ਜਰਮਨੀ :ਯਹੂਦੀ ਮਰਦ ਲੋਕ ਸਵੇਰ ਦੀ ਪ੍ਰਾਥਨਾ ਵਿੱਚ ਕਹਿੰਦੇ ਹਨ ” ਹੇ ਪ੍ਰਭੂ ਤੇਰੀ ਕਿ੍ਪਾ ਹੈ ਕੇ ਤੂੰ ਮੈਨੂੰ ਆਪਣੀ ਇੱਛਾ ਨਾਲ ਮਰਦ ਬਣਾਇਆ ਹੈ।
ਪਲੈਟੋ ਨੇ ਰੱਬ ਦੀ ਆਪਣੇ ਆਪ ਤੇ ਸੱਭ ਤੋ ਵੱਡੀ ਕਿ੍ਪਾ ਇਹ ਮੰਨੀ ਹੈ ਕੇ ਉਸ ਨੂੰ ਰੱਬ ਨੇ ਅੌਰਤ ਨਹੀਂ ਮਰਦ ਬਣਾਇਆ ਹੈ।ਦੂਜੀ ਕਿ੍ਪਾ ਇਸ ਗੱਲ ਦੀ ਪਲੈਟੋ ਨੇ ਮੰਨੀ ਹੈ ਕੇ ਉਹ ਕਿਸੇ ਦਾ ਗੁਲਾਮ ਨਹੀ ਅਜਾਦ ਹੈ। ਉਸ ਦੀ ਸੋਚ ਹੈ ਕੇ ਅੌਰਤ ਅੌਰਤ ਹੋਣ ਕਰਕੇ ਹੀ ਮਰਦ ਦੀ ਗੁਲਾਮ ਹੈ। ਹੋਰ ਕਈ ਥਾਵਾਂ ਤੇ ਇਤਿਹਾਸ ਦੇ ਪੰਨਿਅਾਂ ਚ ਪਲੈਟੋ ਨੇ ਅੌਰਤ ਜਾਤ ਤੇ ਟਿੱਚਰ ਕੀਤੀ ਹੈ ।
ਇਸੇ ਤਰਾਂ ਬਹੁਤ ਵੱਡੀ ਗਿਣਤੀ ਵਿੱਚ ਸੰਸਾਰ ਦੇ ਮਰਦ ਵਰਗ ਦਾ ਸੋਚਣਾ ਹੈ ਕੇ ਅੌਰਤ ਮਰਦ ਦੇ ਸਰੀਰ ਦੀ ਇੱਕ ਵਾਧੂ ਹੱਡੀ ਚੋ ਬਣਾਈ ਗਈ ਹੈ। ਜਾਣੀ ਜਦ ਰੱਬ ਮਨੁੱਖ ਜਾਤ ਜਾਣੀ ਪੁਰਸ਼ ਲਿੰਗ ਜਾਤ ਬਣਾ ਰਿਹਾ ਸੀ ।ਉਸਦੇ ਸਰੀਰ ਦੀ ਇਕ ਵਾਧੂ ਹੱਡੀ ਜਿਹੜੀ ਕਿਸੇ ਵੀ ਕੰਮ ਨਹੀਂ ਸੀ ,ਰੱਬ ਨੇ ਉਸ ਵਾਧੂ ਹੱਡੀ ਚੋਂ ਅੌਰਤ ਬਣਾ ਦਿੱਤੀ। ਇਸ ਗੱਲ ਦਾ ਦਾਅਵਾ ਸੰਸਾਰ ਦੇ ਵੱਡੀ ਗਿਣਤੀ ਵਿੱਚ ਮਰਦ ਲੋਕ ਧਰਮ ਦੇ ਪੁਜਾਰੀ ਲੋਕ ਕਰਦੇ ਹਨ।
