ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਲਈ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜੋ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਦਾ ਹੈ ਅਤੇ ਸਮੇਂ ਸਿਰ ਇਸ ਵਿਰੁੱਧ ਵੱਡੇ ਪੱਧਰ ‘ਤੇ ਲੜਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਲੰਮੀ ਲੜਾਈ ਚੱਲ ਰਹੀ ਹੈ ਅਤੇ ਨਾ ਹੀ ਸਾਨੂੰ ਥੱਕਣਾ ਹੈ ਤੇ ਨਾ ਹੀ ਹਾਰਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪੱਧਰ ‘ਤੇ ਕਿਰਿਆਸ਼ੀਲ ਹੋ ਕੇ ਭਾਰਤ ਨੇ ਇੱਕ ਤੋਂ ਬਾਅਦ ਇੱਕ ਕਈ ਫ਼ੈਸਲੇ ਲਏ। ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਇਨ੍ਹਾਂ ਫ਼ੈਸਲਿਆਂ ਨੂੰ ਗਤੀ ਮਿਲੀ। ਭਾਰਤ ਨੇ ਜਿਸ ਤੇਜ਼ੀ ਤੇ ਹਿੰਮਤ ਨਾਲ ਕੰਮ ਕੀਤਾ ਹੈ, ਉਸ ਦੀ ਸ਼ਲਾਘਾ ਸਿਰਫ਼ ਭਾਰਤ ਨੇ ਹੀ ਨਹੀਂ ਸਗੋਂ ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੇ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਫ਼ੈਸਲੇ ਲਏ ਹਨ। ਉਨ੍ਹਾਂ ਫ਼ੈਸਲਿਆਂ ਨੂੰ ਧਰਤੀ ‘ਤੇ ਲਿਆਉਣ ਲਈ ਹਰ ਕੋਸ਼ਿਸ਼ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਪਾਰਟੀ ਦਾ ਸਥਾਪਨਾ ਦਿਵਸ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੀ ਹੈ। ਚੁਣੌਤੀਆਂ ਨਾਲ ਭਰਿਆ ਇਹ ਵਾਤਾਵਰਣ ਸਾਡੀ ਕਦਰਾਂ-ਕੀਮਤਾਂ, ਸਮਰਪਣ, ਦੇਸ਼ ਦੀ ਸੇਵਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਵਧਾਉਂਦਾ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਬੀਤੀ ਰਾਤ 9 ਵਜੇ ਅਸੀਂ 130 ਕਰੋੜ ਦੇਸ਼ਵਾਸੀਆਂ ਦੀ ਸਮੂਹਕ ਤਾਕਤ ਵੇਖੀ ਹੈ। ਹਰ ਵਰਗ, ਹਰ ਉਮਰ ਦੇ ਲੋਕ, ਅਮੀਰ ਅਤੇ ਗਰੀਬ, ਪੜ੍ਹੇ-ਲਿਖੇ ਅਤੇ ਅਨਪੜ੍ਹ, ਸਾਰਿਆਂ ਨੇ ਮਿਲ ਕੇ ਏਕਤਾ ਦੀ ਇਸ ਤਾਕਤ ਨੂੰ ਸਲਾਮ ਕੀਤਾ ਅਤੇ ਕੋਰੋਨਾ ਵਿਰੁੱਧ ਲੜਨ ਦੇ ਆਪਣੇ ਇਰਾਦੇ ਨੂੰ ਮਜ਼ਬੂਤ ਕੀਤਾ।”