ਕਪੂਰਥਲਾ — ਵੱਖਰੇ ਹੀ ਸ਼ੌਂਕ ਰੱਖਣ ਵਾਲੇ ਕਪੂਰਥਲਾ ਦੇ ਰਾਮ ਸਰੂਪ ਨੇ ਹਵਾ ਨਾਲ ਚੱਲਣ ਵਾਲਾ ਇਕ ਅਜਿਹਾ ਇੰਜਨ ਤਿਆਰ ਕੀਤਾ ਹੈ, ਜਿਸ ਨਾਲ ਬਾਈਕ ਨੂੰ ਬਿਨਾਂ ਤੇਲ ਬਿਨਾਂ ਪ੍ਰਦੂਸ਼ਣ ਦੇ ਚਲਾਇਆ ਜਾ ਸਕਦਾ ਹੈ। ਕਪੂਰਥਲਾ ਦੇ ਮੁਹੱਲਾ ਬ੍ਰਹਮਕੁੰਡ ਦੇ ਰਹਿਣ ਵਾਲੇ ਰਾਮ ਸਰੂਪ ਆਪਣੇ ਪਰਿਵਾਰ ਦੇ ਨਾਲ ਇਕੋਂ ਕਮਰੇ’ਚ ਰਹਿੰਦੇ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਰਾਮ ਸਰੂਪ ਪਿਛਲੇ ਕਈ ਸਾਲਾਂ ਤੋਂ ਇਕ ਅਜਿਹੀ ਖੋਜ ‘ਚ ਲੱਗੇ ਹੋਏ ਹਨ, ਜਿਸ ਨਾਲ ਤੇਜ਼ ਰਫਤਾਰ ਜ਼ਿੰਦਗੀ ਦੇ ਬਰਾਬਰ ਭੱਜਿਆ ਤਾਂ ਜਾ ਸਕੇ ਪਰ ਨਾਲ ਹੀ ਵੱਧਦੇ ਪ੍ਰਦੂਸ਼ਣ ਨੂੰ ਵੀ ਰੋਕਿਆ ਜਾਵੇ। ਰਾਮ ਸਰੂਪ ਮੁਤਾਬਕ ਉਸ ਦੇ ਵੱਲੋਂ ਕਬਾੜ ਨਾਲ ਇਕੱਠੇ ਕੀਤੇ ਗਏ ਸਾਮਾਨ ਨਾਲ ਤਿਆਰ ਇਹ ਇੰਜਨ ਜੋ ਖੁਦ ਦੇ ਕੰਪ੍ਰੈਸ਼ਰ ‘ਚ ਹਵਾ ਦੇ ਤੇਜ਼ ਪ੍ਰੈਸ਼ਰ ਨਾਲ ਸਟਾਰਟ ਹੁੰਦਾ ਹੈ ਅਤੇ ਇਸ ਦੇ ਚਲਦੇ ਸਮੇਂ ਹਵਾ ਤੋਂ ਹਵਾ ਨਾਲ ਪ੍ਰੈਸ਼ਰ ਬਣਾ ਕੇ ਅੱਗੇ ਵਧੇਗਾ।
ਰਾਮ ਸਰੂਪ ਦੀ ਮੰਨੀਏ ਤਾਂ ਉਸ ਦੀ 19 ਸਾਲ ਦਾ ਨਤੀਜਾ ਹੈ ਕਿ ਉਸ ਵੱਲੋਂ ਕਬਾੜ ਦੇ ਸਾਮਾਨ ਨਾਲ ਜੁਗਾੜ ਕਰਕੇ ਬਣਾਇਆ ਇੰਜਨ ਅੱਜ ਚੱਲਣ ਲੱਗਾ ਹੈ ਅਤੇ ਜੇਕਰ ਉਸ ਦੀ ਪੈਸਿਆਂ ਪੱਖੋਂ ਮਦਦ ਹੋ ਜਾਵੇ ਤਾਂ ਇਹ ਇੰਜਨ ਬਾਈਕ ਬਣ ਕੇ ਦੋੜਨ ਲੱਗੇਗਾ। ਰਾਮ ਸਰੂਮ ਆਪਣੀ ਖੋਜ ਦਾ ਸਫਲਤਾ ਪੂਰਵਕ ਤਜ਼ਰਬਾ ਕਰ ਚੁੱਕਾ ਹੈ, ਜਿਸ ‘ਤੇ ਉਸ ਦਾ ਕਰੀਬ ਇਕ ਲੱਖ ਰੁਪਏ ਖਰਚ ਆਇਆ ਹੈ ਪਰ ਪੈਸਿਆਂ ਦੀ ਕਮੀ ਕਾਰਨ ਉਹ ਅਜੇ ਤੱਕ ਆਪਣੀ ਖੋਜ ਨੂੰ ਅਮਲੀ ਰੂਪ ਨਹੀਂ ਦੇ ਸਕਿਆ। ਪੈਸਿਆਂ ਦੀ ਕਮੀ ਨਾਲ ਉਸ ਦੀ ਖੋਜ ਸਿਰਫ ਬੋਰੀ ‘ਤੇ ਪਏ ਇੰਜਨ ਤੱਕ ਹੀ ਸੀਮਿਤ ਰਹਿ ਗਈ ਹੈ। ਰਾਮ ਸਰੂਪ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਆਪਣੀ ਖੋਜ ਨਾਲ ਪੰਜਾਬ ਅਤੇ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨ ‘ਚ ਯੋਗਦਾਨ ਪਾ ਸਕੇ।
ਦੇਸ਼ ‘ਚ ਹੁਨਰ ਦੀ ਕਮੀ ਨਹੀਂ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਆਪਣੀਆਂ ਖੋਜਾਂ ਨਾਲ ਕੁਝ ਕਰਕੇ ਦਿਖਾਉਣ ਦਾ ਦਮ ਰੱਖਦੇ ਹਨ ਪਰ ਲੋੜ ਹੈ ਇਸ ਸੋਚ ਨੂੰ ਸਹੀ ਪਲੇਟਫਾਰਮ ਮਿਲਣ ਦੀ ਤਾਂ ਜੋ ਰਾਮ ਸਰੂਪ ਵਰਗੇ ਲੋਕ ਆਪਣੀ ਖੋਜ ਨਾਲ ਦੇਸ਼ ਦੀ ਵੱਡੀ ਸਮੱਸਿਆ ਪ੍ਰਦੂਸ਼ਣ ਨੂੰ ਹੱਲ ਕਰ ਸਕਣ ਅਤੇ ਪੈਟਰੋਲ ਦੀ ਖਪਤ ਨੂੰ ਘੱਟ ਕਰਨ ਚ ਸਹਾਈ ਹੋਵੇ।