ਮਹਾਨ ਵਿਗਿਆਨੀ ਥਾਮਸ ਐਡੀਸਨ ਹਰ ਵੇਲੇ ਆਪਣੇ ਕੰਮ ‘ਚ ਰੁੱਝੇ ਰਹਿੰਦੇ ਸਨ। ਇਕ ਦਿਨ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਿਹਾ, ”ਇੰਨੇ ਦਿਨਾਂ ਤੋਂ ਤੁਸੀਂ ਸਖਤ ਮਿਹਨਤ ਕਰ ਰਹੇ ਹੋ। ਹੁਣ ਤਾਂ ਕੁਝ ਦਿਨ ਆਰਾਮ ਕਰ ਲਵੋ।”
ਐਡੀਸਨ ਨੂੰ ਪਤਨੀ ਦੀ ਗੱਲ ਸਹੀ ਲੱਗੀ। ਫਿਰ ਉਨ੍ਹਾਂ ਥੋੜ੍ਹਾ ਸੋਚਿਆ ਅਤੇ ਬੋਲੇ, ”ਤੂੰ ਹੀ ਦੱਸ ਮੈਨੂੰ ਛੁੱਟੀਆਂ ਮਨਾਉਣ ਕਿੱਥੇ ਜਾਣਾ ਚਾਹੀਦਾ ਹੈ? ਕਿਹੜੀ ਜਗ੍ਹਾ ਆਰਾਮ ਕਰਨ ਲਈ ਅਤੇ ਘੁੰਮਣ ਲਈ ਸਹੀ ਰਹੇਗੀ?”
ਇਹ ਸੁਣ ਕੇ ਉਨ੍ਹਾਂ ਦੀ ਪਤਨੀ ਮੁਸਕਰਾਈ ਅਤੇ ਬੋਲੀ, ”ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਇੰਨੀ ਵੱਡੀ ਧਰਤੀ ਹੈ, ਜਿਥੇ ਜਾਣਾ ਚਾਹੋ ਜਾ ਸਕਦੇ ਹੋ।”
ਐਡੀਸਨ ਬੋਲੇ, ”ਤੂੰ ਸਹੀ ਕਹਿ ਰਹੀ ਏਂ। ਜਾਣਾ ਮੈਂ ਹੈ ਤਾਂ ਮੈਨੂੰ ਹੀ ਤੈਅ ਕਰਨਾ ਪਵੇਗਾ ਕਿ ਮੈਂ ਕਿੱਥੇ ਜਾਣਾ ਹੈ। ਅਜਿਹੀ ਕਿਹੜੀ ਜਗ੍ਹਾ ਹੋ ਸਕਦੀ ਹੈ, ਜਿਥੇ ਮੈਨੂੰ ਸਭ ਤੋਂ ਜ਼ਿਆਦਾ ਸਕੂਨ ਮਿਲੇਗਾ।”
ਇਹ ਸੁਣ ਕੇ ਉਨ੍ਹਾਂ ਦੀ ਪਤਨੀ ਖੁਸ਼ ਹੋ ਗਈ। ਐਡੀਸਨ ਵਿਚਾਰ ਕਰਨ ਲੱਗੇ ਕਿ ਛੁੱਟੀਆਂ ਮਨਾਉਣ ਲਈ ਸਭ ਤੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ। ਸ਼ਾਮ ਨੂੰ ਪਤਨੀ ਨੇ ਪੁੱਛਿਆ, ”ਕੀ ਮੈਂ ਜਾਣ ਸਕਦੀ ਹਾਂ ਕਿ ਤੁਸੀਂ ਛੁੱਟੀਆਂ ਮਨਾਉਣ ਕਿੱਥੇ ਜਾ ਰਹੇ ਹੋ?”
ਇਸ ‘ਤੇ ਐਡੀਸਨ ਨੇ ਕਿਹਾ, ”ਕੱਲ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਛੁੱਟੀਆਂ ਮਨਾਉਣ ਕਿੱਥੇ ਜਾ ਰਿਹਾ ਹਾਂ।”
ਅਗਲੇ ਦਿਨ ਐਡੀਸਨ ਸਵੇਰੇ ਉੱਠੇ। ਜਲਦੀ-ਜਲਦੀ ਆਪਣਾ ਕੰਮ ਖਤਮ ਕੀਤਾ ਅਤੇ ਤਿਆਰ ਹੋ ਗਏ। ਇਸ ਤੋਂ ਬਾਅਦ ਉਹ ਆਪਣੀ ਮਨਪਸੰਦ ਤੇ ਸ਼ਾਂਤ ਜਗ੍ਹਾ ਓਲਡ ਲਾਇਬ੍ਰੇਰੀ ਵੱਲ ਚੱਲ ਪਏ। ਹੁਣ ਆਪਣੇ ਪਤੀ ਦੀ ਪਸੰਦ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਸੋਚਾਂ ‘ਚ ਪੈ ਗਈ ਕਿ ਭਲਾ ਇਹ ਵੀ ਛੁੱਟੀਆਂ ਮਨਾਉਣ ਵਾਲੀ ਕੋਈ ਜਗ੍ਹਾ ਹੋਈ ਪਰ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਐਡੀਸਨ ਕੁਝ ਮਾਮਲਿਆਂ ਵਿਚ ਕਿਸੇ ਦੀ ਨਹੀਂ ਸੁਣਦੇ। ਇਸ ਲਈ ਉਸ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਉਸ ਛੁੱਟੀ ਵਾਲੀ ਜਗ੍ਹਾ ‘ਤੇ ਐਡੀਸਨ ਬੱਲਬ ਬਣਾਉਣ ਵਿਚ ਕਾਮਯਾਬ ਹੋਏ, ਜਿਸ ਦੀ ਖੋਜ ਉਹ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਸਨ। ਆਪਣੀ ਓਲਡ ਲਾਇਬ੍ਰੇਰੀ ‘ਚੋਂ ਨਿਕਲ ਕੇ ਉਨ੍ਹਾਂ ਦੁਨੀਆ ਨੂੰ ਰੌਸ਼ਨੀ ਦਾ ਨਵਾਂ ਤੋਹਫਾ ਦਿੱਤਾ।