‘ਜ਼ਿੰਦਗੀ ਕਾਟਨੀ ਕਿਸੇ ਥੀ ਹਮੇਂ ਤੋਂ ਜੀਨੀ ਥੀ।’ ਸ਼ਾਹਰੁਖ ਖਾਨ ਦੀ ਫਿਲਮ ‘ਜ਼ੀਰੋ’ ਦਾ ਇਹ ਡਾਇਲਗ ਕਾਫ਼ੀ ਮਸ਼ਹੂਰ ਹੋਇਆ ਹੈ। ਸ਼ਾਹਰੁਖ ਨੇ ਫਿਲਮ ਵਿੱਚ ਬਊਆ ਸਿੰਘ ਨਾਮ ਦੇ ਇੱਕ ਬੌਨੇ ਦਾ ਕਿਰਦਾਰ ਨਿਭਾਇਆ ਹੈ। ਕੀ ਇਹ ਵਾਕ ਅਸਲ ਜ਼ਿੰਦਗੀ ਵਿੱਚ ਵੀ ਇੰਨਾ ਹੀ ਸੱਚਾ ਹੈ। ਛੋਟੇ ਕੱਦ ਦੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਵੀ ਕਈ ਵਾਰੀ ਉਹ ਆਪਣੇ ਕਰੀਅਰ ਵਿੱਚ ਨਵੀਂਆਂ ਉਚਾਈਆਂ ਤੱਕ ਪਹੁੰਚ ਜਾਂਦੇ ਹਨ। ਅਸੀਂ ਅਜਿਹੇ ਕੁਝ ਪ੍ਰੇਰਨਾਦਾਇਕ ਲੋਕਾਂ ਨਾਲ ਗੱਲਬਾਤ ਕੀਤੀ ਹੈ।
ਰੂਹੀ ਸ਼ਿੰਗਾੜੇ, ਪੈਰਾ ਐਥਲੀਟ
ਛੋਟਾ ਕੱਦ ਹੋਣ ਦੇ ਬਾਵਜੂਦ ਮੁੰਬਈ ਦੇ ਨੇੜੇ ਨਾਲਾਸੋਪਾਰਾ ਦੀ ਰਹਿਣ ਵਾਲੀ ਰੂਹੀ ਸ਼ਿੰਗਾੜੇ ਨੇ ਆਪਣੇ ਖੇਡ ਕਰੀਅਰ ਵਿੱਚ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ। ਉਹ ਪੈਰਾ-ਖੇਡਾਂ ਵਿੱਚ ਹਿੱਸਾ ਲੈਂਦੀ ਹੈ ਅਤੇ ਪਾਵਰਲਿਫਟਿੰਗ, ਐਥਲੈਟਿਕਸ ਅਤੇ ਬੈਡਮਿੰਟਨ ਵਿੱਚ ਮੈਡਲ ਹਾਸਿਲ ਕੀਤੇ ਹਨ।
ਉਸ ਨੇ ਅਮਰੀਕਾ ਵਿੱਚ 2013 ਦੀ ਵਰਲਡ ਡਵਾਰਫ ਗੇਮਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਅਤੇ 2017 ਵਿੱਚ ਕੈਨੇਡਾ ਵਿੱਚ ਟੂਰਨਾਮੈਂਟ ਵਿੱਚ ਉਸਨੇ ਡਿਸਕਸ ਥਰੋ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।
ਉਸ ਨੇ ਪੈਰਾ-ਬੈਡਮਿੰਟਨ ਵਿੱਚ ਚਾਰ ਕੌਮਾਂਤਰੀ ਟੂਰਨਾਮੈਂਟ ਵਿੱਚ ਮੈਡਲ ਜਿੱਤੇ ਹਨ। ਉਹ ਆਪਣੇ ਵਰਗੇ ਛੋਟੇ ਕੱਦ ਦੇ ਹੋਰਨਾਂ ਲੋਕਾਂ ਨੂੰ ਵੀ ਸਿਖਲਾਈ ਦਿੰਦੀ ਹੈ। ਰੂਹੀ ਨੇ ਅਮਰੀਕਾ ਵਿੱਚ 2013 ਦੀ ਵਰਲਡ ਡਵਾਰਫ ਗੇਮਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ
