ਕੇਂਦਰ ਵਿੱਚ ਭਾਜਪਾ ਦਾ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਦੇ ਵਡੇਰਿਆਂ ਦੀਆਂ ‘ਕਰਤੂਤਾਂ’ ਗਿਣਵਾ ਰਿਹਾ। ਮੋਦੀ ਨੇ ਆਪਣੇ ਵਲੋਂ ਪੂਰਾ ਜੋਰ ਲਾ ਰੱਖਿਆ ਕਿ ਕਾਂਗਰਸ ਦੇ ‘ਮਾਣਮੱਤੇ’ ਇਤਿਹਾਸ ਨੂੰ ਵਰਤ ਕੇ ਵੋਟਾਂ ਲੁੱਟ ਲਈਆਂ ਜਾਣ। ਜੇ ਪੰਜਾਬ ਦੇ ਸਬੰਧ ‘ਚ ਦੇਖੀਏ ਤਾਂ ਮੋਦੀ ਨੇ 1984 ‘ਚ ਦਿੱਲੀ ‘ਚ ਸਿੱਖਾਂ ਦੀ ਕਤਲੋਗਾਰਤ ਨੂੰ ‘ਅੱਤਵਾਦੀ’ ਕਾਰਾ ਕਿਹਾ ਅਤੇ ਕੇਂਦਰੀ ਬੀਜੇਪੀ ਨੇ ਕਿਹਾ ਕਿ ਇਸ ‘ਨਸਲਕੁਸ਼ੀ’ ਦੇ ਹੁਕਮ ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਫਤਰ ਤੋਂ ਆਏ ਸਨ।ਪਰ ਦੂਜੇ ਪਾਸੇ ਅਮ੍ਰਿਤਸਰ ਦੇ ਭਾਜਪਾਈ ਆਪਣੇ ਉਮੀਦਵਾਰ ਹਰਦੀਪ ਪੁਰੀ ਨੂੰ ਆਪ ਹੀ ‘ਨਿਰੰਕਾਰੀ ਮਿਸ਼ਨ’ ਲੈ ਗਏ। ‘ਨਿਰੰਕਾਰੀ ਮਿਸ਼ਨ’ ਅਸਲ ‘ਚ ਕਾਂਗਰਸ ਦੇ ਵਡੇਰਿਆਂ ਦਾ ਡੇਰਾਵਾਦ ਨਾਲ ਪਹਿਲਾ ਤਜਰਬਾ ਸੀ। ਨਿਰੰਕਾਰੀ ਮਿਸ਼ਨ ਦੇ ਇਕੱਠ ‘ਚ ਭਾਜਪਾ ਦੇ ਉਮੀਦਵਾਰ ਨੂੰ ਲੈ ਕੇ ਜਾਣਾ ਕਾਂਗਰਸ ਦੇ ਵਡੇਰਿਆਂ ਦੀਆਂ ਉਂਗਲਾਂ ‘ਤੇ ਨੱਚਣ ਦੇ ਬਰਾਬਰ ਹੈ। ਮੋਦੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗੂ ਤਾਂ ਮਨ ਹੀ ਮਨ ਕਚੀਚੀਆਂ ਤਾਂ ਵੱਟੂ।ਕੀ ਪੰਜਾਬ ਦੇ ਭਾਜਪਾਈ ਐਨੇ ਭੋਲੇ ਨੇ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਮੋਦੀ ਕੇਂਦਰ ‘ਚ ਇਤਿਹਾਸ ਦੀ ਵਰਤੋਂ ਕਿਵੇਂ ਕਾਂਗਰਸ ਦੀ ਮਿੱਟੀ ਪਲੀਤ ਕਰਨ ਲਈ ਕਰ ਰਿਹਾ ਅਤੇ ਉਸ ਇਤਿਹਾਸ ਵਿੱਚ ‘ਨਿਰਂਕਾਰੀ ਮਿਸ਼ਨ’ ਅਤੇ ਕਾਂਗਰਸ ਦਾ ਕੀ ਸਬੰਧ ਰਿਹਾ ? ਦੋਵਾਂ ਦੇ ਇਤਿਹਾਸਿਕ ਸਬੰਧ ਦੀ ਸਵਾਹ ਕਾਗਰਸ ਦੇ ਸਿਰ ਪਾਉਣ ਦੀ ਬਜਾਏ ਭਾਜਪਾਈਆਂ ਨੇ ਅਪਣੇ ਸਿਰ ਪਾ ਲਈ। ਹਰਦੀਪ ਪੁਰੀ ਬਿਨਾ ਸ਼ੱਕ ਆਲਮੀ ਮੁਲਕਾਂ ਦੀ ਸਿਆਸਤ ‘ਚ ਦੁਨੀਆਂ ਦੇ ਚੋਟੀ ਦੇ 100 ਲੀਡਰਾਂ ਚੋਂ ਇਕ ਰਿਹਾ ਪਰ ਅਮ੍ਰਿਤਸਰ ਦੇ ਭਾਜਪਾਈਆਂ ਦੀ ਵਿਦਵਤਾ ‘ਤੇ ਉਹ ਵੀ ਮੱਥੇ ‘ਤੇ ਹੱਥ ਰੱਖ ਕੇ ਪਿੱਟਦਾ ਹੋਵੇਗਾ।