ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ। ਭਾਰਤ ‘ਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ। ਪਰ ਅਜਿਹੇ ਮੁਸ਼ਕਲ ਭਰੇ ਹਾਲਾਤ ‘ਚ ਕੁਝ ਲੋਕ ਅਤੇ ਸੰਗਠਨ ਅਜਿਹੇ ਹਨ, ਜੋ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ। ਏਅਰ ਇੰਡੀਆ ਵੀ ਇਨ੍ਹਾਂ ‘ਚੋਂ ਇੱਕ ਹੈ। ਉਸ ਦੇ ਜਹਾਜ਼ ਮੁਸੀਬਤ ਦੇ ਇਸ ਸਮੇਂ ‘ਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਉਡਾਨਾਂ ਭਰ ਰਹੇ ਹਨ। ਏਅਰ ਇੰਡੀਆ ਦੇ ਇਸ ਜਜ਼ਬੇ ਨੂੰ ਪਾਕਿਸਤਾਨ ਨੇ ਵੀ ਸਲਾਮ ਕੀਤਾ ਹੈ।
ਦਰਅਸਲ, ਪਾਕਿਸਤਾਨ ਦੇ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਏਅਰ ਇੰਡੀਆ ਦੀ ਸ਼ਲਾਘਾ ਕੀਤੀ ਹੈ। ਹਾਲ ਹੀ ‘ਚ ਹੋਈ ਇਸ ਤਾਜ਼ਾ ਘਟਨਾ ਦੀ ਜਾਣਕਾਰੀ ਖੁ਼ਦ ਇੱਕ ਪਾਇਲਟ ਨੇ ਸਾਂਝੀ ਕੀਤੀ ਹੈ। ਲੌਕਡਾਊਨ ਕਾਰਨ ਭਾਰਤ ‘ਚ ਫਸੇ ਯੂਰਪੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੇ ਜਹਾਜ਼ ਫਰੈਂਕਫਰਟ ਜਾ ਰਹੇ ਸਨ। ਇਸ ‘ਚ ਕੋਰੋਨਾ ਨਾਲ ਸਬੰਧਤ ਰਾਹਤ ਸਮੱਗਰੀ ਵੀ ਸੀ।
ਏਅਰ ਇੰਡੀਆ ਦੇ ਇੱਕ ਸੀਨੀਅਰ ਕਪਤਾਨ ਨੇ ਸਾਰੀ ਘਟਨਾ ਬਾਰੇ ਦੱਸਿਆ, “ਜਿਵੇਂ ਹੀ ਅਸੀਂ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ, ਉੱਥੋਂ ਦੇ ਹਵਾਈ ਟ੍ਰੈਫਿਕ ਕੰਟਰੋਲਰ ਨੇ ‘ਅਸਲਾਮ ਅਲੇਕੁਮ’ ਨਾਲ ਸਾਡਾ ਸਵਾਗਤ ਕੀਤਾ। ਕੰਟਰੋਲਰ ਨੇ ਕਿਹਾ ਕਿ ਕਰਾਚੀ ਕੰਟਰੋਲ ਫ਼ਰੈਂਕਫਰਟ ‘ਚ ਰਾਹਤ ਸਮੱਗਰੀ ਪਹੁੰਚਾਉਣ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਸਵਾਗਤ ਕਰਦਾ ਹੈ।”
ਇਸ ਉਡਾਨ ਦੌਰਾਨ ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲਰ ਨੇ ਏਅਰ ਇੰਡੀਆ ਦੇ ਪਾਇਲਟ ਨੂੰ ਪੁੱਛਿਆ, “ਪੁਸ਼ਟੀ ਕਰੋ, ਕੀ ਤੁਸੀਂ ਰਾਹਤ ਸਪਲਾਈ ਲੈ ਕੇ ਫਰੈਂਕਫ਼ਰਟ ਜਾ ਰਹੇ ਹੋ?” ਭਾਰਤੀ ਪਾਇਲਟ ਵੱਲੋਂ ਇਸ ਦਾ ਜਵਾਬ ‘ਹਾਂ’ ਵਿੱਚ ਆਇਆ ਹੈ। ਇਸ ਤੋਂ ਬਾਅਦ ਪਾਕਿਸਤਾਨੀ ਏਟੀਸੀ ਨੇ ਭਾਰਤੀ ਜਹਾਜ਼ਾਂ ਨੂੰ ਅੱਗੇ ਦੀ ਜ਼ਰੂਰੀ ਹਦਾਇਤਾਂ ਦਿੱਤੀਆਂ। ਅੰਤ ਵਿੱਚ ਪਾਕਿਸਤਾਨੀ ਏਟੀਸੀ ਨੇ ਏਅਰ ਇੰਡੀਆ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਸਾਨੂੰ ਮਾਣ ਹੈ ਕਿ ਅਜਿਹੀ ਮਹਾਂਮਾਰੀ ਦੀ ਸਥਿਤੀ ਵਿੱਚ ਵੀ ਤੁਹਾਡੇ ਜਹਾਜ਼ ਉਡਾਣ ਭਰ ਰਹੇ ਹਨ। ਗੁਡ ਲੱਕ!” ਇਸ ਤੋਂ ਬਾਅਦ ਭਾਰਤੀ ਪਾਇਲਟ ਨੇ ਪਾਕਿਸਤਾਨੀ ਏਟੀਸੀ ਦਾ ਧੰਨਵਾਦ ਕੀਤਾ।