“ਪਹਿਲਾਂ ਜਦੋਂ ਮੈਂ ਕਿਤੇ ਵੀ ਜਾਂਦੀ ਸੀ ਤਾਂ ਲੋਕ ਮੇਰਾ ਮਜ਼ਾਕ ਬਣਾਉਂਦੇ ਸਨ। ਉਹ ਕਹਿੰਦੇ ਸਨ, “ਦੇਖੋ ਇਹ ਕੁੜੀ ਕਿਸ ਤਰ੍ਹਾਂ ਚੱਲਦੀ ਹੈ, ਉਹ ਕਿਵੇਂ ਗੱਲਬਾਤ ਕਰਦੀ ਹੈ। ਉਦੋਂ ਮੈਨੂੰ ਬਹੁਤ ਮਾੜਾ ਲੱਗਦਾ ਸੀ ਕਿ ਮੈਂ ਇਸ ਤਰ੍ਹਾਂ ਕਿਉਂ ਹਾਂ ਤੇ ਇਹ ਲੋਕ ਮੈਨੂੰ ਅਜਿਹਾ ਕਿਉਂ ਕਹਿੰਦੇ ਹਨ?”
“ਪਰ ਜਦੋਂ ਮੈਂ ਖੇਡਾਂ ਦੀ ਸ਼ੁਰੂਆਤ ਕੀਤੀ ਤਾਂ ਚੀਜ਼ਾਂ ਬਦਲ ਗਈਆਂ। ਜਦੋਂ ਮੈਂ ਪਹਿਲਾ ਕੌਮਾਂਤਰੀ ਤਗਮਾ ਜਿੱਤਿਆ, ਤਾਂ ਸ਼ਹਿਰ ਦੇ ਲੋਕਾਂ ਨੇ ਮੇਰਾ ਭਰਵਾਂ ਸਵਾਗਤ ਕੀਤਾ। ਹੁਣ ਜਦੋਂ ਵੀ ਮੈਂ ਕਿਤੇ ਜਾਂਦੀ ਹਾਂ ਤਾਂ ਲੋਕ ਮੇਰੀ ਸ਼ਲਾਘਾ ਕਰਦੇ ਹਨ। ਮੇਰਾ ਬਹੁਤ ਸਤਿਕਾਰ ਕਰਦੇ ਹਨ। ਇਸ ਤਰ੍ਹਾਂ ਮੈਨੂੰ ਬਿਹਤਰ ਬਣਾਉਣ ਲਈ ਹੋਰ ਵਿਸ਼ਵਾਸ ਮਿਲਦਾ ਹੈ।
ਰੂਹੀ ਨੇ 2017 ਵਿੱਚ ਕੈਨੇਡਾ ਵਿੱਚ ਟੂਰਨਾਮੈਂਟ ਵਿੱਚ ਡਿਸਕਸ ਥਰੋ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ
“ਸਾਡੇ ਵਰਗੇ ਕਈ ਲੋਕਾਂ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਨੌਕਰੀ ਉੱਤੇ ਨਹੀਂ ਰੱਖਿਆ ਗਿਆ ਸੀ। ਅਸੀਂ ਉਹ ਸਭ ਕੁਝ ਕਰ ਸਕਦੇ ਹਾਂ ਜੋ ਆਮ ਕੱਦ ਵਾਲਾ ਵਿਅਕਤੀ ਕਰ ਸਕਦਾ ਹੈ, ਫਰਕ ਸਿਰਫ਼ ਇੰਨਾ ਹੈ ਕਿ ਅਸੀਂ ਛੋਟੇ ਹਾਂ।” ਰੂਹੀ ਅੱਗੇ ਕਹਿੰਦੀ ਹੈ, “ਇਹ ਚੰਗੀ ਗੱਲ ਹੈ ਕਿ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਸਾਡੇ ਵਰਗੇ ਲੋਕਾਂ ਦਾ ਕਿਰਦਾਰ ਨਿਭਾਇਆ ਹੈ। ਉਮੀਦ ਹੈ ਕਿ ਇਸ ਤੋਂ ਸਾਬਿਤ ਹੋਵੇਗਾ ਕਿ ਅਸੀਂ ਹਰ ਚੀਜ਼ ਕਰ ਸਕਦੇ ਹਾਂ, ਅਸੀਂ ਵੀ ਸਭ ਕੁਝ ਕਰਨ ਦੇ ਸਮਰੱਥ ਹਾਂ।”
