ਜਦੋਂ ਸਾਡੇ ਪਿੰਡ ਨੇੜੇ ਥਰਮਲ ਪਲਾਂਟ ਲੱਗਿਆ ਸੀ ਤਾਂ ਮੈਂ ਇਸ ਨੂੰ ਇਕ ਆਮ ਜਿਹੀ ਖਬਰ ਵਾਂਗ ਲਿਆ ਸੀ। ਬਹੁਤ ਸਾਰੇ ਲੋਕਾਂ ਦੇ ਮੂੰਹ ਤੋਂ ਸੁਣਿਆ ਵੀ ਸੀ ਕਿ ਹੁਣ ਆਪਾਂ ਨੂੰ ਵਾਧੂ ਬਿਜਲੀ ਮਿਲਿਆ ਕਰੇਗੀ। ਮੈਨੂੰ ਲੱਗਿਆ ਸੀ ਕਿ ਸਿੱਧੇ ਤੌਰ ਤੇ ਥਰਮਲ ਪਲਾਂਟ ਦਾ ਮੇਰੀ ਜ਼ਿੰਦਗੀ ਨਾਲ ਕੋਈ ਲੇਣਾ ਦੇਣਾ ਨਹੀਂ। ਸਰਕਾਰ ਬਥੇਰੇ ਕਾਰਖਾਨੇ ਲਾਉਂਦੀ ਹੈ ਤੇ ਬਥੇਰੇ ਲੋਕ ਉਥੇ ਕੰਮ ਕਰਨ ਜਾਂਦੇ ਹਨ, ਇਹ ਵੀ ਇਸ ਤਰ੍ਹਾਂ ਦੀ ਹੀ ਗੱਲ ਸੀ।
ਪਰ ਇਕ ਦਿਨ ਜਦੋਂ ਮੈਂ ਆਪਣੇ ਪਿੰਡ ਦੇ ਗੁਰਦਵਾਰੇ ਵਿਚੋਂ ਇਹ ਮੁਨਿਆਦੀ ਸੁਣੀ ਕਿ ਥਰਮਲ ਪਲਾਂਟ ਵੱਲੋਂ ਪਿੰਡ ਵਿਚ ਜੂਟ ਬੈਗ ਬਣਾਉਣ ਲਈ ਸਿਖਲਾਈ ਕੈਂਪ ਲਗ ਰਿਹਾ ਹੈ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਥਰਮਲ ਪਲਾਂਟ ਤਾਂ ਬਿਜਲੀ ਬਣਾਉਂਦਾ ਹੈ, ਫਿਰ ਇਹ ਬੈਗਾਂ ਦੀ ਸਿਖਲਾਈ ਵਾਲਾ ਕੈਂਪ ਕੀ ਬੁਝਾਰਤ ਹੋਈ। ਸੋਚਿਆ ਚਲ ਕੇ ਵੇਖਿਆ ਜਾਵੇ। ਸਾਡੇ ਪਿੰਡ ਦੇ ਮੰਦਰ ਵਿਚ ਥਰਮਲ ਪਲਾਂਟ ਵੱਲੋਂ ਆਈ ਸੀ ਆਈ ਸੀ ਫਾਊਂਡੇਸ਼ਨ ਸਕਿੱਲ ਦੇ ਮਾਹਰ ਪੁੱਜੇ ਹੋਏ ਸਨ। ਮੈਂ ਆਪਣਾ ਆਧਾਰ ਕਾਰਡ ਲੈ ਕੇ ਉਥੇ ਪੁੱਜੀ ਤੇ ਆਪਣਾ ਨਾਂ ਲਿਖਾ ਦਿੱਤਾ। ਸੋਚਿਆ ਜਿੰਨੇ ਦਿਨ ਵੇਹਲੇ ਹਾਂ, ਉਨੇ ਦਿਨ ਕੋਈ ਹੁਨਰ ਹੀ ਸਿੱਖ ਲਵਾਂਗੇ।
