ਭਾਰਤੀ ਫੌਜ ਦੇ ਰਿਟਾਇਰਡ ਮੇਜਰ ਡੀਪੀ ਸਿੰਘ ਨੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 14 ਫਰਵਰੀ ਨੂੰ ਸੀਆਰਪੀਐਫ ਕਾਫਲੇ ‘ਤੇ ਹੋਏ ਹਮਲੇ ਤੋਂ ਬਾਅਦ ਟੀਵੀ ਚੈਨਲਾਂ ਦੀ ਭੜਕਾਊ ਬਹਿਸ ਤੋਂ ਵੱਖ ਮੇਜਰ ਡੀਪੀ ਸਿੰਘ ਨੇ ਆਪਣੇ ਤਜਰਬੇ ਫੇਸਬੁੱਕ ‘ਤੇ ਸਾਂਝੇ ਕੀਤੇ ਹਨ।
ਅਸੀਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਸਾਨੂੰ ਇਸ ਹਰਕਤ ਦਾ ਬਦਲਾ ਜ਼ਰੂਰ ਲੈਣਾ ਚਾਹੀਦਾ ਹੈ। ਕੁਝ ਦਿਨ ਬਾਅਦ ਸਭ ਕੁਝ ਸਾਧਾਰਣ ਹੋ ਜਾਵੇਗਾ ਅਤੇ ਹੁਣ ਜਿਨ੍ਹਾਂ ਲੋਕਾਂ ਦੇ ਖ਼ੂਨ ਖੌਲ ਰਹੇ ਹਨ ਉਹ ਵੀ ਠੰਢੇ ਪੈ ਜਾਣਗੇ।ਸਿਆਸੀ ਪਾਰਟੀਆਂ, ਮੀਡੀਆ ਘਰਾਣਿਆਂ ਅਤੇ ਆਮ ਲੋਕਾਂ ਵਿਚਾਲੇ ਵੀ ਸਭ ਕੁਝ ਸਾਧਾਰਣ ਹੋ ਜਾਵੇਗਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ ਉਨ੍ਹਾਂ ਦੇ ਪਰਿਵਾਰ ਦਾ ਦਰਦ ਕੋਈ ਨਹੀਂ ਸਮਝ ਸਕਦਾ।
ਇੱਕ ਸੈਨਿਕ ਹੱਸਦਿਆਂ ਹੋਇਆ ਤਿਰੰਗਾ, ਵਤਨ ਅਤੇ ਉਸ ਦੀ ਇੱਜ਼ਤ ਲਈ ਸਭ ਕੁਝ ਵਾਰ ਸਕਦਾ ਹੈ।ਪਰ ਕੁਝ ਸੁਆਲ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਸਮੇਂ ਨਾਲ ਵਧਦੀ ਜਾ ਰਹੀ ਹੈ। ਕੀ ਅਸੀਂ ਕੁਝ ਅਜਿਹਾ ਕਰ ਰਹੇ ਹਾਂ ਜਿਸ ਨਾਲ ਪੂਰੇ ਸਿਸਟਮ ਵਿੱਚ ਕੁਝ ਸੁਧਾਰ ਹੋ ਸਕੇ?
ਸ਼ੁੱਕਰਵਾਰ ਦੀ ਸਵੇਰੇ ਮੈਂ ਇੱਕ ਨਿਊਜ਼ ਚੈਨਲ ‘ਤੇ ਸੀ। ਮੈਂ ਉਸ ਦੇ ਡਿਬੇਟ ਵਿੱਚ ਭਾਵਨਾਵਾਂ ਅਤੇ ਬੜਬੋਲੇਪਣ ਤੋਂ ਵਧੇਰੇ ਤਰਕ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।ਟੀਵੀ ਐਂਕਰ ਨੇ ਇੱਕ ਟਿੱਪਣੀ ਕੀਤੀ, ਉਸ ਨੇ ਕਿਹਾ, ‘ਸ਼ਾਇਦ ਤੁਸੀਂ ਪੁਲਵਾਮਾ ਦੀਆਂ ਤਸਵੀਰਾਂ ਨਹੀਂ ਦੇਖੀਆਂ, ਇਸ ਲਈ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਇਸ ਦਾ ਇੱਕ ਹੀ ਹੱਲ ਹੈ-ਬਦਲਾ।’