ਪਟਿਆਲਾ : ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਮੁਤਾਬਕ ਹੁਣ ਕੇਵਲ ਰਾਤ ਦਾ 7 ਤੋਂ ਸਵੇਰੇ 7 ਵਜੇ ਤੱਕ ਦਾ ਕਰਫਿਊ ਲਾਗੂ ਕਰਨ ਮਗਰੋਂ ਪਟਿਆਲਾ ਜ਼ਿਲ੍ਹੇ ਅੰਦਰ 55 ਫੀਸਦੀ ਦੇ ਕਰੀਬ ਉਦਯੋਗਿਕ ਇਕਾਈਆਂ ਨੇ ਆਪਣਾ ਕੰਮ-ਕਾਜ ਸ਼ੁਰੂ ਕਰ ਦਿੱਤਾ ਹੈ।
ਭਾਵੇਂ ਇਹ ਉਦਯੋਗਿਕ ਇਕਾਈਆਂ ਹਾਲੇ 50 ਫੀਸਦੀ ਕਾਮਿਆਂ ਨਾਲ ਹੀ ਆਪਣਾ ਕੰਮ ਜਾਰੀ ਰੱਖ ਰਹੀਆਂ ਹਨ ਪਰੰਤੂ ਉਦਯੋਗਪਤੀਆਂ ਦਾ ਕਹਿਣਾਂ ਹੈ ਕਿ ਜਿਉਂ-ਜਿਉਂ ਉਤਪਾਦਨ ਦੀ ਮੰਗ ਵਧੇਗੀ, ਸਮੁੱਚੀ ਇੰਡਸਟਰੀ ਆਪਣਾ ਉਤਪਾਦਨ ਵੀ ਵਧਾ ਦੇਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੀਤੇ ਦਿਨੀਂ ਦਿਨ ਦਾ ਕਰਫਿਊ ਹਟਾ ਕੇ ਕੇਵਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਕਰਫਿਊ ਲਾਗੂ ਕੀਤਾ ਹੋਇਆ ਹੈ ਅਤੇ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਵੀ ਅਜੇ ਲਾਗੂ ਹੈ ਪਰੰਤੂ ਕਰਫਿਊ ‘ਚ ਦਿਨ ਦੀ ਛੋਟ ਮਿਲਣ ਕਰਕੇ ਹਾਲਾਤ ਆਮ ਵਾਂਗ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਰਾਤ ਦੀ ਸਿਫ਼ਟ ਚਾਲੂ ਨਹੀਂ ਹੋਈ ਪਰੰਤੂ ਹਾਲਾਤ ਹੋਰ ਸੁਖਾਵੇਂ ਹੋਣ ਮਗਰੋਂ ਸਾਰੇ ਉਦਯੋਗ ਪੂਰੀ ਗਤੀ ਨਾਲ ਚਾਲੂ ਹੋ ਜਾਣਗੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਛੋਟੇ, ਵੱਡੇ ਅਤੇ ਬਿਲਕੁਲ ਛੋਟੇ ਮਿਲਾ ਕੇ ਕੋਈ 14000 ਉਦਯੋਗਿਕ ਇਕਾਈਆਂ ਹਨ, ਜਿਨ੍ਹਾਂ ਵਿੱਚੋਂ 5600 ਦੇ ਕਰੀਬ ਇਕਾਈਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਸਮੇਤ ਉਦਯੋਗਿਕ ਫੋਕਲ ਪੁਆਇੰਟ ਪਟਿਆਲਾ, ਰਾਜਪੁਰਾ ਅਤੇ ਇੰਡਸਟਰੀ ਅਸਟੇਟ ਪਟਿਆਲਾ ਸਮੇਤ ਦਿਹਾਤੀ ਖੇਤਰਾਂ ‘ਚ ਸਥਿਤ 55 ਫੀਸਦੀ ਦੇ ਕਰੀਬ ਉਦਯੋਗਿਕ ਇਕਾਈਆਂ ‘ਚ ਇਸ ਸਮੇਂ ਕੰਮ ਚਾਲੂ ਹੋਣ ਮਗਰੋਂ 46100 ਕਾਮੇ ਆਪਣੇ ਕੰਮ ‘ਤੇ ਪਰਤ ਆਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਉਦਯੋਗਿਕ ਇਕਾਈਆਂ ‘ਚ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਹਿਤ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਪਟਿਆਲਾ ਦੇ ਜਨਰਲ ਮੈਨੇਜਰ ਸ੍ਰੀ ਧਰਮਪਾਲ ਭਗਤ ਨੂੰ ਇਸ ਬਾਰੇ ਨੋਡਲ ਅਫ਼ਸਰ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਾਕਾਇਦਾ ਜਾਇਜ਼ਾ ਵੀ ਲਿਆ ਜਾਂਦਾ ਹੈ।