ਪਿਛਲੇ ਕੁਝ ਦਿਨਾਂ ਵਿੱਚ ਇੰਟਰਨੈੱਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਸਵੀਰਾਂ ‘ਚ ਦਾਅਵਾ ਹੈ ਕਿ ਇਹ ਔਕੜਾਂ ਝੱਲਦੇ ਭਾਰਤੀ ਫੌਜੀਆਂ ਨੂੰ ਦਿਖਾਉਂਦੀਆਂ ਹਨ।ਟਵਿੱਟਰ ਤੇ ਇੰਸਟਾਗ੍ਰਾਮ ਤੋਂ ਇਲਾਵਾ ਫੇਸਬੁੱਕ ‘ਤੇ ਵੀ ਕਈ ਅਜਿਹੇ ਪੇਜ ਹਨ ਜਿਨ੍ਹਾਂ ਨੇ ਇਹ ਤਸਵੀਰਾਂ ਵਾਇਰਲ ਕਰਨ ‘ਚ ਯੋਗਦਾਨ ਪਾਇਆ ਹੈ। ਇਨ੍ਹਾਂ ਨੂੰ ਅਦਾਕਾਰਾ ਸ਼ਰਧਾ ਕਪੂਰ ਅਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਸ਼ੇਅਰ ਕਰ ਚੁੱਕੇ ਹਨ।ਇਸ ਗੱਲ ‘ਚ ਤਾਂ ਕੋਈ ਸ਼ੱਕ ਨਹੀਂ ਕਿ ਭਾਰਤੀ ਫੌਜ ਬਹੁਤ ਖਰਾਬ ਹਾਲਤ ਵਿੱਚ ਵੀ ਦੇਸ ਨੂੰ ਸੇਵਾਵਾਂ ਦਿੰਦੀ ਹੈ। ਦੁਨੀਆਂ ਦੇ ਸਭ ਤੋਂ ਮੁਸ਼ਕਲ ਯੁੱਧ-ਖੇਤਰ ਮੰਨੇ ਜਾਂਦੇ ਸਿਆਚਿਨ ਗਲੇਸ਼ੀਅਰ ‘ਤੇ ਵੀ ਭਾਰਤੀ ਫੌਜ ਤਾਇਨਾਤ ਹੈ। 13,000 ਤੋਂ 22,000 ਫੁੱਟ ਦੀ ਉਚਾਈ ‘ਤੇ ਸਥਿਤ ਇਸ ਗਲੇਸ਼ੀਅਰ ਵਿੱਚ ਠੰਡ ਕਰਕੇ ਵੀ ਸੈਨਿਕਾਂ ਦੀ ਮੌਤ ਹੋ ਜਾਂਦੀ ਹੈ।ਪਰ ਬੀਬੀਸੀ ਨੇ ਪੜਤਾਲ ‘ਚ ਪਤਾ ਲਗਾਇਆ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਜਿਨ੍ਹਾਂ ਸੈਨਿਕਾਂ ਦੀ ਗੱਲ ਹੋ ਰਹੀ ਹੈ ਉਹ ਭਾਰਤੀ ਨਹੀਂ ਹਨ।ਇਨ੍ਹਾਂ ਤਸਵੀਰਾਂ ਨਾਲ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਵੀ ਇਹੀ ਲਗਦਾ ਹੈ ਕਿ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਇਕੱਠੇ ਕਰਨ ਲਈ ਗਲਤ ਸੂਚਨਾ ਪੋਸਟ ਕੀਤੀ ਗਈ ਹੈ।
ਦਾਅਵਾ: ਇਹ ਫਿਲਮ ਦੀਆਂ ਹੀਰੋਇਨਾਂ ਤੋਂ ਘੱਟ ਨਹੀਂ। ਪਾਕਿਸਤਾਨ ਬਾਰਡਰ ਉੱਪਰ ਤਾਇਨਾਤ ਭਾਰਤ ਦੀਆਂ ਜਾਂਬਾਜ਼ ਲੜਕੀਆਂ। ਇਨ੍ਹਾਂ ਲਈ ‘ਜੈ ਹਿੰਦ’ ਲਿਖਣ ਤੋਂ ਪਰਹੇਜ਼ ਨਾ ਕਰੋ।ਹੱਥਾਂ ਵਿੱਚ ਆਟੋਮੈਟਿਕ ਰਾਈਫਲਾਂ ਲੈ ਕੇ ਖੜ੍ਹੀਆਂ ਦੋ ਮਹਿਲਾ ਸੈਨਿਕਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਪਰ ਬਹੁਤ ਸ਼ੇਅਰ ਹੋ ਰਹੀ ਹੈ।