ਐਂਕਰ ਨੂੰ ਨਹੀਂ ਪਤਾ ਹੋਵੇਗਾ ਕਿ ਮੈਂ ਕੁਝ ਸਾਲ ਪਹਿਲਾਂ ਹੀ ਇਕ ਜੰਗ ਵਿੱਚ ਜਖ਼ਮੀ ਹੋਇਆ ਸੀ। ਜਦੋਂ ਉਹ ਡਿਬੇਟ ‘ਚ ਮੇਰੀ ਪਛਾਣ ਕਰਵਾ ਰਹੀ ਸੀ ਤਾਂ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਮੈਂ ਮੇਜਰ ਰਿਹਾ ਹਾਂ।
ਮੈਂ ਉਸ ਔਰਤ ਨੂੰ ਜਵਾਬ ਦਿੱਤਾ, “ਇੱਕ ਸੈਨਿਕ ਹਮੇਸ਼ਾ ਤਿਰੰਗੇ ਲਈ ਆਪਣੀ ਜਾਨ ਦਾਅ ‘ਤੇ ਲਗਾਉਣ ਲਈ ਤਿਆਰ ਰਹਿੰਦਾ ਹੈ ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਜਾਨਣਾ ਚਾਹੀਦਾ ਹੈ ਕਿ ਵਕਾਸ ਕਮਾਂਡੋ (ਪੁਲਵਾਮਾ ਦਾ ਆਤਮਘਆਤੀ ਹਮਲਾਵਰ) ਬਣਨ ਦੀ ਤੁਲਨਾ ਵਿੱਚ ਡਬਲ ਸੈਨਾ ਮੈਡਲ ਅਤੇ ਅਸ਼ੋਕ ਚੱਕਰ ਪਾਉਣ ਵਾਲਾ ਕਸ਼ਮੀਰੀ ਨੌਜਵਾਨ ਲਾਂਸ ਨਾਇਕ ਨਜ਼ੀਰ ਵਾਣੀ ਸਾਡੇ ਲਈ ਵਧੇਰੇ ਪ੍ਰੇਰਣਾਦਾਇਕ ਹਨ।” “ਸਾਨੂੰ ਇਸ ਮੋਰਚੇ ‘ਤੇ ਵੀ ਸੋਚਣ ਦੀ ਲੋੜ ਹੈ। ਜੇਕਰ ਇੱਕ ਪਾਗ਼ਲ ਗੁਆਂਢੀ ਮੇਰੇ ਘਰ ਆ ਕੇ ਮੇਰੇ ਨੌਜਵਾਨਾਂ ਨੂੰ ਭੜਕਾਉਂਦਾ ਹੈ ਤਾਂ ਅਸੀਂ ਇਸ ਨੂੰ ਰੋਕਣ ਵਿੱਚ ਨਾਕਾਮ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਗ਼ਲਤ ਹਾਂ।”
40 ਪਰਿਵਾਰ ਬਰਬਾਦ ਹੋਏ ਹਨ ਅਤੇ ਅਸੀਂ ਹੱਲ ਵੱਲ ਨਹੀਂ ਵਧਦੇ ਤਾਂ ਭਵਿੱਖ ‘ਚ ਹੋਰ ਵੀ ਪਰਿਵਾਰ ਬਰਬਾਦ ਹੋਣਗੇ।ਜਦੋਂ ਤੁਸੀਂ ਬਦਲੇ ਲਈ ਚੀਕ ਰਹੇ ਹੁੰਦੇ ਹੋ ਤਾਂ ਕ੍ਰਿਪਾ ਕਰਕੇ ਦੂਜੇ ਪਰਿਵਾਰਾਂ, ਮਾਪਿਆਂ, ਪਤਨੀਆਂ ਅਤੇ ਬੱਚਿਆਂ ਨੂੰ ਪੁੱਛੋ ਕਿ, ਕੀ ਉਹ ਉਨ੍ਹਾਂ ਦੇ ਹੀਰੋ ਸੈਨਿਕਾਂ ਯਾਨਿ ਆਪਣੇ ਪਤੀ, ਆਪਣੇ ਪਿਤਾ ਅਤੇ ਆਪਣੇ ਬੇਟੇ ਬਿਨਾਂ ਜੀਣ ਲਈ ਤਿਆਰ ਹਨ?
