ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ। ਜਾਣਕਾਰੀ ਮੁਤਾਬਿਕ ਉਨ੍ਹਾਂ ਦਰਮਿਆਨ ਜੀ-7 ਸਿਖ਼ਰ ਸੰਮੇਲਨ ਸਬੰਧੀ ਚਰਚਾ ਹੋਈ। ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂ.ਐਸ.ਏ. ਵਿੱਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਵਿੱਚ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ ਵੀ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਕਰੋਨਾ ਲਾਗ ਦੇ ਵਿਰੁੱਧ ਜੰਗ ‘ਤੇ ਆਪਸੀ ਸਹਿਯੋਗ ‘ਤੇ ਦੋਵਾਂ ਨੇਤਾਵਾਂ ਦਰਮਿਆਨ ਗੱਲਬਾਤ ਹੋਈ ਹੈ। ਕੁੱਝ ਦਿਨ ਪਹਿਲਾਂ ਹੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਦੇ ਵਿੱਚ ਸਰਹੱਦ ਵਿਵਾਦ ਨੂੰ ਲੈ ਕੇ ਪ੍ਰਸਤਾਵ ਰੱਖਣ ਦੀ ਗੱਲ ਵੀ ਟਵੀਟ ਕਰਕੇ ਆਖ਼ੀ ਸੀ ਜਿਸ ਨੂੰ ਭਾਰਤ ਨੇ ਸਿਰੇ ਤੋਂ ਖ਼ਰਾਜ ਕਰ ਦਿੱਤਾ ਸੀ।
ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੀ-7 ਵਿੱਚ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਸਬੰਧੀ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਖਿਆ ਕਿ ਕਰੋਨਾ ਤੋਂ ਬਾਅਦ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਮਜ਼ਬੂਤ ਸੰਗਠਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਮੇਲਨ ਦੀ ਸਫ਼ਲਤਾ ਦੇ ਲਈ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨਾ ਪ੍ਰਸੰਨਤਾ ਦਾ ਵਿਸ਼ਾ ਹੈ।
ਅਮਰੀਕਾ ਵਿੱਚ ਚੱਲ ਰਹੇ ਪ੍ਰਦਰਸ਼ਨ ਅਤੇ ਹਿੰਸਾ ਦੇ ਬਾਰੇ ਵੀ ਪ੍ਰਧਾਨ ਮੰਤਰੀ ਨੇ ਟਰੰਪ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਜਦ ਅਮਰੀਕੀ ਰਾਸ਼ਟਰਪਤੀ ਦਿੱਲੀ ਆਏ ਸਨ ਤਾਂ ਰਾਜਧਾਨੀ ਦਿੱਲੀ ਵਿੱਚ ਦੰਗੇ ਭੜਕੇ ਸਨ। ਇਸ ਸਮੇਂ ਅਮਰੀਕਾ ਵਿੱਚ ਵੀ ਕਈ ਜਗ੍ਹਾ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਵਿੱਚ ਜਾਰਜ ਫ਼ਲਾਈਡ ਨਾਮ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਉਥੇ ਹਿੰਸਾ ਭੜਕ ਉਠੀ ਸੀ। ਵਾਈਟ ਹਾਊਸ ਤੱਕ ਹਿੰਸਾ ਦੀ ਅੱਗ ਪਹੁੰਚਣ ਤੋਂ ਬਾਅਦ ਟਰੰਪ ਨੂੰ ਵੀ ਬੰਕਰ ਵਿੱਚ ਲੁਕੜਾ ਪਿਆ ਸੀ।
ਜੀ-7 ਦੁਨੀਆ ਦੀ ਚੋਟੀ ਦੀਆਂ 7 ਵਿਕਸਿਤ ਅਰਥਵਿਵਸਥਾਵਾਂ ਦਾ ਸਮੂਹ ਹੈ। ਇਸ ਵਿਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਕੈਨੇਡਾ ਸ਼ਾਮਲ ਹਨ। ਜਲਵਾਯੂ ਪਰਿਵਰਤਨ, ਸੁਰੱਖਿਆ ਤੇ ਅਰਥਵਿਵਸਥਾ ਸਣੇ ਵੱਖ-ਵੱਖ ਗਲੋਬਲ ਮੁੱਦਿਆਂ ‘ਤੇ ਚਰਚਾ ਲਈ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਦੀ ਹਰ ਸਾਲ ਬੈਠਕ ਹੁੰਦੀ ਹੈ। ਟਰੰਪ ਨੇ ਜੀ-7 ਬੈਠਕ ਸਤੰਬਰ ਤੱਕ ਲਈ ਟਾਲ ਦਿੱਤੀ ਹੈ। ਉਨ੍ਹਾਂ ਨੇ ਇੱਛਾ ਵਿਅਕਤ ਕੀਤੀ ਹੈ ਕਿ ਇਸ ਪੁਰਾਣੇ ਹੋ ਗਏ ਸੰਗਠਨ ਦਾ ਵਿਸਥਾਰ ਕੀਤਾ ਜਾਵੇ ਤੇ ਇਸ ਵਿਚ ਭਾਰਤ ਤੇ ਤਿੰਨ ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਇਸ ਨੂੰ ਜੀ-10 ਜਾਂ ਜੀ-11 ਬਣਾਇਆ ਜਾਵੇ।
ਭਾਰਤ ਤੇ ਤਿੰਨ ਹੋਰ ਦੇਸ਼ਾਂ ਨੂੰ ਜੀ-7 ਸਿਖਰ ਸੰਮੇਲਨ ਵਿਚ ਸੱਦਾ ਦੇਣ ਦੀਆਂ ਟਰੰਪ ਦੀਆਂ ਯੋਜਨਾਵਾਂ ਬਾਰੇ ਵਿਚ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਇਥੇ ਮੀਡੀਆ ਬ੍ਰੀਫਿੰਗ ਵਿਚ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਤੇ ਸੰਮੇਲਨਾਂ ਨੂੰ ਵੱਖ-ਵੱਕ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਵਧਾਉਣ ਵਾਲਾ ਹੋਣਾ ਚਾਹੀਦਾ ਹੈ, ਜਿਸ ਨਾਲ ਬਹੁ-ਪੱਖੀ ਸਾਂਝੇਦਾਰੀ ਕਾਇਮ ਰਹਿ ਸਕੇ ਤੇ ਵਿਸ਼ਵ ਸ਼ਾਂਤੀ ਤੇ ਵਿਕਾਸ ਨੂੰ ਬੜਾਵਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਦੁਨੀਆ ਭਰ ਦੇ ਦੇਸ਼ਾਂ ਦੀ ਭਾਰੀ ਬਹੁਮਤ ਦੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਖਿਲਾਫ ਕੋਈ ਵੀ ਗੁੱਟਬੰਦੀ ਦੀ ਕੋਸ਼ਿਸ਼ ਅਸਫਲ ਰਹੇਗੀ। ਟਰੰਪ ਵਲੋਂ ਭਾਰਤ ਤੇ ਤਿੰਨ ਹੋਰ ਦੇਸ਼ਾਂ ਨੂੰ ਸੱਦੇ ਨਾਲ ਚੀਨ ਵਿਚ ਬੇਚੈਨੀ ਦੀ ਭਾਵਨਾ ਹੈ।