ਇਸ ਵਿੱਚ ਸੱਜੇ ਪਾਸੇ ਖੜ੍ਹੀ ਔਰਤ ਦੇ ਸੀਨੇ ਉੱਪਰ ਤਾਂ ਭਾਰਤੀ ਤਿਰੰਗੇ ਨਾਲ ਮਿਲਦੇ-ਜੁਲਦੇ ਇੱਕ ਝੰਡੇ ਵਰਗੀ ਚੀਜ਼ ਵੀ ਨਜ਼ਰ ਆਉਂਦੀ ਹੈ।
ਬੰਗਾਲੀ ਭਾਸ਼ਾ ਦੇ ਫੇਸਬੁੱਕ ਪੇਜ @IndianArmysuppporter ਉੱਪਰ ਵੀ ਇਸ ਫੋਟੋ ਨੂੰ ਸ਼ੇਅਰ ਕੀਤਾ ਗਿਆ ਹੈ ਜਿੱਥੇ ਤਿੰਨ ਹਜ਼ਾਰ ਲੋਕਾਂ ਨੇ ਇਸ ਨੂੰ ਅੱਗੇ ਭੇਜ ਦਿੱਤਾ ਹੈ।
ਸੱਚ: ਅਸਲ ਵਿੱਚ ਇਹ ਤਸਵੀਰ ਕੁਰਦਿਸਤਾਨ ਦੀ ਪਸ਼ਮਰਗਾ ਫੋਰਸ ਵਿੱਚ ਸ਼ਾਮਲ ਔਰਤਾਂ ਦੀ ਹੈ। ਕੁਰਦ ਫੌਜ ਨੇ ਇਨ੍ਹਾਂ ਨੂੰ ਚਰਮਪੰਥੀ ਸੰਗਠਨ, ਕਥਿਤ ਇਸਲਾਮਿਕ ਸਟੇਟ (ਆਈਐੱਸ), ਦੇ ਲੜਾਕਿਆਂ ਨਾਲ ਟੱਕਰ ਲੈਣ ਲਈ ਤਿਆਰ ਕੀਤਾ ਹੈ।
ਕਈ ਅੰਤਰਰਾਸ਼ਟਰੀ ਮੀਡੀਆ ਅਦਾਰੇ ਇਸ ਉੱਪਰ ਫ਼ੀਚਰ ਲਿਖ ਚੁੱਕੇ ਹਨ।
ਆਪਣੀ ਪੜਤਾਲ ਵਿੱਚ ਇਹ ਵੇਖਿਆ ਕਿ ਕੁਰਦਿਸਤਾਨ ਦਾ ਝੰਡਾ ਭਾਰਤ ਦੇ ਝੰਡੇ ਨਾਲ ਮਿਲਦਾ ਹੈ।
ਦਾਅਵਾ: ਸਾਡੇ ਜਵਾਨ -5 ਡਿਗਰੀ ਵਿੱਚ ਵੀ ਆਪਣਾ ਫਰਜ਼ ਨਿਭਾਉਂਦੇ ਹਨ, ਅਸੀਂ ਆਰਾਮ ਨਾਲ ਸੌਂਦੇ ਹਾਂ, ਇਹ ਆਪਣਾ ਵਤਨ ਬਚਾਉਂਦੇ ਹਨ। ਜੈ ਹਿੰਦ, ਜੈ ਭਾਰਤ।ਸਮੁੰਦਰ ਦੇ ਕਿਨਾਰੇ ਖੜ੍ਹੇ ਇਸ ਕਥਿਤ ਸੈਨਿਕ ਦੀ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੈ। ਤਸਵੀਰ ਵਿੱਚ ਜਿਹੜਾ ਸ਼ਖ਼ਸ ਹੈ ਉਸ ਦਾ ਚਿਹਰਾ ਬਰਫ਼ ਨਾਲ ਢਕਿਆ ਹੋਇਆ ਹੈ।’ਭਾਰਤੀ ਯੋਧਾ’ ਨਾਂ ਦੇ ਫੇਸਬੁੱਕ ਪੇਜ ਦੇ ਇਲਾਵਾ ਵੀ ਕਈ ਫੇਸਬੁੱਕ ਪੰਨਿਆਂ ਅਤੇ ਟਵਿੱਟਰ ਉੱਪਰ ਇਹ ਤਸਵੀਰ ਸੈਂਕੜਿਆਂ ਵਾਰ ਸ਼ੇਅਰ ਹੋਈ ਹੈ।
ਸੱਚ: ਇਹ ਅਸਲ ਵਿੱਚ ਡੈਨ ਨਾਂ ਦੇ ਅਮਰੀਕੀ ਤੈਰਾਕ ਤੇ ਸਰਫ਼ਰ ਦੀ ਹੈ। ਜਿਸ ਵੀਡੀਓ ਵਿੱਚੋਂ ਇਹ ਤਸਵੀਰ ਕੱਢੀਗਈ ਹੈ ਉਸ ਨੂੰ 29 ਦਸੰਬਰ 2017 ਨੂੰ ਸੰਗੀਤਕਾਰ ਤੇ ਲੇਖਕ ਜੈਰੀ ਮਿਲਜ਼ ਨੇ ਆਪਣੇ ਯੂ-ਟਿਊਬ ਪੇਜ ਉੱਪਰ ਪਾਇਆ ਸੀ।
