ਪੰਜਾਬ ਸਮੇਤ ਸਮੁੱਚੇ ਦੇਸ਼ ’ਚ ਇਸ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਲੌਕਡਾਊਨ ਚੱਲ ਰਿਹਾ ਹੈ। ਭਾਰਤ ’ਚ ਹੀ ਨਹੀਂ, ਸਮੁੱਚੇ ਵਿਸ਼ਵ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪਣੇ ਘਰਾਂ ਅੰਦਰ ਬੰਦ ਹੈ; ਤਾਂ ਜੋ ਇਸ ਘਾਤਕ ਵਾਇਰਸ ਤੋਂ ਬਚਿਆ ਜਾ ਸਕੇ।
ਪੰਜਾਬ ’ਚ ਵੀ ਲੋਕ ਆਪਣੇ ਘਰਾਂ ਅੰਦਰ ਬੰਦ ਹਨ। ਸ਼ਹਿਰਾਂ ’ਚ ਕਰਫ਼ਿਊ ਹੈ ਤੇ ਪਿੰਡਾਂ ਨੇ ਖੁਦ ਹੀ ਆਪਣੇ–ਆਪ ਨੂੰ ਸੀਲ ਕਰ ਲਿਆ ਹੈ। ਪਿੰਡ ਦਾ ਕੋਈ ਵਿਅਕਤੀ ਨਾ ਹੀ ਬਾਹਰ ਜਾ ਰਿਹਾ ਹੈ ਤੇ ਨਾ ਹੀ ਕਿਸੇ ਬਾਹਰਲੇ ਨੂੰ ਪਿੰਡ ਆਉਣ ਦਿੱਤਾ ਜਾ ਰਿਹਾ ਹੈ।
ਜੇ ਇੰਝ ਆਖ ਲਈਏ ਕਿ ਪੰਜਾਬ ਦੇ ਪਿੰਡਾਂ ਨੇ ਖੁਦ ਨੂੰ ਕੁਆਰੰਟੀਨ ’ਚ ਰੱਖ ਲਿਆ ਹੈ, ਤਾਂ ਵੀ ਕੋਈ ਅਤਿਕਥਨੀ ਨਹੀਂ ਹੈ। ਸਮੂਹ ਦੇਸ਼ ਵਾਸੀ ਹੀ ਇਸ ਵੇਲੇ ਆਪੋ–ਆਪਣੇ ਘਰਾਂ ਅੰਦਰ ਰਹਿ ਕੇ ਕੁਆਰੰਟੀਨ ਹੋ ਰਹੇ ਹਨ।
‘ਹਿੰਦੁਸਤਾਨ ਟਾਈਮਜ਼’ ਦੇ ਜਲੰਧਰ ਤੋਂ ਪ੍ਰੈੱਸ ਫ਼ੋਟੋਗ੍ਰਾਫ਼ਰ ਪ੍ਰਦੀਪ ਪੰਡਿਤ ਨੇ ਅੱਜ ਆਦਮਪੁਰ ਲਾਗਲੇ ਪਿੰਡ ਜਲਪੋਤ ਦੀਆਂ ਤਸਵੀਰਾਂ ਖਾਸ ਤੌਰ ’ਤੇ ਸ਼ੇਅਰ ਕੀਤੀਆਂ ਹਨ। ਹੁਣ ਤੱਕ ਨਿਊ ਯਾਰਕ (ਅਮਰੀਕਾ) ’ਚ ਰਹਿੰਦੇ ਰਹੇ ਕੁਲਵਿੰਦਰ ਸਿੰਘ ਹੁਰਾਂ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਉਹ ਇਸੇ ਪਿੰਡ ਜਲਪੋਤ ਦੇ ਹੀ ਜੰਮਪਲ਼ ਸਨ।
ਕਰਫ਼ਿਊ ਅਤੇ ਲੌਕਡਾਊਨ ਕਾਰਨ ਸ੍ਰੀ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। ਸ੍ਰੀ ਕੁਲਵਿੰਦਰ ਸਿੰਘ ਦੀ ਧੀ ਇਸੇ ਪਿੰਡ ’ਚ ਰਹਿੰਦੀ ਹੈ। ਉਨ੍ਹਾਂ ਦੀ ਦੂਜੀ ਧੀ ਅਮਰੀਕਾ ’ਚ ਹੀ ਹੈ। ਕੁਲਵਿੰਦਰ ਸਿੰਘ ਹੁਰਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪਿੰਡ ਜਲਪੋਤ ਦੇ ਨਿਵਾਸੀ ਡਾਢੇ ਦੁਖੀ ਤੇ ਉਦਾਸ ਹਨ ਪਰ ਉਹ ਇੱਕ–ਦੂਜੇ ਨੂੰ ਮਿਲ ਕੇ ਤੇ ਇਕੱਠੇ ਹੋ ਕੇ ਦੁੱਖ ਦਾ ਪ੍ਰਗਟਾਵਾ ਨਹੀਂ ਕਰ ਸਕਦੇ।
ਫ਼ਤਿਹਗੜ੍ਹ ਸਾਹਿਬ ਤੋਂ ਨਵਰਾਜਦੀਪ ਸਿੰਘ ਦੀ ਰਿਪੋਰਟ ਮੁਤਾਬਕ ਇਸ ਜ਼ਿਲ੍ਹੇ ਦੀ ਖਮਾਣੋ ਸਬ–ਡਿਵੀਜ਼ਨ ਦੇ ਤਿੰਨ ਪਿੰਡਾਂ ਮੇਨੇਲੀ, ਸਾਹਨੀਪੁਰ ਅਤੇ ਸੰਘੋਲ ਨੇ ਵੀ ਠੀਕਰੀ ਪਹਿਰੇ ਲਾ ਕੇ ਖੁਦ ਨੂੰ ਅਲੱਗ ਕੀਤਾ ਹੋਇਆ ਹੋਇਆ ਹੈ।
ਪਰ ਹੁਣ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਇੱਥੇ ਤਬਲੀਗ਼ੀ ਜਮਾਤ ਦੇ ਕੁਝ ਵਿਅਕਤੀ ਪਾਏ ਗਏ ਸਨ। ਹੁਣ ਇੱਥੇ ਪ੍ਰਸ਼ਾਸਨ ਵੱਲੋਂ ਘਰੋਂ–ਘਰੀਂ ਜਾ ਕੇ ਸਰਵੇਖਣ ਅਰੰਭ ਕਰ ਦਿੱਤਾ ਗਿਆ ਹੈ। ਕੁੱਲ 145 ਵਿਅਕਤੀ ਅਜਿਹੇ ਪਾਏ ਗਏ ਹਨ, ਜਿਹੜੇ ਦਿੱਲੀ ਦੇ ਤਬਲੀਗੀ ਜਮਾਤ ਦੇ ਸਮਾਰੋਹ ’ਚ ਸ਼ਾਮਲ ਹੋਏ ਵਿਅਕਤੀਆਂ ਦੇ ਸੰਪਰਕ ’ਚ ਰਹੇ ਸਨ।