ਸ੍ਰੀ ਪਟਨਾ ਸਾਹਿਬ: ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਰੂਹਾਨੀਅਤ ਨਾਲ ਸਰਾਬੋਰ ਹੈ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਕਰੌਂਦੇ ਦਾ ਉਹ ਪਵਿੱਤਰ ਦਰੱਖਤ ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਲਗਾਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿਚ ਕਰੌਂਦੇ ਦੇ ਦਰੱਖਤ ਦੀ ਦਾਤਣ ਕਰਕੇ ਜ਼ਮੀਨ ਵਿਚ ਗੱਡ ਦਿੱਤੀ ਸੀ। ਗੁਰੂ ਜੀ ਨੇ ਬਚਨ ਕੀਤਾ ਸੀ ਕਿ ਇਸ ਦਾਤਣ ਤੋਂ ਕਰੌਂਦੇ ਦਾ ਦਰੱਖਤ ਬਣੇਗਾ ਅਤੇ ਅੱਜ ਉਸ ਥਾਂ ‘ਤੇ ਇਹ ਦਰੱਖਤ ਮੌਜੂਦ ਹੈ।
ਗੁਰੂ ਜੀ ਨੇ ਬਚਨ ਕੀਤੇ ਸਨ ਕਿ ਜੋ ਵੀ ਪ੍ਰਾਣੀ ਕਰੌਂਦੇ ਦਾ ਫਲ ਜਿਸ ਵੀ ਭਾਵਨਾ ਨਾਲ ਛਕੇਗਾ, ਪਰਮਾਤਮਾ ਉਸ ਦੀਆਂ ਸਰਬੱਤ ਭਾਵਨਾਵਾਂ ਪੂਰੀਆਂ ਕਰਨਗੇ। ਲੋੜਵੰਦ ਪ੍ਰਾਣੀ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ, ਉਹ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾ ਕੇ ਕਰੌਂਦੇ ਦਾ ਫਲ ਲੈ ਕੇ ਛਕਣ। ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
ਅੱਜ ਇਹ ਕਰੌਂਦੇ ਦਾ ਦਰੱਖਤ ਵਿਸ਼ਾਲ ਰੂਪ ਧਾਰ ਚੁੱਕਾ ਹੈ। ਲੋਕ ਇਸ ਦਰੱਖਤ ਦਾ ਫਲ ਲੈ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ‘ਜਗ ਬਾਣੀ’ ਦੀ ਟੀਮ ਤੁਹਾਨੂੰ ਗੁਰਪੁਰਬ ਮੌਕੇ ਪਟਨਾ ਸਾਹਿਬ ਦੇ ਹੋਰ ਪਵਿੱਤਰ ਨਜ਼ਾਰਿਆਂ ਨਾਲ ਰੂ-ਬ-ਰੂ ਕਰਵਾਉਂਦਾ ਰਹੇਗਾ।