ਵਾਸ਼ਿੰਗਟਨ — ਅਮਰੀਕਾ ਵਿਚ ਹੋਏ ਸਕ੍ਰਿਪਸ ਨੈਸ਼ਨਲ ਸਪੇਲਿੰਗ ਬੀ (Scripps National Spelling Bee) ਮੁਕਾਬਲੇ ਵਿਚ 550 ਭਾਗੀਦਾਰਾਂ ਵਿਚੋਂ ਕੁੱਲ 8 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਮਾਣ ਦੀ ਗੱਲ ਇਹ ਹੈ ਕਿ ਪਹਿਲਾ ਸਥਾਨ ਪਾਉਣ ਵਾਲੇ ਵਿਦਿਆਰਥੀਆਂ ਵਿਚ 7 ਭਾਰਤੀ ਮੂਲ ਦੇ ਹਨ। ਮੁਕਾਬਲੇ ਦੇ 94 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਦੋ ਤੋਂ ਵੱਧ ਵਿਦਿਆਰਥੀਆਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਜੇਤੂ ਵਿਦਿਆਰਤੀਆਂ ਨੂੰ 50,000 ਡਾਲਰ ਨਾਲ ਪੁਰਸਕਾਰ ਵੀ ਦਿੱਤੇ ਗਏ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਜੇਤੂ ਵਿਦਿਆਰਥੀਆਂ ਵਿਚ ਕੈਲੀਫੋਰਨੀਆ ਦੇ ਰਿਸ਼ਿਕ ਗਾਂਧਸ਼੍ਰੀ (13), ਮੈਰੀਲੈਂਡ ਤੋਂ ਸਾਕੇਤ ਸੁੰਦਰ (13), ਨਿਊਜਰਸੀ ਤੋਂ ਸ਼ਰੂਤਿਕਾ ਪਾੜ੍ਹੀ (13), ਟੈਕਸਾਸ ਤੋਂ ਸੋਹਮ ਸੁਖਾਂਤਕਰ (13), ਅਭੀਜੈ ਕੋਡਾਲੀ (12), ਰੋਹਨ ਰਾਜਾ (13), ਨਿਊਜਰਸੀ ਦੇ ਕ੍ਰਿਸਟੋਫਰ ਸੇਰਾਓ (13) ਅਤੇ ਅਲਾਬਾਮਾ ਦੇ ਐਰਿਨ ਹੋਵਾਰਡ (14) ਹਨ। ਹਰੇਕ ਜੇਤੂ ਨੂੰ 50,000 ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਮੁਕਾਬਲੇ ਵਿਚ 6 ਮੁੰਡਿਆਂ ਅਤੇ ਦੋ ਕੁੜੀਆਂ ਨੇ ਮਿਲ ਕੇ 47 ਸ਼ਬਦਾਂ ਦਾ ਸਹੀ ਜਵਾਬ ਦਿੱਤਾ।
ਮੈਰੀਲੈਂਡ ਦੇ ਨੈਸ਼ਨਲ ਹਾਰਬਰ ਵਿਚ ਗੇਲਾਰਡ ਨੈਸ਼ਨਲ ਰਿਜ਼ੋਰਟ ਵਿਚ ਹੋਏ ਮੁਕਾਬਲੇ ਨੂੰ ਈ.ਐੱਸ.ਪੀ. ਐੱਨ. ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਅਮਰੀਕਾ ਸਮੇਤ ਕੈਨੇਡਾ, ਘਾਨਾ ਅਤੇ ਜਮੈਕਾ ਦੇ ਕੁੱਲ 565 ਭਾਗੀਦਾਰਾਂ ਸਨ ਜਿਨ੍ਹਾਂ ਦੀ ਉਮਰ 7 ਤੋਂ 14 ਸਾਲ ਦੇ ਵਿਚ ਸੀ। ਇੱਥੇ ਦੱਸ ਦਈਏ ਕਿ ਨੈਸ਼ਨਲ ਬੀ ਹਾਈ ਪ੍ਰੋਫਾਈਲ ਟੈਸਟ ਹੈ ਜਿਸ ਨੂੰ ਤਿਆਰ ਕਰਨ ਵਿਚ ਮਾਹਰ ਮਹੀਨੇ ਲਗਾਉਂਦੇ ਹਨ।