ਨਵੀਂ ਦਿੱਲੀ — ਭਾਰਤੀ ਏਅਰ ਫੋਰਸ ਵਲੋਂ ਬਾਲਕੋਟ ‘ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਪਾਕਿਸਤਾਨੀ ਸਰਕਾਰ ਬੌਖਲਾ ਗਈ ਹੈ। ਪਾਕਿ ਵਲੋਂ ਕਾਫੀ ਬਿਆਨ ਜਾਰੀ ਕੀਤੇ ਜਾ ਰਹੇ ਹਨ, ਜਿਸ ‘ਚ ਭਾਰਤ ਤੋਂ ਬਦਲਾ ਲੈਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਨੇ ਮੰਗਲਵਾਰ ਨੂੰ ਇਹ ਵੀ ਆਖ ਦਿੱਤਾ ਹੈ ਕਿ ਭਾਰਤ ਦੀ ਕੋਈ ਫਿਲਮ ਪਾਕਿ ‘ਚ ਰਿਲੀਜ਼ ਨਹੀਂ ਕੀਤੀ ਜਾਵੇਗੀ। ਇੰਨਾਂ ਹੀ ਨਹੀਂ ਪਾਕਿ ਸਰਕਾਰ ਨੇ ਭਾਰਤੀ ਸਾਮਗਰੀ ‘ਤੇ ਪ੍ਰਾਬੰਧੀ ਲਾਉਣ ਦੀ ਗੱਲ ਆਖੀ ਹੈ। ਦੇਸ਼ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਕਿਹਾ ਹੈ ਕਿ ਦੇਸ਼ ਦੇ ਫਿਲਮ ਪ੍ਰਦਰਸ਼ਨ ਐਸੋਸੀਏਸ਼ਨ ਭਾਰਤੀ ਫਿਲਮਾਂ ਦਾ ਬਾਈਕਾਟ ਕਰੇਗੀ। ਉਨ੍ਹਾਂ ਨੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੇਗੁਲੇਟਰੀ ਅਥਾਰਟੀ ਨੇ ‘ਭਾਰਤ ‘ਚ ਬਣੇ ਵਿਗਿਆਪਨਾਂ’ ਦਾ ਪ੍ਰਸਾਰਣ ਨਾ ਕਰਨ ਦਾ ਆਦੇਸ਼ ਦਿੱਤਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਾਲੀਵੁੱਡ ਨੇ ਵੀ ਸਖਤੀ ਅਪਣਾਉਂਦੇ ਹੋਏ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਲਮਾਨ ਖਾਨ ਦੇ ਪ੍ਰੋਡਕਸ਼ਨ ‘ਚ ਬਣੀ ਫਿਲਮ ‘ਨੋਟਬੁੱਕ’ ਦੀ ਗੱਲ ਕਰੀਏ ਤਾਂ ਫਿਲਮ ‘ਚੋਂ ਆਤਿਫ ਅਸਲਮ ਦੁਆਰਾ ਗਾਏ ਇਕ ਗੀਤ ਨੂੰ ਵੀ ਹਟਾ ਦਿੱਤਾ ਗਿਆ ਸੀ ਅਤੇ ਨਾਲ ਹੀ ਫਿਲਮ ਨੂੰ ਪਾਕਿ ‘ਚ ਰਿਲੀਜ਼ ਕਰਨ ਤੋਂ ਵੀ ਰੋਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਰਣਵੀਰ ਸਿੰਘ ਦੀ ‘ਗਲੀ ਬੁਆਏ’, ਕਾਰਤਿਕ ਆਰੀਅਨ ਦੀ ‘ਲੁਕਾ ਛੁਪੀ’ ਅਤੇ ਸ਼ਾਹਿਦ ਕਪੂਰ ਦੀ ‘ਕਬੀਰ ਸਿੰਘ’ ਨੂੰ ਵੀ ਪਾਕਿ ‘ਚ ਰਿਲੀਜ਼ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ।