ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ। ਅਜਿਹੀਆਂ ਸੰਭਾਵਨਾਵਾਂ ਹਨ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੌਕਡਾਊਨ ‘ਚ ਵਾਧੇ ਦਾ ਐਲਾਨ ਕਰ ਸਕਦੇ ਹਨ। ਦੇਸ਼ਪੱਧਰੀ ਬੰਦ ਨੂੰ ਵਧਾਉਣ ਲਈ ਬੀਤੇ ਸਨਿੱਚਰਵਾਰ (11 ਅਪ੍ਰੈਲ) ਨੂੰ ਹੋਈ ਇੱਕ ਅਹਿਮ ਬੈਠਕ ‘ਚ ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੌਕਡਾਊਨ ਨੂੰ ਦੋ ਹਫ਼ਤਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਦਰਮਿਆਨ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਵੀਡੀਉ ਕਾਨਫ਼ਰੰਸਿੰਗ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਮੁੱਖ ਮੰਤਰੀਆਂ ਦੀ ਰਾਇ ਲਈ ਕਿ ਕੀ ਸੰਕਰਮਣ ਨੂੰ ਰੋਕਣ ਲਈ 14 ਅਪ੍ਰੈਲ ਤੋਂ ਦੇਸ਼ਪੱਧਰੀ ਲੌਕਡਾਊਨ ‘ਚ ਵਾਧਾ ਕੀਤਾ ਜਾਵੇ ਜਾਂ ਨਹੀਂ। ਇਹ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਅਤੇ ਸਬੰਧਤ ਏਜੰਸੀਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਤੀ 24 ਮਾਰਚ ਨੂੰ 21 ਦਿਨ ਦੇ ਦੇਸ਼ਪੱਧਰੀ ਲੌਕਡਾਊਨ ਦਾ ਐਲਾਨ ਕੀਤਾ ਸੀ, ਜਿਸ ਦੀ ਮਿਆਦ 14 ਅਪ੍ਰੈਲ ਨੂੰ ਸਮਾਪਤ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਵੱਲੋਂ ਲੌਕਡਾਊਨ ਦੀ ਮਿਆਦ ਵਧਾਉਣ ਦੀ ਘੋਸ਼ਣਾ ਕਰਨ ਦੀ ਸੰਭਾਵਨਾ ਹੈ।