ਅੰਕਰੇਜ: ਅਲਾਸਕਾ ਦੇ ਦੱਖਣੀ ਕੇਨਾਈ ਪ੍ਰਾਈਦੀਪ ‘ਚ 7.0 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੇਅਰਿਕ ਐਡਮਿਨੀਸਟ੍ਰੇਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਭੂਚਾਲ ਨਾਲ ਸੜਕਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇੰਨੇ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲ ਲੋਕਾਂ ‘ਚ ਡਰ ਪੈਦਾ ਹੋ ਗਿਆ ਹੈ ਅਤੇ ਉਹ ਆਪਣੇ ਘਰਾਂ ‘ਚੋਂ ਨਿਕਲ ਕੇ ਭੱਜਣ ਲੱਗੇ ਹਨ। ਭੂਚਾਲ ਦੀ ਤੀਬਰਤਾ ਨੂੰ ਦੇਖਦੇ ਹੋਏ ਸ਼ਹਿਰ ਦੇ ਦੱਖਣ ‘ਚ ਸਥਿਤ ਦੀਪਾਂ ਅਤੇ ਤੱਟੀ ਖੇਤਰਾਂ ਲਈ ਸੰਖੇਪ ਸਮੇਂ ਲਈ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਹਾਲਾਂਕਿ ਸੁਨਾਮੀ ਨਹੀਂ ਆਈ ਅਤੇ ਉਸ ਸਮੇਂ ਕਿਸੇ ਦੇ ਨੁਕਸਾਨੇ ਜਾਣ ਦੀ ਕੋਈ ਖਬਰ ਨਹੀਂ ਹੈ।
ਦੱਸ ਦੇਈਏ ਕਿ ਭੂਚਾਲ ਦਾ ਪਹਿਲਾਂ ਝਟਕਾ ਅੰਕਰੇਜ ਤੋਂ 12 ਕਿਲੋਮੀਟਰ ਉੱਤਰ ‘ਚ ਮਹਿਸੂਸ ਕੀਤਾ ਗਿਆ। ਅੰਕਰੇਜ ਅਲਾਸਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਥੇ ਦੀ ਕੁੱਲ ਆਬਾਦੀ ਤਿੰਨ ਲੱਖ ਹੈ। ਉੱਧਰ ਭੂਚਾਲ ਦੇ ਪਹਿਲੇ ਝਟਕੇ ਦੇ ਕੁਝ ਮਿੰਟ ਬਾਅਦ ਹੀ 5.7 ਤੀਬਰਤਾ ਦੇ ਹੋਰ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਕਈ ਘੰਟਿਆਂ ਲਈ ਉਡਾਣ ਸੇਵਾ ਰੱਦ ਕਰ ਦਿੱਤੀ ਗਈ ਹੈ।