ਇਸਲਾਮਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸਥਿਤ ਪ੍ਰਾਚੀਨ ਹਿੰਦੂ ਮੰਦਰ ਅਤੇ ਸੱਭਿਆਚਾਰਕ ਥਾਂ ਸ਼ਾਰਦਾ ਪੀਠ ਦੀ ਯਾਤਰਾ ਲਈ ਇਕ ਗਲਿਆਰੇ ਦੀ ਸਥਾਪਨਾ ਦੇ ਪ੍ਰਸਤਾਵ ‘ਤੇ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ ਭਾਰਤ ਤੋਂ ਹਿੰਦੂ ਤੀਰਥ ਯਾਤਰੀਆਂ ਨੂੰ ਇਸ ਮੰਦਰ ‘ਚ ਦਰਸ਼ਨ ਕਰਨ ਦਾ ਮੌਕਾ ਮਿਲ ਪਾਵੇਗਾ। ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਸ਼ਾਰਦਾ ਪੀਠ ਗਲਿਆਰਾ ਦੇ ਖੁਲ੍ਹ ਜਾਣ ਨਾਲ ਇਹ ਪਾਕਿਸਤਾਨ ਦੇ ਕੰਟਰੋਲ ਖੇਤਰ ‘ਚ ਕਰਤਾਰਪੁਰ ਗਲਿਆਰੇ ਤੋਂ ਬਾਅਦ ਦੂਜਾ ਧਾਰਮਿਕ ਮਾਰਗ ਹੋਵੇਗਾ ਜੋ ਦੋਹਾਂ ਗੁਆਂਢੀ ਦੇਸ਼ਾਂ ਨੂੰ ਜੋੜਣ ਦਾ ਕੰਮ ਕਰੇਗਾ।
‘ਐਕਸਪ੍ਰੈੱਸ ਟ੍ਰਿਬਿਊਨ’ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਮੰਦਰ ਗਲਿਆਰਾ ਖੋਲਣ ਦੇ ਬਾਰੇ ‘ਚ ਭਾਰਤ ਪਹਿਲਾਂ ਹੀ ਪਾਕਿਸਤਾਨ ਨੂੰ ਪ੍ਰਸਤਾਵ ਭੇਜ ਚੁੱਕਿਆ ਹੈ। ਸੂਤਰਾਂ ਨੇ ਦੱਸਿਆ ਕਿ ਕਰਤਾਰਪੁਰ ਤੋਂ ਬਾਅਦ ਭਵਿੱਖ ‘ਚ ਇਹ ਹਿੰਦੂਆਂ ਲਈ ਇਕ ਵੱਡੀ ਖਬਰ ਹੋਣ ਵਾਲੀ ਹੈ। ਕੁਝ ਸਰਕਾਰੀ ਅਧਿਕਾਰੀ ਇਲਾਕੇ ਦਾ ਦੌਰਾਨ ਕਰਨਗੇ ਅਤੇ ਬਾਅਦ ‘ਚ ਪ੍ਰਧਾਨ ਮੰਤਰੀ ਨੂੰ ਇਕ ਰਿਪੋਰਟ ਜਮ੍ਹਾ ਕਰਾਉਣਗੇ।
ਅਸ਼ੋਕ ਸਮਰਾਜ ‘ਚ 237 ਈਸਵੀ ਤੋਂ ਪਹਿਲਾਂ ਸਥਾਪਿਤ ਪ੍ਰਾਚੀਨ ਸ਼ਾਰਦਾ ਪੀਠ ਕਰੀਬ 5,000 ਸਾਲ ਪੁਰਾਣਾ ਮੰਦਰ ਹੈ। ਸ਼ਾਰਦਾ ਪੀਠ ਭਾਰਤੀ ਉਪ ਮਹਾਦੀਪ ‘ਚ ਸਰਵ ਉੱਚ ਮੰਦਰ ਯੂਨੀਵਰਸਿਟੀਆਂ ‘ਚ ਇਕ ਹੋਇਆ ਕਰਦਾ ਸੀ। ਇਹ ਕਸ਼ਮੀਰੀ ਪੰਡਿਤਾਂ ਲਈ 3 ਪ੍ਰਮੁੱਖ ਧਾਰਮਿਕ ਥਾਂਵਾਂ ‘ਚੋਂ ਇਕ ਹੈ। ਕਸ਼ਮੀਰੀ ਪੰਡਿਤ ਸੰਗਠਨ ਲੰਬੇ ਸਮੇਂ ਤੋਂ ਸ਼ਾਰਦਾ ਪੀਠ ਗਲਿਆਰੇ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਨੈਸ਼ਨਲ ਅਸੈਂਬਲੀ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੈਂਬਰ ਰਮੇਸ਼ ਕੁਮਾਰ ਨੇ ਆਖਿਆ ਕਿ, ਪਾਕਿਸਤਾਨ ਨੇ ਸ਼ਾਰਦਾ ਮੰਦਰ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪ੍ਰਾਜੈਕਟ ‘ਤੇ ਕੰਮ ਮੌਜੂਦਾ ਸਾਲ ‘ਚ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ‘ਚ ਰਹਿਣ ਵਾਲੇ ਹਿੰਦੂ ਵੀ ਇਸ ਥਾਂ ਦੀ ਯਾਤਰਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨਾਂ ‘ਚ ਇਸ ਇਲਾਕੇ ਦਾ ਦੌਰਾ ਕਰਾਂਗਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਿਪੋਰਟ ਸੌਂਪਾਂਗਾ।