ਉਹਨਾਂ ਦਾ ਕਹਿਣਾ ਹੈ ਅੌਰਤ ਇਸੇ ਕਰਕੇ ਮਰਦ ਦੀ ਗੁਲਾਮ ਹੈ। ਇਸੇ ਕਰਕੇ ਅੌਰਤ ਨੂੰ ਹਰ ਕੰਮ ਕਰਨ ਲਈ ਪਹਿਲਾਂ ਮਰਦ ਦੀ ਇਜਾਜਤ ਲੈਣੀ ਪੈਂਦੀ ਹੈ।ਇਸੇ ਕਰਕੇ ਅੌਰਤ ਦੀ ਸੋਚਣ ਸ਼ਕਤੀ ਮਰਦ ਨਾਲੋਂ ਘੱਟ ਹੈ। ਇਸੇ ਕਰਕੇ ਅੌਰਤ ਆਪਣੇ ਫੈਸਲੇ ਆਪ ਨਹੀਂ ਲੈ ਸਕਦੀ। ਉਸਨੂੰ ਹਰ ਫੈਸਲੇ ਵਿੱਚ ਮਰਦ ਦੀ ਰਜਾਮੰਦੀ ਨੂੰ ਪਹਿਲ ਦੇਣੀ ਪੈਂਦੀ ਹੈ।ਕਿਉਂਕਿ ਉਸਨੂੰ ਪਤਾ ਹੈ ਉਹ ਮਰਦ ਦੇ ਸਰੀਰ ਦੀ ਵਾਧੂ ਹੱਡੀ ਦੀ ਦੇਣ ਹੈ।
ਜੇਕਰ ਅਸੀਂ ਗੌਰ ਨਾਲ ਸੰਸਾਰ ਭਰ ਦੇ ਆਪੋ ਆਪਣੇ ਸਮਾਜ ਵਿੱਚ ਹਰ ਰੋਜ ਰਚੇ ਜਾ ਰਹੇ ਨਵੇ ਇਤਿਹਾਸ ਤੇ ਮੋਹਰ ਦੇਖੀਏ ਤਾਂ ਉਸ ਦਾ ਨਿਰਮਾਤਾ ਵੀ ਮਰਦ ਹੀ ਹੁੰਦਾ ਹੈ।ਅੌਰਤ ਦੀ ਮੋਹਰ ਇਤਿਹਾਸ ਦੇ ਬਰਕੇ ਤੇ ਨਹੀ ਹੈ।
ਜਿਵੇਂ ਅੱਜ ਕੱਲ ਅਮਰੀਕਾ ਦੇਸ਼ ਦੇ 25 ਬੰਦਿਆਂ ਨੇ ਰਲ ਕੇ ਫੈਸਲਾ ਲਿਆ ਹੈ ਕੇ ਅੌਰਤ ਆਪਣੀ ਕੁੱਖ ਚ ਬੱਚੇ ਨੂੰ ਮਾਰ ਨਹੀਂ ਸਕਦੀ।ਜਾਣੀ Abortion ਨਹੀਂ ਕਰਾ ਸਕਦੀ। ਕੁੱਖ ਵਿੱਚ ਬੱਚਾ ਮਾਰਨਾ ਹਰ ਦੇਸ਼ ਅਤੇ ਇਨਸਾਨੀਅਤ ਦੇ ਖਿਲਾਫ ਹੈ ਪਰ ਉਹ ਅਮਰੀਕਨ ਬੱਚੀਆਂ ਕੀ ਕਰਨਗੀਆਂ ਜਿਹੜੀਆਂ ਕਿਸੇ ਤੋਂ ਰੇਪ ਦਾ ਸ਼ਿਕਾਰ ਹੋ ਕੇ ਗਰਭਵਤੀ ਹੁੰਦੀਆ ਹਨ।ਉਹ ਆਪਣੀ ਛੋਟੀ ਉਮਰ ਦੀ ਛੋਟੀ ਕੁੱਖ ਵਿੱਚ ਕਿਵੇ ਗਰਭ ਪਾਲ ਸਕੇਗੀ?
ਕੀ ਅਮਰੀਕਾ ਦੇ ਮਰਦਾਂ ਨੇ ਅੌਰਤ ਤੋ ਪੁੱਛ ਕੇ ਇਹ ਫੈਸਲਾ ਲੈ ਰਹੇ ਹਨ?
ਨਹੀਂ ਬਿਲਕੁਲ ਨਹੀਂ …ਜੇ ਅੌਰਤ ਤੋਂ ਪੁੱਛਿਆ ਹੁੰਦਾ ਜਰੂਰ ਸੋਚ ਹੋਰ ਹੋਣੀ ਸੀ!
