ਪੰਜਾਬ ’ਚ ਅੱਜ ਸਵੇਰੇ–ਸਵੇਰੇ ਪੰਜ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਣ ਦੀਆਂ ਖ਼ਬਰਾਂ ਆਈਆਂ ਹਨ; ਇਨ੍ਹਾਂ ’ਚੋਂ ਇੱਕ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਹੈ। ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਗਗਨਦੀਪ ਜੱਸੋਵਾਲ ਦੀ ਰਿਪੋਰਟ ਮੁਤਾਬਕ ਸਰਕਾਰੀ ਤੌਰ ’ਤੇ ਭਾਈ ਖਾਲਸਾ ਧੀ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਪਰ ਭਰੋਸੇਯੋਗ ਸੂਤਰਾਂ ਨੇ ਇਸ ਤੋਂ ਪਹਿਲਾਂ ਹੀ ਇਸ ਸਬੰਧੀ ਪੁਸ਼ਟੀ ਕਰ ਦਿੱਤੀ ਸੀ। ਉੱਧਰ ਇੱਕ ਪਾਜ਼ਿਟਿਵ ਮਰੀਜ਼ ਫ਼ਰੀਦਕੋਟ ਜ਼ਿਲ੍ਹੇ ’ਚ ਮਿਲਿਆ ਹੈ, ਜੋ ਕਿ ਇਸ ਜ਼ਿਲ੍ਹੇ ਦਾ ਪਹਿਲਾ ਕੋਰੋਨਾ–ਮਰੀਜ਼ ਹੈ। ਉੱਧਰ ਮਾਨਸਾ ਜ਼ਿਲ੍ਹੇ ’ਚ ਤਿੰਨ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲੇ ਹਨ। ਇਹ ਤਿੰਨੇ ਤਬਲੀਗ਼ੀ ਜਮਾਤ ਦਾ ਹਿੱਸਾ ਰਹੇ ਹਨ। ਇੰਝ ਹੁਣ ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 58 ਹੋ ਗਈ ਹੈ।
ਮਾਨਸਾ ਦੇ 10 ਜਣੇ ਤਬਲੀਗ਼ੀ ਜਮਾਤ ਦੇ ਸਮਾਰੋਹ ’ਚ ਭਾਗ ਲੈਣ ਲਈ ਦਿੱਲੀ ਗਏ ਸਨ; ਉਨ੍ਹਾਂ ਵਿੱਚੋਂ ਤਿੰਨ ਜਣੇ ਪਾਜ਼ਿਟਿਵ ਪਾਏ ਗਏ ਹਨ। ਬਾਕੀਆਂ ਨੂੰ ਕੁਆਰੰਟੀਨ ਲਈ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਕੱਲ੍ਹ ਸ਼ੁੱਕਰਵਾਰ ਨੂੰ 7 ਨਵੇਂ ਮਾਮਲੇ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ ਤਿੰਨ ਮਾਮਲੇ ਅੰਮ੍ਰਿਤਸਰ ਦੇ ਹਨ, ਦੋ ਮੋਹਾਲੀ ਦੇ ਅਤੇ ਇੱਕ–ਇੱਕ ਲੁਧਿਆਣਾ ਤੇ ਰੂਪਨਗਰ ਤੋਂ ਸਨ। ਇੰਝ ਕੱਲ੍ਹ ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 53 ਹੋ ਗਈ ਸੀ।