ਪਹਿਲੇ ਦਿਨ ਮੰਦਰ ਵਿਚ ਵਿਆਹ ਵਰਗਾ ਨਜ਼ਾਰਾ ਸੀ। ਠੰਢੇ ਪਿਲਾਏ ਗਏ। ਬੈਗ ਬਣਾਉਣ ਲਈ ਸਮਾਨ ਦਿੱਤਾ ਗਿਆ। ਮੈਡਮ ਮੁਕੇਸ਼ ਦੀ ਅਗਵਾਈ ਹੇਠ ਇਕ ਤਰ੍ਹਾਂ ਨਾਲ ਸਾਡਾ ਬੈਗ ਬਣਾਉਣ ਵਾਲਾ ਸਕੂਲ ਸ਼ੁਰ ਹੋ ਗਿਆ। ਸਾਡੇ ਪਿੰਡ ਦੀਆਂ 30, 40 ਦੇ ਲਗਭਗ ਕੁੜੀਆਂ, ਤੀਵੀਂਆਂ ਇਸ ਕੈਂਪ ਵਿਚ ਵਿਆਹ ਦੇ ਮੇਲ ਵਾਂਗ ਪੁੱਜੀਆਂ। ਸਾਰੀਆਂ ਨੂੰ ਇਕ ਤਰ੍ਹਾਂ ਨਾਲ ਨਵੀਂ ਚੀਜ਼ ਸਿੱਖਣ ਦਾ ਚਾਅ ਸੀ ਜਿਵੇਂ ਨਿਆਣਾ ਪਹਿਲਾਂ ਪਹਿਲਾਂ ਰੇਤੇ ਦੇ ਘਰ ਬਣਾਉਣੇ ਸਿੱਖਦਾ ਹੈ।
ਅਸਲ ਵਿਚ ਖੁਸ਼ੀ ਸਾਂਝ ਵਿਚ ਹੀ ਸਮਾਈ ਹੋਈ ਹੈ। ਇਸ ਕੈਂਪ ਨੇ ਸਾਨੂੰ ਬੈਗ ਬਣਾਉਣੇ ਤਾਂ ਸਿਖਾਏ ਹੀ, ਇਸ ਦੇ ਨਾਲ ਹੀ ਸਾਨੂੰ ਉਸ ਹਾਸੇ ਠੱਠੇ ਦੇ ਵਿਹੜੇ ਵਿਚ ਵੀ ਗੇੜਾ ਲੁਆਇਆ, ਜਿਸ ਦੇ ਕੋਲ ਦੀ ਲੰਘਿਆਂ ਨੂੰ ਵੀ ਸਾਨੂੰ ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਸੀ। ਆਪਣੇ ਹੀ ਪਿੰਡ ਦੀਆਂ ਕਈ ਤੀਵੀਂਆਂ ਨਾਲ ਮੈਨੂੰ ਸ਼ਾਇਦ ਪਹਿਲੀ ਵਾਰ ਬੋਲ ਸਾਂਝੇ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਮਿਲ ਕੇ ਰੂਹ ਦੇ ਅਸਮਾਨ ਵਿਚ ਜਿਵੇਂ ਅਰਮਾਨਾਂ ਦੀ ਕਿਸੇ ਪੀਂਘ ਨੇ ਹੁਲਾਰਾ ਦਿੱਤਾ ਹੋਵੇ।
ਮੈਡਮ ਮੁਕੇਸ਼ ਨੇ ਸਾਨੂੰ ਕੈਰੀ ਬੈਗ, ਲੰਚ ਬਾਕਸ, ਬੋਤਲ ਬੈਗ, ਦਸਤਾਵੇਜ਼ੀ ਫਾਈਲ ਬਣਾਉਣੇ ਇੰਜ ਸਿਖਾਏ ਜਿਵੇਂ ਮਾਂ ਆਪਣੀਆਂ ਧੀਆਂ ਨੂੰ ਪਹਿਲੀ ਵਾਰ ਆਟੇ ਦਾ ਪੇੜਾ ਬਣਾਉਣਾ ਸਿਖਾਉਂਦੀ ਹੈ। ਉਨ੍ਹਾਂ ਨੇ ਸਾਨੂੰ ਦੱਸਣਾ ਤੇ ਅਸੀਂ ਬੜੇ ਚਾਅ ਨਾਲ ਉਵੇਂ ਹੀ ਕਰਨਾ, ਇਹ ਸੋਚ ਕੇ ਕਿ ਅਸੀਂ ਉਨ੍ਹਾਂ ਦੇ ਦੱਸੇ ਅਨੁਸਾਰ ਬਣਾ ਕੇ, ਉਨ੍ਹਾਂ ਤੋਂ ਥਾਪੀ ਲੈਣੀ ਹੈ।
