ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੂਰੇ ਦੇਸ਼ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1409 ਹੋ ਗਈ ਹੈ। ਇਨ੍ਹਾਂ ‘ਚੋਂ 41 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 140 ਲੋਕ ਠੀਕ ਹੋ ਚੁੱਕੇ ਹਨ।
ਇਸੇ ਤਰ੍ਹਾਂ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਸਟਾਫ਼ ਨਰਸ ਦਾ ਕੰਮ ਕਰਨ ਵਾਲੀ ਇਕ 36 ਸਾਲਾ ਔਰਤ ਦਾ ਕੋਵਿਡ -19 ਦਾ ਟੈਸਟ ਪਾਜ਼ੀਟਿਵ ਆਇਆ ਹੈ। ਜਿਸ ਨਾਲ ਇਹ ਜ਼ਿਲ੍ਹੇ ਵਿੱਚ ਅਜਿਹਾ ਦੂਜਾ ਕੇਸ ਬਣ ਗਿਆ ਹੈ। ਮੁਢਲੇ ਵੇਰਵਿਆਂ ਅਨੁਸਾਰ ਨਰਸ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਕਿਹਾ ਕਿ ਅੱਜ ਉਸ ਦੀ ਜੋ ਰਿਪੋਰਟ ਆਈ ਹੈ ਉਹ ਪਾਜ਼ੀਟਿਵ ਹੈ। ਅਸੀਂ ਉਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਗਾਉਣ ਲਈ ਅਗਲੇਰੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਅਧਿਕਾਰੀਆਂ ਅਨੁਸਾਰ ਫਿਲਹਾਲ ਸਿਹਤ ਟੀਮਾਂ ਨੇ ਉਸ ਦੇ ਸਹੁਰਿਆਂ ਅਤੇ ਬੱਚਿਆਂ ਸਮੇਤ ਚਾਰ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਇਸ ਨਰਸ ਦਾ ਪਹਿਲਾਂ ਡਾਕਟਰ ਵੱਲੋਂ ਟੈਸਟ ਕੀਤਾ ਗਿਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ। ਨਰਸ ਦਾ ਨਮੂਨਾ ਕੱਲ੍ਹ ਦੂਜੀ ਵਾਰ ਲਿਆ ਗਿਆ ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਨਰਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ‘ਤੇ ਲਾਪ੍ਰਵਾਹੀ ਕਰਨ ਦਾ ਦੋਸ਼ ਲਗਾਇਆ ਹੈ ਕਿ ਡਾਕਟਰ ਨੇ ਨਮੂਨਾ ਸਹੀ ਤਰ੍ਹਾਂ ਨਹੀਂ ਲਿਆ ਜਿਸ ਕਾਰਨ ਦੋ ਦਿਨਾਂ ਦੀ ਦੇਰੀ ਹੋਈ।
ਹਰਿਆਣਾ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਹੁਣ 22 ਹੋ ਗਏ ਹਨ।