ਸਾਡੇ ਪੁਰਖਿਆਂ ਦੁਆਰਾ ਸਿਰਜੇ ਇਤਿਹਾਸ ਦੀ ਪੀੜਾ ਅਤੇ ਗੌਰਵ ਨੂੰ ਮਹਿਸੂਸ ਕਰਦਿਆਂ ਸਾਡੇ ਸਿਰ ਸਦਾ ਹੀ ਇਨ੍ਹਾਂ ਅੱਗੇ ਝੁਕਦੇ ਹਨ। ਪਰਮੇਸ਼ਰ ਦੇ ਪਿਆਰ ਵਿਚ ਰੰਗੇ ਹੋਏ ਪਰਵਾਨੇ ਉਸ ਦੇ ਨਾਮ ਤੋਂ ਬਿੰਦ ਬਿੰਦ ਚੁਖ ਚੁਖ ਹੁੰਦੇ ਹੋਏ ਕੁਰਬਾਨ ਹੋ ਜਾਂਦੇ ਹਨ। ਮੌਤ ਉਨ੍ਹਾਂ ਲਈ ਸਜ਼ਾ ਨਹੀਂ, ਸਗੋਂ ਸੂਰਮਤਾਈ ਦਾ ਹੱਕ ਅਤੇ ਇਨਾਮ ਬਣ ਜਾਂਦੀ ਹੈ। ਇਹ ਹੱਕ ਹੀ ਉਨ੍ਹਾਂ ਨੂੰ ਮਿਲਦਾ ਹੈ, ਜੋ ਇਸ ਦੇ ਯੋਗ ਹੋਣ-
ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਨਿ ਪਰਵਾਣੋ॥ (੫੭੯)
ਅਜਿਹੇ ਹੀ ਪਰਵਾਣ ਪੁਰਖ ਸਨ ਭਾਈ ਜੈ ਸਿੰਘ ਖਲਕਟ, ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਪੁੱਠੀ ਖੱਲ ਲੁਹਾ ਲਈ ਅਤੇ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ। ਆਪ ਪਟਿਆਲਾ ਦੇ ਨੇੜੇ ਪਿੰਡ ਮੁਗਲਮਾਜਰਾ ਦੇ ਵਸਨੀਕ ਸਨ। ਇਸ ਪਿੰਡ ਦਾ ਨਾਂਅ ਹੁਣ ਵਾਰਨ ਹੈ, ਜਿਥੇ ਇਸ ਮਹਾਨ ਸ਼ਹੀਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਭਾਈ ਜੈ ਸਿੰਘ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਗੁਰੂ ਦਸਮੇਸ਼ ਜੀ ਦੀ ਹਜ਼ੂਰੀ ਮਾਣਦੇ ਸਨ। ਇਨ੍ਹਾਂ ਦਾ ਵਿਆਹ ਬੀਬੀ ਧੰਨ ਕੌਰ ਨਾਲ ਹੋਇਆ। ਇਨ੍ਹਾਂ ਦੇ ਦੋ ਸਪੁੱਤਰ ਭਾਈ ਕੜਾਕਾ ਸਿੰਘ ਅਤੇ ਭਾਈ ਖੜਕ ਸਿੰਘ ਸਨ। ਪੂਰਾ ਪਰਿਵਾਰ ਅੰਮ੍ਰਿਤਧਾਰੀ, ਸਿੱਖੀ ਸਿਦਕ ਦਾ ਧਾਰਨੀ ਅਤੇ ਗੁਰੂ ਪਿਆਰ ਵਿਚ ਜਿਊਣ ਵਾਲਾ ਸੀ। ਉਸ ਸਮੇਂ ਸਰਹਿੰਦ ਦਾ ਫ਼ੌਜਦਾਰ ਜ਼ਾਲਮ ਸਮੁੰਦ ਖਾਨ ਸੀ। ਚੇਤ ਸੁਦੀ ਦਸਵੀਂ ਸੰਨ 1753 ਨੂੰ ਇਹ ਆਪਣੇ ਕੋਤਵਾਲ ਸਮੇਤ ਹਿੰਦੂ-ਸਿੱਖਾਂ ਦਾ ਕਤਲੇਆਮ ਕਰਦਾ ਹੋਇਆ ਮੁਗਲਮਾਜਰੇ ਪਹੁੰਚਿਆ। ਇਸ ਨੇ ਹੁਕਮ ਕੀਤਾ ਕਿ ਪਿੰਡ ਵਿਚ ਜੇ ਕੋਈ ਸਿੰਘ ਹੈ ਤਾਂ ਉਹਨੂੰ ਫੜ ਕੇ ਮੇਰੇ ਅੱਗੇ ਪੇਸ਼ ਕੀਤਾ ਜਾਵੇ।
ਸਿਪਾਹੀ ਕਿਰਤ ਕਰ ਰਹੇ ਭਾਈ ਜੈ ਸਿੰਘ ਨੂੰ ਫੜ ਲਿਆਏ। ਸੂਬੇਦਾਰ ਨੇ ਕਿਹਾ ਕਿ ਮੈਂ ਤੇਰਾ ਗੁਰੂ ਪਿਆਰ ਪਟਿਆਲੇ ਜਾ ਕੇ ਦੇਖਾਂਗਾ, ਪਹਿਲਾਂ ਤੂੰ ਮੇਰਾ ਸਾਮਾਨ ਸਿਰ ਉੱਤੇ ਚੁੱਕ ਕੇ ਪਟਿਆਲੇ ਪਹੁੰਚਾ। ਭਾਈ ਸਾਹਿਬ ਨੇ ਦੇਖਿਆ ਕਿ ਸਾਮਾਨ ਵਿਚ ਸੂਬੇਦਾਰ ਦਾ ਹੁੱਕਾ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਸੀਸ ਵਿਚ ਗੁਰੂ ਦਸਮੇਸ਼ ਜੀ ਦਾ ਅੰਮ੍ਰਿਤ ਰਚਿਆ ਹੋਇਆ ਹੈ, ਇਸ ਸੀਸ ‘ਤੇ ਮੈਂ ਹੁੱਕਾ ਨਹੀਂ ਰੱਖ ਸਕਦਾ। ਨਿਰਦਈ ਸਮੁੰਦ ਖਾਨ ਨੇ ਕਿਹਾ ਕਿ ਇਸ ਦੀ ਛਾਂਟੇ ਮਾਰ-ਮਾਰ ਕੇ ਚਮੜੀ ਉਧੇੜ ਦਿਓ। ਭਾਈ ਸਾਹਿਬ ਦਾ ਜਿਸਮ ਲਹੂ-ਲੁਹਾਣ ਹੋ ਗਿਆ ਤਾਂ ਸੂਬੇਦਾਰ ਨੇ ਲਾਲਚ ਦਿੰਦਿਆਂ ਹੋਇਆਂ ਮੁਸਲਮਾਨ ਬਣਨ ਲਈ ਕਿਹਾ। ਇਨਕਾਰ ਕਰਨ ‘ਤੇ ਉਸ ਨੇ ਦੋ ਕਸਾਈ ਬੁਲਾਏ ਅਤੇ ਪਿੰਡ ਦੇ ਬੋਹੜ ਅਤੇ ਪਿੱਪਲ ਦੇ ਵਿਚਕਾਰ ਭਾਈ ਸਾਹਿਬ ਨੂੰ ਪੁੱਠਾ ਲਟਕਾ ਕੇ ਤਸੀਹੇ ਦਿੱਤੇ ਪਰ ਉਹ ਸਿੱਖੀ ਸਿਦਕ ‘ਤੇ ਅਡੋਲ ਰਹੇ। ਆਖਰ ਬੜੀ ਬੇਰਹਿਮੀ ਨਾਲ ਉਨ੍ਹਾਂ ਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕਰ ਦਿੱਤਾ ਗਿਆ। ਉਪਰੰਤ ਉਨ੍ਹਾਂ ਦਾ ਸਾਰਾ ਪਰਿਵਾਰ ਵੀ ਬਹੁਤ ਘਿਨਾਉਣੇ ਢੰਗ ਨਾਲ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੀ ਯਾਦ ਵਿਚ ਹਰ ਸਾਲ ਸੰਗਤਾਂ ਸ਼ਰਧਾ ਅਤੇ ਸਤਿਕਾਰ ਭੇਟ ਕਰਦੀਆਂ ਹਨ।
ਧੰਨ ਉਨ ਸਿੰਘਨ ਕੇ ਜਿਨ ਕਰ ਸਾਕਾ ਤਜੇ ਪਰਾਨ।
ਰਹੇ ਨਾਮ ਇਸ ਕਰਮ ਕਾ ਹੈ ਜੱਗ ਆਵਨ ਜਾਨ।
ਸ਼ਹੀਦ ਜੈ ਸਿੰਘ ਖਲਕੱਟ ਹੂਏ ਵੋਹ ਹੈਂ ਮਹਾਂਮਹਾਨ।