ਘਨਸ਼ਿਆਮ ਦਰਾਵੜੇ, ਪਬਲਿਕ ਸਪੀਕਰ
ਦੋ ਸਾਲ ਪਹਿਲਾਂ ਘਨਸ਼ਿਆਮ ਦੇ ਭਾਸ਼ਣ ਦੀ ਇੱਕ ਵੀਡੀਓ ਵਾਇਰਲ ਹੋ ਗਈ। ਉਦੋਂ ਤੋਂ ਘਨਸ਼ਿਆਮ ਦਰਾਵੜੇ ਨੂੰ ‘ਛੋਟਾ ਪੁਧਾਰੀ’ ਜਾਂ ਛੋਟਾ ਆਗੂ ਵਜੋਂ ਜਾਣਿਆ ਜਾਂਦਾ ਹੈ।15 ਸਾਲਾ ਘਨਸ਼ਿਆਮ ਮਹਾਰਾਸ਼ਟਰ ਦੇ ਅਹਿਮਦਨਗਰ ਦਾ ਰਹਿਣ ਵਾਲਾ ਹੈ। ਉਸ ਨੂੰ ਵੱਖ-ਵੱਖ ਜਨਤੱਕ ਸਮਾਗਮਾਂ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਜਾਂਦਾ ਹੈ।
15 ਸਾਲਾ ਘਨਸ਼ਿਆਮ ‘ਛੋਟਾ ਪੁਧਾਰੀ’ ਜਾਂ ਛੋਟਾ ਆਗੂ ਵਜੋਂ ਜਾਣਿਆ ਜਾਂਦਾ ਹੈ ਉਸ ਦਾ ਕਹਿਣਾ ਹੈ ਕਿ ਛੋਟਾ ਕੱਦ ਕੈਰੀਅਰ ਦੇ ਰਾਹ ਵਿੱਚ ਅੜਿੱਕਾ ਨਹੀਂ ਬਣ ਸਕਦਾ। ਉਹ ਸਿਵਲ ਸੇਵਾ ਵਿੱਚ ਭਰਤੀ ਹੋਣਾ ਚਾਹੁੰਦਾ ਹੈ, ਇੱਕ ਕੁਲੈਕਟਰ ਬਣਨਾ ਚਾਹੁੰਦਾ ਹੈ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ।”ਜਦੋਂ ਵੀ ਪਿੰਡ ਦੇ ਕਿਸੇ ਸ਼ਖਸ਼ ਨੇ ਮੈਨੂੰ ਪਰੇਸ਼ਾਨ ਕੀਤਾ ਤਾਂ ਮੈਂ ਕਦੇ ਨਿਰਾਸ਼ ਨਹੀਂ ਹੋਇਆ। ਮੈਂ ਕਦੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਆਪਣੀ ਪੜ੍ਹਾਈ ਅਤੇ ਕਰੀਅਰ ‘ਤੇ ਧਿਆਨ ਕੇਂਦਰਿਤ ਕੀਤਾ ਹੈ।ਹੁਣ ਉਹ ਮੇਰੇ ਵੱਲ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਇੰਨਾ ਛੋਟਾ ਹੈ ਪਰ ਤੇਰੇ ਕੋਲ ਇੰਨਾ ਜ਼ਿਆਦਾ ਗਿਆਨ ਹੈ, ਤੁੰ ਇੰਨਾ ਚੰਗਾ ਕਿਵੇਂ ਬੋਲ ਲੈਂਦਾ ਹੈ?”
