ਅੰਬੋ
ਮਾਲਵੇ ਦੇ ਬਹੁਤਾਂਤ ਪਿੰਡਾਂ ਚ ਵੱਡੀ ਉਮਰ ਦੀ ਸਿਆਣੀ ਮਾਈ ਨੂੰ ਅੰਬੋ ਦੇ ਕਰਕੇ ਜਾਣਿਆਂ ਜਾਂਦਾ ਰਿਹਾ, ਅੰਬੋ ਕੋਈ ਨਾਮ ਨਹੀਂ ਬਲਕਿ ਵੱਡੇ ਥਾਂਉ ਹੋਣ ਕਰਕੇ ਸਤਿਕਾਰ ਸਹਿਤ ਸੰਬੋਧਨ ਹੁੰਦਾ ਸੀ , ਹਾਂ ਕਈ ਪਿੰਡੀ ਮਾਈਆਂ ਦਾ ਨਾਮ ਹੀ ਪੰਜਾਬ ਕੌਰ ਹੁੰਦਾ ਸੀ ਜਿੰਨਾਂ ਨੂੰ ਪੰਜਾਬੋਂ ਤੇ ਫਿਰ ਅੰਬੋ ਆਖ ਸੰਬੋਧਨ ਕੀਤਾ ਜਾਣਾ ! ਇਹ ਵੀ ਸ਼ਾਿੲਦ ਮਹਾਂ ਪੰਜਾਬ ਵੇਲੇ ਦੀਆ ਗੱਲਾਂ ਅਸੀਂ ਵੀ ਸੁਣਦੇ ਹੀ ਹੁੰਦੇ ਸੀ ਹੁਣ ਤਾਂ ਪੰਜਾਬ ਵੀ ਢਾਈ ਦਰਿਆਵਾਂ ਦੀ ਧਰਤੀ ਢਾਬ ਬਣ ਕਿ ਰਹਿ ਗਿਆ ਤੇ ਅੰਬੋ , ਪੰਜਾਬੋਂ ਵਰਗੇ ਕਿਰਦਾਰ ਵੀ ਸਮੇਂ ਦੇ ਨਾਲ ਬੀਤੇ ਦੀਆ ਗੱਲਾਂ ਹੁੰਦੇ ਗਏ!
ਇਹਨਾਂ ਮਾਈਆਂ ਬੀਬੀਆਂ ਦੀਆ ਤਾਂ ਗਾਹਲਾਂ ਵੀ ਵਿਸ਼ੇਸ਼ ਤੇ ਦਿਲਚਸਪ ਹੀ ਹੁੰਦੀਆਂ ਸੀ, ਕੁੱਝ ਗਾਹਲਾਂ ਦੀ ਤਾਂ ਅੱਜ ਤੱਕ ਸਮਝ ਨਹੀਂ ਆਈ , ਇਹਨਾਂ ਦੇ ਮੂੰਹੋਂ ਗਾਹਲਾਂ ਸੁਣ ਕਿ ਵੀ ਏਦਾਂ ਲੱਗਣਾ ਜਿਵੇ ਇਹਨਾਂ ਗਾਹਲਾਂ ਚ ਵੀ ਅਪਣੱਤ ਸੀ , ਜਿਵੇਂ “ਜੈ ਵੱਢੀ ਦਾ , ਤੇ ਇੱਕ ਹੁੰਦੀ ਸੀ “ਦਾਦੇ ਮਘਾਉਣਾ, ਜਾ ਦਾਦੇ ਮੰਗਾਉਣਾ ਤੇ ਕਈ ਲੋਕ ਕਹਿੰਦੇ ਇਹ ਗਾਹਲ ਅਸਲ ਚ “ਦਾਦੇ ਮੂੰਹ ਹਗਾਉਣਾ” ਹੈ, ਮੈਨੂੰ ਸਹੀ ਅਰਥ ਹਾਲੇ ਤੱਕ ਨਹੀ ਪਤਾ , ਜਾ ਇੱਕ ਹੁੰਦੀ ਸੀ “ਥੇਹ ਹੋਣਾ” ਇੱਕ ਹੁੰਦੀ ਸੀ “ਬੇੜੀ ਬੈਠੀ ਵਾਲਾ” ਆਦਿ ! ਹੋਰ ਵੀ ਬਹੁਤ ਸੀ ਇਸ ਤਰਾਂ ਦੀਆ , ਤੇ ਏਨਾ ਨੂੰ ਕੱਢਣ ਵਾਲੀਆ ਅੰਬੋਆ ਗਾਹਲਾਂ ਦੇ ਨਾਲ ਨਾਲ ਅਲੋਪ ਹੁੰਦੀਆ ਗਈਆਂ , ਤੇ ਇਸ ਪਿਆਰ ਅਪਣੱਤ ਦੀ ਥਾਂ ਫੋਕੇ ਸ਼ਿਸ਼ਟਾਚਾਰ ਨੇ ਲੈ ਲਈ ਤੇ ਅੰਬੋਆਂ ਦੀ ਥਾਂ ਆਂਟੀਆਂ ਨੇ , ਮੂੰਹਾਂ ਤੇ ਫੋਕਾ ਸ਼ਿਸ਼ਟਾਚਾਰ ਆ ਗਿਆ ਇਹ ਗਾਹਲਾਂ ਤਾਂ ਅਲੋਪ ਹੋ ਗਈਆਂ ਪਰ ਇਸ ਦੀ ਥਾਵੇਂ ਦਿਲਾਂ ਚ ਈਰਖਾ ਤੇ ਮੰਦ ਭਾਵਨਾ ਆ ਗਈ ਇਸ ਦੀ ਬਜਾਏ ਮੂੰਹਾਂ ਤੇ ਇਹ ਗਾਹਲਾਂ ਲੱਖ ਦਰਜੇ ਚੰਗੀਆਂ ਸੀ ਕਿਉਂਕਿ ਦਿਲਾਂ ਚ ਦੁਆਵਾਂ ਸੀ ।
ਵਿਆਹ ਸ਼ਾਦੀਆਂ , ਮਰਣਿਆ ਮਕਾਣਾਂ , ਪਾਠਾਂ ਤੇ ਭੋਗਾਂ , ਜਾ ਮਿਲਣੀਆਂ ਚ ਵਿਸ਼ੇਸ਼ ਕਰ ਇਨ੍ਹਾਂ ਮਾਈਆ ਇਹਨਾਂ ਅੰਬੋਆ ਨੂੰ ਪੁੱਛ ਪੁੱਛ ਕੰਮ ਹੋਣੇ , ਕੀਹਨੂੰ ਸੂਟ ਲਾਉਣਾ ਤੇ ਕੀਹਨੂੰ ਭੂਰਾ (ਕੰਬਲ) , ਕੀਹਨੂੰ ਕੀ ਸ਼ਗਨ ਦੇਣਾ ਤੇ ਕਿਹੜਾ ਕਿਹੜਾ ਵਿਚਾਰ ਕਰਨਾ ਜਾ ਨਹੀਂ ਕਰਨਾ ਸਭ ਕੁੱਝ ਇਨ੍ਹਾਂ ਦੀ ਸਲਾਹ ਨਾਲ ਹੋਣਾ , ਸ਼ਾਇਦ ਤੁਸੀ ਵੀ ਇਹ ਸਭ ਆਪਣੇ ਅੱਖੀਂ ਵੇਖਿਆਂ ਹੋਣਾ ਪਰ ਇਹ ਸਭ ਹੋਲੀ ਹੋਲੀ ਬੀਤੇ ਦੀਆ ਗੱਲਾ ਹੋ ਨਿੱਬੜਦੀਆਂ ਗਈਆਂ !
~ਜੈਤੋ