ਅੰਮ੍ਰਿਤਸਰ ’ਚ ਜਿਹੜੇ ਤਿੰਨ ਨਵੇਂ ਪਾਜ਼ਿਟਿਵ ਕੇਸ ਮਿਲੇ ਸਨ; ਉਨ੍ਹਾਂ ਵਿੱਚੋਂ ਦੋ ਜਣੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਹੁਰਾਂ ਦੇ ਨੇੜਲੇ ਸੰਪਰਕ ’ਚ ਰਹੇ ਸਨ। ਚੇਤੇ ਰਹੇ ਕਿ ਭਾਈ ਖਾਲਸਾ ਦਾ ਦੇਹਾਂਤ ਵੀਰਵਾਰ ਤੜਕੇ 4:30 ਵਜੇ ਹੋ ਗਿਆ ਸੀ। ਉਹ ਵੀ ਕੋਰੋਨਾ–ਪਾਜ਼ਿਟਿਵ ਸਨ। ਹੁਣ ਉਨ੍ਹਾਂ ਦੇ ਸੰਪਰਕ ’ਚ ਜਿੰਨੇ ਵੀ ਵਿਅਕਤੀ ਹਨ, ਉਨ੍ਹਾਂ ਦੀ ਭਾਲ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਗਿਣਤੀ ਸੈਂਕੜੇ ’ਚ ਦੱਸੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਜਿਹੜੇ ਦੋ ਵਿਅਕਤੀ ਭਾਈ ਨਿਰਮਲ ਸਿੰਘ ਖਾਲਸਾ ਦੇ ਨੇੜਲੇ ਸੰਪਰਕ ’ਚ ਸਨ; ਉਨ੍ਹਾਂ ਵਿੱਚ ਉਨ੍ਹਾਂ ਦੀ ਅਮਰੀਕਾ ਤੋਂ ਪਰਤੀ ਆਂਟੀ ਤੇ ਇੱਕ ਹੋਰ ਰਾਗੀ ਸ਼ਾਮਲ ਹਨ। 67 ਸਾਲਾ ਇਹ ਰਾਗੀ ਭਾਈ ਖਾਲਸਾ ਹੁਰਾਂ ਨਾਲ ਚੰਡੀਗੜ੍ਹ ਵੀ ਗਿਆ ਸੀ। ਉੱਥੇ ਉਨ੍ਹਾਂ ਦੋਵਾਂ ਨੇ ਇੱਕ ਧਾਰਮਿਕ ਸਮਾਰੋਹ ’ਚ ਸ਼ਿਰਕਤ ਕੀਤੀ ਸੀ।
ਉੱਧਰ ਮੋਹਾਲੀ ’ਚ ਕੱਲ੍ਹ ਜਿਹੜੇ ਦੋ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸਨ; ਉਹ ਦੋਵੇਂ ਤਬਲੀਗ਼ੀ ਜਮਾਤ ਨਾਲ ਸਬੰਧਤ ਸਨ ਤੇ ਉਹ ਦਿੱਲੀ ਦੇ ਨਿਜ਼ਾਮੁੱਦੀਨ ਸਥਿਤ ਇਸਲਾਮਿਕ ਮਰਕਜ਼ ਦੇ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਏ ਸਨ। ਉਨ੍ਹਾਂ ’ਚੋਂ ਇੱਕ ਸੈਕਟਰ 80 ਦੇ ਮੌਲੀ ਬੈਦਵਾਨ ਦਾ ਰਹਿਣ ਵਾਲਾ 42 ਸਾਲਾ ਵਿਅਕਤੀ ਹੈ; ਜਦ ਕਿ ਦੂਜਾ ਸੈਕਟਰ 68 ’ਚ ਰਹਿੰਦਾ ਹੈ, ਜਿਸ ਦੀ ਉਮਰ 62 ਵਰ੍ਹੇ ਹੈ।
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ 69 ਸਾਲਾ ਔਰਤ ਵੀ ਕੱਲ੍ਹ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ। ਰੋਪੜ ਦੇ ਪਿੰਡ ਚਤਾਮਲੀ ਦੀ 55 ਸਾਲਾਂ ਦੀ ਇੱਕ ਔਰਤ ਵੀ ਕੋਰੋਨਾ–ਪਾਜ਼ਿਟਿਵ ਪਾਈ ਗਈ ਹੈ। ਇਹ ਰੋਪੜ ਦਾ ਪਹਿਲਾ ਪਾਜ਼ਿਟਿਵ ਮਾਮਲਾ ਹੈ।
ਇਸ ਔਰਤ ਨੂੰ ਬੀਤੀ 27 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ–16 ਸਥਿਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਸ ਦੇ ਟੈਸਟ ਦੀ ਰਿਪੋਰਟ ਕੱਲ੍ਹ ਸ਼ੁੱਕਰਵਾਰ ਨੂੰ ਪਾਜ਼ਿਟਿਵ ਆਈ ਸੀ।