“ਲੋਕਾਂ ਦਾ ਮੇਰੇ ਛੋਟੇ ਕੱਦ ਕਾਰਨ ਮੇਰੇ ਵੱਲ ਧਿਆਨ ਗਿਆ। ਉਹ ਕਹਿੰਦੇ ਹਨ ਦੇਖੋ ਇੰਨਾ ਛੋਟਾ ਹੈ ਪਰ ਸ਼ਾਨਦਾਰ ਢੰਗ ਨਾਲ ਬੋਲਦਾ ਹੈ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਇੱਕ ਬੌਨਾ ਹਾਂ, ਕੱਦ ਦਾ ਹਰੇਕ ਚੀਜ਼ ਨਾਲ ਕੀ ਕੰਮ?”
ਮਹੇਸ਼ ਜਾਧਵ, ਅਦਾਕਾਰ
ਫ਼ਿਲਮ ਅਤੇ ਟੀਵੀ ਇੰਡਸਟਰੀ ਵਿੱਚ ਛੋਟੇ ਕੱਦ ਵਾਲੇ ਲੋਕ ਜ਼ਿਆਦਾਤਰ ਕਾਮੇਡੀ ਕਰਦੇ ਹਨ ਜਾਂ ਦੂਜੇ ਦਰਜੇ ਦੇ ਕਿਰਦਾਰ ਨਿਭਾਉਂਦੇ ਹਨ ਜਾਂ ਫਿਰ ਜੋਕਰ ਦੇ ਰੂਪ ਵਿੱਚ ਕੰਮ ਕਰਦੇ ਹਨ। ਉਹਨਾਂ ਦੇ ਛੋਟੇ ਕੱਦ ਜਾਂ ਸਰੀਰ ਬਾਰੇ ਟਿੱਪਣੀਆਂ ਆਮ ਗੱਲ ਹੈ ਪਰ ਮਹੇਸ਼ ਜਾਧਵ ਕੁਝ ਵੱਖਰੀ ਭੂਮਿਕਾ ਨਿਭਾਉਣ ਲਈ ਖੁਸ਼ਕਿਸਮਤ ਮਹਿਸੂਸ ਕਰਦੇ ਹਨ। ਮਹੇਸ਼ ਜਾਧਵ ਮਰਾਠੀ ਟੀਵੀ ਸ਼ੋਅ ਵਿੱਚ ‘ਟੈਲੰਟ’ ਨਾਂ ਦਾ ਇੱਕ ਕਿਰਦਾਰ ਨਿਭਾ ਰਹੇ ਹਨ ਉਹ ਮਰਾਠੀ ਟੀਵੀ ਸ਼ੋਅ (‘ਜ਼ੀ ਮਰਾਠੀ’ ਤੇ ‘ਲਗੀਰਾ ਜ਼ਾਲਾ ਜੀ’) ਵਿੱਚ ‘ਟੈਲੰਟ’ ਨਾਂ ਦਾ ਇੱਕ ਕਿਰਦਾਰ ਨਿਭਾ ਰਹੇ ਹਨ। ਮੁੱਖ ਕਿਰਦਾਰ ਅਤੇ ਖਲਨਾਇਕ ਦੇ ਸਾਥੀ ਵਜੋਂ, ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੈ।ਮਹੇਸ਼ ਦਾ ਮੰਨਣਾ ਹੈ ਕਿ ਜੇ ਮੀਡੀਆ ਵਿੱਚ ਉਨ੍ਹਾਂ ਵਰਗੇ ਲੋਕਾਂ ਦਾ ਅਕਸ ਬਦਲ ਜਾਂਦਾ ਹੈ ਤਾਂ ਉਨ੍ਹਾਂ ਪ੍ਰਤੀ ਲੋਕਾਂ ਦਾ ਰਵੱਈਆ ਵੀ ਬਦਲ ਜਾਵੇਗਾ।