ਇਸ ਨੂੰ ਪੋਸਟ ਕਰਦੇ ਹੋਏ ਜੈਰੀ ਨੇ ਲਿਖਿਆ ਸੀ, “ਮਿਲੋ ਮਸ਼ਹੂਰ ਸਰਫ਼ਰ ਡੈਨ ਨੂੰ ਜੋ ਔਖੇ ਹਾਲਤ ਵਿੱਚ ਵੀ ਮਿਸ਼ੀਗਨ ‘ਚ ਸੁਪੀਰੀਅਰ ਲੇਖ ‘ਚ ਸਰਫ਼ਿੰਗ ਕਰਦੇ ਹਨ। ਜਿਸ ਵੇਲੇ ਮੈਂ ਇਹ ਵੀਡੀਓ ਸ਼ੂਟ ਕੀਤਾ ਤਾਂ ਤਾਪਮਾਨ -30 ਡਿਗਰੀ ਸੀ। ਵੀਡੀਓ ਬਣਾਉਂਦੇ ਹੋਏ ਮੇਰੇ ਹੱਥ ਸੁੰਨ ਪੈ ਰਹੇ ਸਨ ਅਤੇ ਡੈਨ ਦੀ ਕੀ ਹਾਲਤ ਸੀ, ਇਹ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ।”
ਜੈਰੀ ਮਿਲਜ਼ ਦੇ ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਵਾਰ ਦੇਖਿਆ ਜਾ ਚੁੱਕਾ ਹੈ
ਪਹਿਲੀ ਵਾਰ ਨਹੀਂ ਅਜਿਹੀਆਂ ਤਸਵੀਰਾਂ ਪਹਿਲਾਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਰਹੀਆਂ ਹਨ। ਸਾਲ 2016-17 ਵਿੱਚ ਵਾਇਰਲ ਹੋਈ ਇੱਕ ਅਜਿਹੀ ਤਸਵੀਰ ਇਹ ਹੈ
ਦਾਅਵਾ: ਭਾਰਤ ਦੇ ਸੱਚੇ ਹੀਰੋ ਨੂੰ ਦਿਲੋਂ ਸਲਾਮ। ਸਿਆਚਿਨ ਗਲੇਸ਼ੀਅਰ ‘ਤੇ -50 ਡਿਗਰੀ ‘ਚ ਡਿਊਟੀ ਕਰਦੇ ਭਾਰਤੀ ਜਵਾਨ। ਇਸ ਤਸਵੀਰ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਵੀ ਟਵੀਟ ਕੀਤਾ ਸੀ।ਇਹ ਤਸਵੀਰ ਸਾਲ 2014 ਵਿੱਚ ਯੂਕਰੇਨ ਵਿੱਚ ਵੀ ਵਾਇਰਲ ਹੋਈ ਸੀ।ਸੱਚ: ਇਹ ਦੋਵੇਂ ਤਸਵੀਰਾਂ ਰੂਸ ਦੇ ਫੌਜੀਆਂ ਦੀਆਂ ਹਨ। ਸਾਲ 2013 ਵਿੱਚ ਰੂਸ ਦੀ ਸਪੈਸ਼ਲ ਫੋਰਸ ਦੀ ਇੱਕ ਖ਼ਾਸ ਟਰੇਨਿੰਗ ਦੌਰਾਨ ਇਹ ਤਸਵੀਰਾਂ ਖਿੱਚੀਆਂ ਗਈਆਂ ਸਨ।ਰੂਸ ਦੀਆਂ ਕੁਝ ਅਧਿਕਾਰਤ ਵੈੱਬਸਾਈਟ ਉੱਪਰ ਵੀ ਇਹ ਉਪਲਭਧ ਹਨ। ਯੂਕਰੇਨ ਦੀ ਫੈਕਟ ਚੈੱਕ ਵੈੱਬਸਾਈਟ ‘ਸਟੋਪ ਫੇਕ’ ਵੀ ਸਾਲ 2014 ਵਿੱਚ ਇਨ੍ਹਾਂ ਤਸਵੀਰਾਂ ਦੀ ਸੱਚਾਈ ਦੱਸ ਚੁੱਕੀ ਹੈ।