ਬੈਗ ਬਣਾਉਣ ਦੇ ਨਾਲ ਜਦੋਂ ਅਸੀਂ ਸਮੋਸੇ ਖਾਣੇ ਤੇ ਠੰਢੇ ਪੀਣੇ ਤਾਂ ਇੰਜ ਲਗਣਾ ਜਿਵੇਂ ਵਿਆਹ ਵਿਚ ਮਟਰ ਕੱਢ ਰਹੀਆਂ ਮੇਲਣਾਂ ਨੂੰ ਚਾਹ ਦੇ ਨਾਲ ਮਠਿਆਈ ਦਿੱਤੀ ਗਈ ਹੋਵੇ।
16 ਮਾਰਚ ਨੂੰ ਜਿਸ ਦਿਨ ਸਾਡਾ ਕੈਂਪ ਸ਼ੁਰੂ ਹੋਇਆ ਉਸ ਦਿਨ ਅਸੀਂ ਇਸ ਤਰ੍ਹਾਂ ਸੀ ਜਿਵੇਂ ਨਿਆਣਾ ਪਹਿਲੇ ਦਿਨ ਸਕੂਲ ਵਿਚ ਜਾ ਕੇ ੳ, ਅ ਸਿੱਖਦਾ ਹੈ ਤੇ ਜਿਸ ਦਿਨ 31 ਮਾਰਚ ਨੂੰ ਕੈਂਪ ਖਤਮ ਹੋਣ ਤੱਕ ਜੂਟ ਬੈਗ ਬਣਾਉਣੇ ਸਿੱਖ ਗਏ ਜਿਵੇਂ ਨਿਆਣਾ ਪੂਰਾ ਕਾਇਦਾ ਸਿੱਖ ਗਿਆ ਹੋਵੇ।
ਅਜਿਹੇ ਕੈਂਪ ਕਈ ਵਾਰ ਸਾਨੂੰ ਜ਼ਿੰਦਗੀ ਦੀਆਂ ਉਨ੍ਹਾਂ ਰਾਹਾਂ ਦਾ ਸਿਰਨਾਵਾਂ ਦੱਸਦੇ ਨੇ ਜਿਹੜੇ ਸਾਡੇ ਸੁਪਨਿਆਂ ਦੀ ਧਰਤੀ ਦੇ ਕੋਲ ਨੂੰ ਹੋ ਕੇ ਲੰਘਦੇ ਨੇ। ਅਜਿਹੇ ਸੁਪਨੇ ਜਿਨ੍ਹਾਂ ਨੂੰ ਵੇਖਣ ਲਈ ਸੋਣ ਦੀ ਨਹੀਂ ਸੱਗੋਂ ਜਾਗਣ ਦੀ ਲੋੜ ਹੁੰਦੀ ਹੈ। ਕੈਂਪ ਵਿਚ ਬਿਤਾਏ ਪੰਦਰਾਂ ਦਿਨ ਕਿਸੇ ਔੜਾਂ ਮਾਰੀ ਧਰਤੀ ਤੇ ਆ ਪਹੁੰਚੇ ਦਰਿਆ ਦੇ ਪਾਣੀ ਵਰਗੇ ਸਨ, ਜਿਸ ਵਿਚ ਤਾਰੀਆਂ ਲਾ ਕੇ ਰੂਹ ਨੇ ਆਪਣੇ ਅਰਮਾਨਾਂ ਦੀ ਜੰਨ ਚੜ੍ਹਾਈ। ਸ਼ਾਲਾ! ਜ਼ਿੰਦਗੀ ਸਦਾ ਇੰਜ ਹੀ ਅਰਮਾਨਾਂ ਦੀਆਂ ਪੂਣੀਆਂ ਕੱਤ ਕੇ, ਚਾਵਾਂ ਦੇ ਵਿਹੜੇ ਦੀ ਪੀਂਘ ਬਣੀ ਰਹੇ।
ਰਾਜਵਿੰਦਰ ਕੌਰ