“ਮੈਂ ਆਪਣੇ ਪਰਿਵਾਰ ਵਿੱਚ ਇਕੋ ਇੱਕ ਬੌਨਾ ਸੀ। ਜਨਮ ਤੋਂ 8 ਮਹੀਨਿਆਂ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ। ਮੇਰੀ ਮਾਂ ਨੂੰ ਮਹਿਸੂਸ ਹੋਇਆ ਕਿ ਮੇਰਾ ਕੱਦ ਰੁੱਕ ਗਿਆ ਹੈ। ਉਹ ਮੈਨੂੰ ਡਾਕਟਰ ਕੋਲ ਲੈ ਗਈ, ਜਿਸਨੇ ਕਿਹਾ, “ਮੇਰਾ ਕੱਦ ਨਹੀਂ ਵਧੇਗਾ ਪਰ ਬਾਕੀ ਸਭ ਕੁਝ ਆਮ ਹੈ।”
“ਜਦੋਂ ਮੈਂ ਸਕੂਲ ਵਿੱਚ 5ਵੀਂ ਜਾਂ 6ਵੀਂ ਜਮਾਤ ਵਿੱਚ ਪੜ੍ਹਦਾ ਸੀ, ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪੈਰ ਦੂਜਿਆਂ ਤੋਂ ਛੋਟੇ ਹਨ। ਮੈਨੂੰ ਖੁਦ ‘ਤੇ ਬਹੁਤ ਗੁੱਸਾ ਆਉਂਦਾ ਸੀ। ਮੈਂ ਹੋਰਨਾਂ ਬੱਚਿਆਂ ਨੂੰ ਦੇਖ ਕੇ ਸੋਚਦਾ ਸੀ ਕਿ ਜੇ ਉਹ ਸਾਰੇ ਲੰਬੇ ਹੋ ਰਹੇ ਹਨ ਤਾਂ ਫਿਰ ਮੈਂ ਕਿਉਂ ਨਹੀਂ? ਰੱਬ ਨੇ ਮੈਨੂੰ ਛੋਟਾ ਕਿਉਂ ਬਣਾਇਆ? ਮੈਂ ਕਿਸੇ ਪਬਲਿਕ ਪ੍ਰੋਗਰਾਮ, ਵਿਆਹ ਜਾਂ ਪਰਿਵਾਰਕ ਇਕੱਠ ਵਿੱਚ ਨਹੀਂ ਜਾਂਦਾ ਸੀ ਕਿਉਂਕਿ ਲੋਕ ਮੈਨੂੰ ਤੰਗ ਕਰਦੇ ਸਨ ਅਤੇ ਮੇਰੇ ‘ਤੇ ਹੱਸਦੇ ਸਨ।”
“ਮੈਨੂੰ ਖੁਦ ਬਾਰੇ ਬੁਰਾ ਲੱਗਦਾ ਸੀ ਪਰ ਮੈਂ ਕਦੇ ਇੱਕ ਸ਼ਬਦ ਵੀ ਨਹੀਂ ਕਹਿੰਦਾ ਸੀ। ਮੈਂ ਹਰੇਕ ਚੀਜ਼ ਤੋਂ ਥੱਕ ਗਿਆ ਸੀ। ਮੈਂ ਆਪਣਾ ਵਿਸ਼ਵਾਸ ਗੁਆ ਦਿੱਤਾ ਸੀ। ਮੇਰਾ ਬਚਪਨ ਉਦਾਸੀ ਵਿੱਚ ਹੀ ਲੰਘਿਆ। 12ਵੀਂ ਤੋਂ ਬਾਅਦ ਮੈਂ ਬੀਕਾਮ ਦੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਲਿਆ। ਉੱਥੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕਾਲਜ ਦੇ ਥਿਏਟਰ ਵਿੱਚ ਸ਼ਾਮਿਲ ਹੋਇਆ ਅਤੇ ਮੇਰਾ ਵਿਸ਼ਵਾਸ ਵਧਿਆ ਕਿ ਮੈਂ ਵੀ ਕੁਝ ਕਰ ਸਕਦਾ ਹਾਂ।”