ਅਮਰੀਕਾ ਦੇ 25 ਮਰਦ ਰਲ ਕੇ ਅੌਰਤ ਦੇ ਭਵਿੱਖ ਦਾ ਫੈਸਲਾ ਕਰ ਰਹੇ ਹਨ ਅਤੇ ਅੌਰਤ ਚੁੱਪ ਹੈ!
ਅੌਰਤ ਕਿਸੇ ਵੀ ਦੇਸ਼ ਦੀ ਹੋਵੇ ।ਉਸ ਨੂੰ ਇਸ ਹੀਣਭਾਵਨਾ ਚੋ ਨਿਕਲਣ ਦੀ ਲੋੜ ਹੈ ਕੇ ਉਹ ਮਰਦ ਦੀ ਵਾਧੂ ਹੱਡੀ ਦੀ ਦੇਣ ਨਹੀਂ ਹੈ।
ਪਲੈਟੋ ਦੀ ਪ੍ਰਾਥਨਾ ਨੂੰ ਇਤਿਹਾਸ ਚੋ ਖਤਮ ਕਰ ਦੇਣੀ ਚਾਹੀਦੀ ਹੈ ਤਾਂ ਕੇ ਕਿਸੇ ਵੀ ਪੰਨੇ ਤੇ ਉਕਰੀ ਅੈਸੀ ਪ੍ਰਾਥਨਾ ਅੌਰਤ ਦਾ ਅਪਮਾਨ ਹੈ।
ਯਹੂਦੀ ਕੌਮ ਨੂੰ ਆਪਣੀ ਸਵੇਰ ਦੀ ਪ੍ਰਾਥਨਾ ਵਿੱਚ ਸਭ ਤੋਂ ਪਹਿਲਾਂ ਆਪਣੀ ਮਾਂ ਦਾ ਸ਼ੁਕਰਨਾ ਕਰਨਾ ਚਾਹੀਦਾ ਹੈ ਕੇ ਉਸਦੀ ਕੁੱਖ ਨੇ ਇਕ ਮਰਦ ਨੂੰ ਜਨਮ ਦਿੱਤਾ ਹੈ। ਸਾਡੇ ਭਾਰਤੀ ਸਮਾਜ ਵਿੱਚੋਂ ਉਹ ਕਿੱਸੇ, ਕਹਾਵਤਾਂ ਦੋਹੇ ਖਤਮ ਕਰ ਦੇਣੇ ਚਾਹੀਦੀ ਹੈ। ਜਿੰਨਾ ਵਿੱਚ ਅੌਰਤ ਦੀ ਗੁੱਤ ਹੇਠ ਮੱਤ ਜਾਂ ਅੌਰਤ ਚੜੇਲ ਜਾ ਚਡੰਲ ਵਰਗੇ ਜਾਂ ਹੋਰ ਅਪਮਾਨਿਕ ਜਨਕ ਸ਼ਬਦ ਵਰਤੇ ਗਏ ਹਨ।
ਅੌਰਤ ਵੀ ਮਰਦ ਦੀ ਤਰਾਂ ਅਜਾਦ ਸਿਰਜੀ ਹੋਈ ਹੈ।
ਹਾਂ ਉਹ ਗੱਲ ਵੱਖਰੀ ਹੈ ਮਰਦ ਅਤੇ ਅੌਰਤ ਦੇ ਸਰੀਰਕ ਕਿਰਿਆਵਾਂ ਅਲੱਗ ਅਲੱਗ ਹਨ। ਬਾਕੀ ਮਰਦ ਜਿੰਨੇ ਹੀ ਹੱਕ ਅੌਰਤ ਦੇ ਹਨ’ ਪਰ ਜੇ ਅੌਰਤ ਚਾਹੇ ਤਾ ਅੱਗੇ ਹੋ ਕੇ ਇਕ ਨਵਾ ਸਮਾਜ ਨਵਾ ਇਤਿਹਾਸ ਸਿਰਜ ਸਕਦੀ ਹੈ। ਅਮਰੀਕਾ ਦੇ ਮਰਦਾਂ ਦੇ ਕੀਤੇ ਫੈਸਲੇ ਖਿਲਾਫ ਖੜ ਸਕਦੀ ਹੈ।
ਅੰਜੂਜੀਤ ਸਰਮਾ ਜਰਮਨੀ