ਜਦੋਂ ਤੱਕ ਅਗਲੀ ਪੀੜ੍ਹੀ ਸਕਾਰਾਤਮਕ ਤੌਰ ‘ਤੇ ਨਹੀਂ ਸਮਝੇਗੀ ਉਦੋਂ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਏਗਾ।ਹਮਲਾ, ਬਦਲਾ, ਉਨ੍ਹਾਂ ਦਾ ਬਦਲਾ ਅਤੇ ਸਾਡਾ ਬਦਲਾ ਜਾਰੀ ਹੈ। ਮੈਨੂੰ ਉਸ ਐਂਕਰ ਨੂੰ ਆਪਣਾ ਤਰਕ ਸਮਝਾਉਣ ‘ਚ ਥੋੜ੍ਹੀ ਕੋਸ਼ਿਸ਼ ਕਰਨੀ ਪਈ ਅਤੇ ਇਸ ਤੋਂ ਬਾਅਦ ਪੂਰਾ ਪੈਨਲ ਮੇਰੀ ਭਾਸ਼ਾ ਬੋਲਣ ਲੱਗਾ।ਟੀਵੀ ਐਂਕਰ ਅਤੇ ਖ਼ਾਸ ਕਰਕੇ ਉਸ ਮਹਿਲਾ ਵਰਗੇ ਟੀਵੀ ਐਂਕਰਜ਼ ਆਪਣੀ ਗੱਲ ਤੁਹਾਡੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਅਸੀਂ ਉਨ੍ਹਾਂ ਨਾਲ ਸਹਿਮਤ ਹੋ ਜਾਈਏ।
ਉਨ੍ਹਾਂ ਦੇ ਹੀ ਸੁਰ ਵਿੱਚ ਕਈ ਭੋਲੇ ਲੋਕ ਚੀਕਣ ਲਗਦੇ ਹਨ ਅਤੇ ਬਕਵਾਸ ਗੱਲਾਂ ‘ਤੇ ਸਹਿਮਤ ਹੋਣ ਲਗਦੇ ਹਨ। ਕੋਈ ਕਲਪਨਾ ਨਹੀਂ ਕਰ ਸਕਦਾ ਹੈ ਕਿ ਜਾਨ ਜਾਣ ਦਾ ਕੀ ਮਤਲਬ ਹੁੰਦਾ ਹੈ।
ਇਸ ਤੋਂ ਬਾਅਦ ਤੁਸੀਂ ਅਦਾਲਤਾਂ ‘ਚ ਇਨਸਾਫ਼ ਅਤੇ ਮੁਆਵਜ਼ੇ ਲਈ ਚੱਕਰ ਲਗਾਉਂਦੇ ਰਹੋ। ਅਸੀਂ ਚਾਹੁੰਦੇ ਤਾਂ ਹਾਂ ਕਿ ਸੈਨਿਕ ਮਰ ਜਾਵੇ ਪਰ ਉਸ ਦੀ ਵਿਧਵਾ ਨੂੰ ਬਕਾਇਆ ਅਤੇ ਪੈਨਸ਼ਨ ਲਈ ਦਰ-ਦਰ ਭਟਕਣਾ ਪੈਂਦਾ ਹੈ। ਕੁਝ ਲੋਕਾਂ ਨੂੰ ਤਾਂ ਸਬੂਤ ਦੇਣਾ ਪੈਂਦਾ ਹੈ ਕਿ ਉਨ੍ਹਾਂ ਦਾ ਪਤੀ ਸ਼ਹੀਦ ਹੋਇਆ ਸੀ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਲਾਸ਼ ਨਹੀਂ ਮਿਲੀ ਪਹਿਲਾਂ ਤੁਸੀਂ ਲਾਸ਼ ਲਿਆਉ।ਜਖ਼ਮੀ ਹਾਲਤ ਵਿੱਚ ਪੈਨਸ਼ਨ ਲਈ ਮੈਨੂੰ 7 ਸਾਲ ਦੀ ਲੜਾਈ ਲੜਨੀ ਪਈ ਅਤੇ ਸਾਬਿਤ ਕਰਨਾ ਪਿਆ ਕਿ ਮੈਂ ਜੰਗ ਵਿੱਚ ਜਖ਼ਮੀ ਹੋਇਆ ਸੀ। ਅਦਾਲਤਾਂ ‘ਚ ਸੈਂਕੜੇ ਮਾਮਲੇ ਪੈਂਡਿੰਗ ਹਨ।