ਮਹੇਸ਼ ਦਾ ਕਹਿਣਾ ਹੈ, “ਸਾਲ 2014 ਵਿੱਚ ਕਾਲਜ ਦੇ ਆਖ਼ਰੀ ਸਾਲ ਵਿੱਚ ਮੈਂ ਕਾਲਜ ਦਾ ਸਭਿਆਚਾਰਕ ਸਕੱਤਰ ਬਣ ਗਿਆ ਅਤੇ ਛੇਤੀ ਹੀ ਬਾਅਦ ਵਿੱਚ ਟੀ ਵੀ ਲਈ ਅਦਾਕਾਰੀ ਦਾ ਸਫਰ ਸ਼ੁਰੂ ਹੋ ਗਿਆ। ਪਹਿਲਾਂ ਲੋਕ ਮੈਨੂੰ ਦੂਰ ਤੋਂ ਭਜਾ ਦਿੰਦੇ ਸਨ ਪਰ ਹੁਣ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਮੈਨੂੰ ਜਾਣਦੇ ਹਨ ਕਿ ਮੈਂ ਉਨ੍ਹਾਂ ਦੇ ਪਿੰਡ ਜਾਂ ਉਨ੍ਹਾਂ ਦਾ ਰਿਸ਼ਤੇਦਾਰ ਹਾਂ।”
ਨਿਨਾਂਦ ਹਲਦੰਕਰ, ਡਾਂਸਰ
12 ਸਾਲ ਦੀ ਉਮਰ ਤੋਂ ਹੀ ਨਿਨਾਦ ਹਲਦੰਕਾਰ ਡਾਂਸ ਸ਼ੋਅ ਅਤੇ ਪ੍ਰੋਗਰਾਮਾਂ ਦਾ ਸਿਤਾਰਾ ਰਿਹਾ ਹੈ। ਇੱਕ ਸਮਾਂ ਸੀ ਜਦੋਂ ਉਹ ਬਹੁਤ ਛੋਟਾ ਸੀ ਅਤੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ। ਉਸ ਨੂੰ ਛੋਟੇ ਕੱਦ ਕਾਰਨ ਤੰਗ ਕਰਦੇ ਸਨ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ।
12 ਸਾਲ ਦੀ ਉਮਰ ਤੋਂ ਹੀ ਨਿਨਾਦ ਹਲਦੰਕਾਰ ਡਾਂਸ ਸ਼ੋਅ ਕਰ ਰਿਹਾ ਹੈ ਪਿਛਲੇ 24 ਸਾਲਾਂ ਵਿੱਚ ਨਿਨਾਦ ਨੇ ਕਈ ਹਿੰਦੀ ਅਤੇ ਮਰਾਠੀ ਸਿਤਾਰਿਆਂ ਦੇ ਨਾਲ ਸ਼ੋਅ ਕੀਤੇ ਹਨ। ਮਿਊਜ਼ਿਕ ਕੰਪੋਜ਼ਰ ਕਲਿਆਣਜੀ ਆਨੰਦਜੀ ਅਤੇ ਜੋਨੀ ਲੀਵਰ ਸਣੇ ਕਈ ਹਸਤੀਆਂ ਨਾਲ ਸਟੇਜ ਸ਼ੋਅ ਕੀਤੇ ਹਨ।ਉਹ ਭਾਰਤ ਅਤੇ ਵਿਦੇਸ਼ ਵਿੱਚ ਕਈ ਸ਼ੋਅ ਕਰ ਚੁੱਕੇ ਹਨ ਜਿਸ ਵਿੱਚ ਪਾਕਿਸਤਾਨ ਦੇ ਕਰਾਚੀ ਦਾ ਇੱਕ ਸ਼ੋਅ ਵੀ ਸ਼ਾਮਿਲ ਹੈ ਜੋ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।
