ਜੰਮੂ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਮੁਕਾਬਲੇ ‘ਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਅੱਤਵਾਦੀਆਂ ‘ਚੋਂ ਇਕ ਮੁੱਖ ਅੱਤਵਾਦੀ ਦਾ ਸਹਿਯੋਗ ਦੱਸਿਆ ਜਾ ਰਿਹਾ ਹੈ, ਜਦਕਿ ਦੋ ਹੋਰਨਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਅਵੰਤੀਪੋਰਾ ਦੇ ਗੋਰੀਪੋਰਾ ਇਲਾਕੇ ਵਿਚ 2 ਤੋਂ 3 ਅੱਤਵਾਦੀ ਲੁੱਕੇ ਹੋਣ ਦੀਆਂ ਕਨਸੋਆਂ ਸਨ। ਇਸ ਦੇ ਆਧਾਰ ‘ਤੇ ਇਲਾਕੇ ਦੀ ਘੇਰਾਬੰਦੀ ਕੀਤੀ। ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਨੂੰ ਚਾਰੋਂ ਪਾਸੇ ਘੇਰ ਕੇ ਮੁਕਾਬਲਾ ਸ਼ੁਰੂ ਕੀਤਾ। ਦੋਹਾਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ ਅਤੇ ਆਖਰਕਾਰ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਹਾਲਾਂਕਿ ਸਰਚ ਮੁਹਿੰਮ ਅਜੇ ਵੀ ਜਾਰੀ ਹੈ।
ਇਹ ਉਹ ਹੀ ਇਲਾਕਾ ਹੈ, ਜਿੱਥੇ 14 ਫਰਵਰੀ 2019 ਨੂੰ ਸੁਰੱਖਿਆ ਦੇ ਕਾਫਿਲੇ ‘ਤੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਆਤਮਘਾਤੀ ਹਮਲਾ ਕੀਤਾ ਸੀ। ਇਸ ਧਮਾਕੇ ‘ਚ 44 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ 2 ਅੱਤਵਾਦੀ ਵੀ ਮਾਰੇ ਗਏ।