ਮੇਜਰ ਨਵਦੀਪ ਸਿੰਘ ਅਤੇ ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਨਾਲ ਮੇਰੀ ਆਖ਼ਰੀ ਮੁਲਾਕਾਤ ਮੈਡਮ ਰੱਖਿਆ ਮੰਤਰੀ ਨਾਲ ਹੋਈ ਸੀ।ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਨਵਰੀ ਦੇ ਅਖ਼ੀਰ ਤੱਕ ਜੰਗ ‘ਚ ਜਖ਼ਮੀ ਹੋਣ ਤੋਂ ਬਾਅਦ ਅਪਾਹਜ ਹੋਏ ਸੈਨਿਕਾਂ ਦੇ ਖ਼ਿਲਾਫ਼ ਗ਼ੈਰ-ਜ਼ਰੂਰੀ ਅਪੀਲਾਂ ਵਾਪਸ ਲਈਆਂ ਜਾਣਗੀਆਂ।ਜਨਵਰੀ ਖ਼ਤਮ ਹੋ ਗਈ ਅਤੇ ਵਾਅਦਾ ਉੱਥੇ ਹੀ ਹੈ। ਮੁਕੱਦਮੇ ਹੁਣ ਵੀ ਚੱਲ ਰਹੇ ਹਨ।ਲੋਕ ਚਾਹੁੰਦੇ ਹਨ ਕਿ ਸੈਨਿਕ ਮਰਨ ਪਰ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਿਲਣ ਵਾਲੇ ਭੱਤੇ ਖ਼ਤਮ ਕਰ ਦਿੱਤੇ ਜਾਣ ਕਿਉਂਕਿ ਸਰਕਾਰ ਨੂੰ ਇਹ ਬੋਝ ਲਗਦਾ ਹੈ।
ਅਸੀਂ ਇਸ ਲਈ ਵੀ ਲੜਾਈ ਲੜੀ ਅਤੇ ਲੱਗਿਆ ਕਿ ਰੱਖਿਆ ਮੰਤਰੀ ਸਾਡੇ ਨਾਲ ਖੜੀ ਹੋਵੇਗੀ। ਦਿਲਚਸਪ ਗੱਲ ਹੈ ਕਿ ਉਹ ਵੀ ਔਰਤ ਹੈ ਪਰ ਵਿਧਵਾਵਾਂ ਦਾ ਦਰਦ ਨਹੀਂ ਸਮਝ ਰਹੀ। ਅਸੀਂ ਹਾਲ ਹੀ ਵਿੱਚ ਐਚਏਐਲ ਮਾਮਲੇ ਨੂੰ ਦੇਖਿਆ ਹੈ।ਅਸੀਂ ਚਾਹੁੰਦੇ ਹਾਂ ਕਿ ਸੈਨਿਕ ਮਰਨ ਪਰ ਜਦੋਂ ਉਨ੍ਹਾਂ ਦੇ ਆਪਣਿਆਂ ਨੂੰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਕੇਸ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਸ ਨੇ ਪੱਥਰਬਾਜ ਨੂੰ ਜੀਪ ‘ਤੇ ਬੰਨ੍ਹ ਕੇ ਬਿਠਾਇਆ ਸੀ।
ਇਸ ਸੂਚੀ ਦਾ ਕੋਈ ਅੰਤ ਨਹੀਂ ਹੈ। ਜ਼ਿੰਦਗੀਆਂ ਦਾ ਮਜ਼ਾਕ ਨਾ ਬਣਾਉ। ਆਪਣੇ ਕਾਰੋਬਾਰ ਨੂੰ ਚਮਕਾਉਣ ਲਈ ਭਾਵਨਾਵਾਂ ਨਾਲ ਨਾ ਖੇਡੋ।ਭਾਰਤੀ ਸੈਨਾ ਅਤੇ ਸੀਆਰਪੀਐਫ ਨੂੰ ਪਤਾ ਹੈ ਕਿ ਕੀ ਕਰਨਾ ਹੈ ਅਤੇ ਕਦੋਂ ਕਰਨਾ ਹੈ। ਅਤੀਤ ਵਿੱਚ ਸੈਨਾ ਨੇ ਖ਼ੁਦ ਨੂੰ ਦਿਖਾਇਆ ਹੈ, ਉਸ ਨੂੰ ਹਾਲਾਤ ਨਿਪਟਣਾ ਆਉਂਦਾ ਹੈ।ਕ੍ਰਿਪਾ ਕਰਕੇ ਤੁਸੀਂ ਸਾਨੂੰ ਨਾ ਦੱਸੋ ਕਿ ਸਾਨੂੰ ਕੀ ਕਰਨਾ ਹੈ ਪਰ ਇਸ ਦੇ ਬਾਵਜੂਦ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ ਅਤੇ ਇਸ ਦਾ ਧਿਆਨ ਕੌਣ ਰੱਖਦਾ ਹੈ ਕਿ ਸੈਨਿਕਾਂ ਨੂੰ ਗੁਮਨਾਮੀ ਵਿੱਚ ਛੱਡ ਦਿੱਤਾ ਜਾਂਦਾ ਹੈ।