ਨਿਨਾਦ ਦਾ ਕਹਿਣਾ ਹੈ, “ਜਦੋਂ ਮੈਂ ਸਟੇਜ ‘ਤੇ ਚੜ੍ਹਦਾ ਹਾਂ ਤਾਂ ਲੋਕ ਪਹਿਲਾਂ ਸੋਚਦੇ ਹਨ ਕਿ ਮੈਂ ਇਹ ਕਰ ਸਕਦਾ ਹਾਂ ਕੀ ਨਹੀਂ? ਪਰ ਉਹ ਮੇਰਾ ਨਾਚ ਦੇਖਣ ਤੋਂ ਬਾਅਦ ਸ਼ਲਾਘਾ ਕਰਦੇ ਹਨ। ਮੈਂ ਦੇਖਿਆ ਹੈ ਕਿ ਮੰਚ ‘ਤੇ ਆਉਣ ਲਈ ਲੋਕ ਮੇਰੀ ਉਡੀਕ ਕਰਦੇ ਹਨ।”
“ਪਹਿਲਾਂ ਮੈਂ ਕਿਤੇ ਵੀ ਇਕੱਲਾ ਨਹੀਂ ਜਾਂਦਾ ਸੀ। ਮੇਰੇ ਪਿਤਾ ਜੀ ਮੇਰੇ ਨਾਲ ਸ਼ੋਅ ਵਿੱਚ ਜਾਂਦੇ ਸਨ ਪਰ ਹੁਣ ਮੈਂ ਕਿਤੇ ਵੀ ਸਫਰ ਕਰਨ ਤੋਂ ਡਰਦਾ ਨਹੀਂ ਹਾਂ। ਸਾਨੂੰ ਖੁਦ ਹੀ ਸਭ ਕੁਝ ਕਰਨਾ ਚਾਹੀਦਾ ਹੈ। ਲੋਕ ਤੁਹਾਡੀ ਮਦਦ ਲਈ ਆ ਜਾਂਦੇ ਹਨ – ਚਾਹੇ ਉਹ ਹਵਾਈ ਅੱਡਾ ਹੋਵੇ ਜਾਂ ਬੱਸ ਅੱਡਾ। ਜੇ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੋਗੇ ਤਾਂ ਕੁਝ ਵੀ ਨਹੀਂ ਹੋਵੇਗਾ। ਤੁਹਾਡੇ ਕੋਲ ਜੋ ਵੀ ਕਲਾ ਜਾਂ ਪ੍ਰਤਿਭਾ ਹੈ, ਇਸ ਨੂੰ ਅੱਗੇ ਵਧਾਓ। ਭਾਵੇਂ ਉਹ ਕਾਮੇਡੀ ਹੋਵੇ, ਉਸ ‘ਤੇ ਕੰਮ ਜਾਰੀ ਰੱਖੋ।”ਅੱਜ ਵੀ ਮੈਂ ਕਿਤੇ ਵੀ ਜਾਂਦਾ ਹਾਂ ਤਾਂ ਲੋਕ ਇਕੱਠੇ ਹੁੰਦੇ ਹਨ ਅਤੇ ਮੈਨੂੰ ਪਰੇਸ਼ਾਨ ਕਰਦੇ ਹਨ ਪਰ ਘਰ ਬੈਠਣਾ, ਡਰਨਾ ਤੇ ਕੁਝ ਨਹੀਂ ਕਰਨਾ ਹੱਲ ਨਹੀਂ ਹੈ। ਮੇਰਾ ਖਿਆਲ ਹੈ ਕਿ ‘ਜ਼ੀਰੋ’ ਵਿੱਚ ਸ਼ਾਹਰੁਖ ਦਾ ਕਿਰਦਾਰ ਇਸ ਤਰ੍ਹਾਂ ਦਾ ਹੀ ਹੈ ਕਿ ਉਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਉਹ ਵੀ ਆਮ ਜ਼ਿੰਦਗੀ ਜੀ ਸਕਦਾ ਹੈ।”