀਤੀ ਦੇ ਨੈਸ਼ਨਲ ਇੰਸਟੀਚਿਊਟ (ਐੱਨ. ਆਈ. ਪੀ. ਐੱਫ. ਪੀ.) ਨੇ ਇਹ ਸਲਾਹ ਦਿੱਤੀ ਸੀ ਕਿ ਸਬਸਿਡੀ ਕਾਰਨ ਵਧ ਰਹੇ ਵਿੱਤੀ ਦਬਾਅ ਤੋਂ ਉਭਰਨ ਲਈ ਰੇਲਵੇ ਨੂੰ ਯਾਤਰੀ ਕਿਰਾਏ ‘ਚ ਵਾਧਾ ਕਰਨਾ ਚਾਹੀਦਾ ਹੈ।
ਯਾਤਰੀ ਕਿਰਾਏ ‘ਚ ਰੇਲਵੇ ਨੂੰ ਭਾਰੀ ਨੁਕਸਾਨ
ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਸਾਲ ਬਜਟ ‘ਚ 2019-20 ‘ਚ ਯਾਤਰੀ ਰੈਵੇਨਿਊ ਤੋਂ ਰੇਲਵੇ ਦੀ ਆਮਦਨ 8 ਫੀਸਦੀ ਵਧ ਕੇ 56 ਹਜ਼ਾਰ ਕਰੋੜ ਰੁਪਏ ‘ਤੇ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਉਪਲੱਬਧ ਤਾਜ਼ਾ ਅੰਦਾਜ਼ਿਆਂ ਦੇ ਆਧਾਰ ‘ਤੇ ਰੇਲਵੇ ਪ੍ਰਤੀ 10 ਕਿਲੋਮੀਟਰ ਲਈ ਤਕਰੀਬਨ 36 ਪੈਸੇ ਕਿਰਾਇਆ ਵਸੂਲਦਾ ਹੈ, ਜਦੋਂ ਕਿ ਉਸ ਦਾ ਖਰਚ 73 ਪੈਸੇ ਆਉਂਦਾ ਹੈ। ਇਸ ਤਰ੍ਹਾਂ ਰੇਲਵੇ ਨੂੰ ਯਾਤਰੀ ਸੇਵਾਵਾਂ ‘ਤੇ ਹੋਣ ਵਾਲੇ ਕੁੱਲ ਖਰਚ ਦਾ ਸਿਰਫ 57 ਫੀਸਦੀ ਹੀ ਵਸੂਲ ਹੁੰਦਾ ਹੈ।
ਉੱਥੇ ਹੀ ਛੋਟੇ ਸ਼ਹਿਰਾਂ ‘ਚ ਉਸ ਦੀ ਵਸੂਲੀ 40 ਫੀਸਦੀ ਹੀ ਹੁੰਦੀ ਹੈ। ਅਧਿਕਾਰੀ ਨੇ ਕਿਹਾ ਕਿ ਪਿਛਲੇ 2 ਦਹਾਕਿਆਂ ‘ਚ ਰੇਲਵੇ ਨੇ ਤਿੰਨ ਵਾਰ ਕਿਰਾਇਆ ਵਧਾਇਆ ਅਤੇ ਇਕ ਵਾਰ ਉਸ ਨੂੰ ਯਾਤਰੀ ਕਿਰਾਏ ‘ਚ ਕੀਤਾ ਗਿਆ ਵਾਧਾ ਵਾਪਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਕੁਝ ਮਾਰਗਾਂ ‘ਤੇ ਭਾਰੀ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਕਿਰਾਇਆ ਸਾਰੇ ਮਾਰਗਾਂ ‘ਤੇ ਇਕ ਬਰਾਬਰ ਹੈ। ਇਸ ਲਈ ਮਾਰਗ ਦੇ ਹਿਸਾਬ ਨਾਲ ਕਿਰਾਇਆ ਮਾਡਲ ਹੋ ਸਕਦਾ ਹੈ।