ਆਦਿਲ ਅੰਸਾਰੀ ਮੁੰਬਈ ਦਾ ਹੀ ਮਾਣ ਨਹੀਂ, ਸਗੋਂ ਦੇਸ਼ ਦਾ ਮਾਣ ਹੈ, ਇਸੇ ਲਈ ਤਾਂ ਉਸ ਨੂੰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਂਅ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ ਅਤੇ ਉਸ ਨੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਹੌਸਲੇ ਬੁਲੰਦ ਹੋਣ ਤਾਂ ਮੰਜ਼ਿਲਾਂ ਪਾਉਣ ਤੋਂ ਰੋਕਿਆ ਨਹੀਂ ਜਾ ਸਕਦਾ। ਆਦਿਲ ਅੰਸਾਰੀ ਮੁੰਬਈ ਦੇ ਥਾਣਾ ਜ਼ਿਲ੍ਹੇ ਦੇ ਕਸਬਾ ਭਿਵੰਡੀ ਦਾ ਜੰਮਪਲ ਹੈ ਅਤੇ ਸਾਲ 2002 ਵਿਚ ਉਹ ਆਪਣੇ ਦੋਸਤਾਂ ਨਾਲ ਆਪਣੇ ਸ਼ਹਿਰ ਦੇ ਨਾਲ ਲਗਦੀ ਨਦੀ ਵਿਚ ਤੈਰਨ ਲਈ ਗਿਆ ਸੀ ਅਤੇ ਜਦ ਉਹ ਗੋਤਾ ਲਗਾਉਣ ਲਈ ਨਦੀ ਦੇ ਅੰਦਰ ਗਿਆ ਤਾਂ ਉਸ ਦਾ ਸਿਰ ਇਕ ਪੱਥਰ ਨਾਲ ਟਕਰਾ ਗਿਆ ਅਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ। ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਦੀ ਪੁਸ਼ਟੀ ਕਰ ਦਿੱਤੀ, ਜਿਸ ਦਾ ਕੋਈ ਇਲਾਜ ਨਹੀਂ ਸੀ ਅਤੇ ਆਦਿਲ ਅੰਸਾਰੀ ਦਾ ਹੇਠਲਾ ਹਿੱਸਾ ਸੁੰਨ ਹੋ ਗਿਆ ਅਤੇ ਆਦਿਲ ਸਾਰੀ ਉਮਰ ਲਈ ਵੀਲ੍ਹਚੇਅਰ ਦੇ ਸਹਾਰੇ ਤੁਰਨ ਲਈ ਮਜਬੂਰ ਹੋ ਗਿਆ।
ਅਦਿਲ ਅੰਸਾਰੀ ਨੂੰ ਰੰਗਲਾ ਸੰਸਾਰ ਇਕ ਵਾਰ ਧੁੰਦਲਾ ਹੁੰਦਾ ਜਾਪਿਆ ਪਰ ਕੁਦਰਤ ਦਾ ਭਾਣਾ ਮੰਨ ਕੇ ਉਸ ਨੇ ਇਹ ਸਵੀਕਾਰ ਕਰ ਲਿਆ ਅਤੇ ਵੀਲ੍ਹਚੇਅਰ ‘ਤੇ ਬੈਠ ਹੀ ਆਪਣਾ ਭਵਿੱਖ ਤਲਾਸ਼ਣ ਲੱਗਿਆ। ਆਦਿਲ ਨੇ ਸੋਚਿਆ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਲੋਕ ਉਸ ਨੂੰ ਅਪਾਹਜ ਨਹੀਂ, ਸਗੋਂ ਜਾਂਬਾਜ਼ ਕਹਿਣ। ਆਦਿਲ ਅੰਸਾਰੀ ਨੇ ਅਪਾਹਜ ਹੋਣ ਦੇ ਬਾਵਜੂਦ ਡਰਾਈਵਿੰਗ ਯਾਨਿ ਕਾਰ ਚਲਾਉਣੀ ਸਿੱਖ ਲਈ ਅਤੇ 90 ਫੀਸਦੀ ਅਪਾਹਜ ਹੋਣ ਦੇ ਬਾਵਜੂਦ ਉਸ ਨੇ ਕਾਰ ਦੀ ਰੇਸ ਲਗਾਉਣ ਦੀ ਠਾਣ ਲਈ ਅਤੇ 29 ਜਨਵਰੀ, 2015 ਨੂੰ ਮੁੰਬਈ ਦੇ ਸਾਂਤਾਕਰੁਜ਼ ਡੋਮੈਸਟਿਕ ਏਅਰਪੋਰਟ ਤੋਂ ਕਾਰ ਦੌੜਾਈ ਅਤੇ ਮੁੰਬਈ ਤੋਂ ਦਿੱਲੀ, ਕਲਕੱਤਾ, ਚੇਨਈ ਹੁੰਦਾ ਹੋਇਆ ਉਹ 7 ਦਿਨਾਂ ਵਿਚ 6000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਦ ਮੁੰਬਈ ਵਾਪਸ ਪਰਤਿਆ ਤਾਂ ਉਸ ਦੇ ਜਜ਼ਬੇ ਨੂੰ ਪੂਰੀ ਮੁੰਬਈ ਨੇ ਸਲਾਮ ਕੀਤਾ ਅਤੇ ਉਸ ਨੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਆਦਿਲ ਨੇ 3 ਦਸੰਬਰ, 2013 ਵਿਚ ਹੀ ਐਕਟਿਵਾ ਸਕੂਟਰੀ ਨੂੰ ਮੋਡੀਫਾਈ ਕਰਕੇ ਡਰਾਈਵਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਉਸ ਦੇ ਨਾਂਅ ਕਈ ਵੱਡੇ ਰਿਕਾਰਡ ਬੋਲਦੇ ਹਨ। ਇਥੇ ਹੀ ਬਸ ਨਹੀਂ, ਆਦਿਲ ਅੰਸਾਰੀ ਇਕ ਵੱਡਾ ਤੀਰਅੰਦਾਜ਼ ਵੀ ਹੈ। ਸਾਲ 2016 ਵਿਚ ਹਰਿਆਣਾ ਦੇ ਸ਼ਹਿਰ ਰੋਹਤਕ ਵਿਖੇ ਹੋਈ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਜਿਥੇ ਉਸ ਨੇ ਸੋਨ ਤਗਮਾ ਆਪਣੇ ਨਾਂਅ ਕਰਕੇ ਕਾਰ ਰੇਸਰ ਹੋਣ ਦੇ ਨਾਲ-ਨਾਲ ਇਕ ਸਫਲ ਤੀਰਅੰਦਾਜ਼ ਹੋਣ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ।
ਸਾਲ 2017 ਵਿਚ ਹੀ ਇਕ ਵਾਰ ਫਿਰ ਰੋਹਤਕ ਵਿਖੇ ਨੈਸ਼ਨਲ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਸੋਨ ਤਗਮਾ ਜਿੱਤ ਕੇ ਚੈਂਪੀਅਨ ਬਣਿਆ ਅਤੇ ਹਰਿਆਣਾ ਵਿਖੇ ਹੀ ਸਾਲ 2018 ਵਿਚ ਤੀਸਰੀ ਆਰਚਰੀ ਚੈਂਪੀਅਨਸ਼ਿਪ ਵਿਚ ਤੀਰਅੰਦਾਜ਼ੀ ਕਰਕੇ 2 ਸੋਨ ਤਗਮੇ ਜਿੱਤ ਕੇ ਤੀਜੀ ਵਾਰ ਚੈਂਪੀਅਨ ਬਣਿਆ। ਸਾਲ 2017 ਵਿਚ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਸਾਲ 2018 ਵਿਚ ਵਰਲਡ ਪੈਰਾ ਆਰਚਰੀ ਰੈਂਕਿੰਗ ਟੂਰਨਾਮੈਂਟ ਵਿਚ ਵੀ ਭਾਰਤ ਵਲੋਂ ਹਿੱਸਾ ਲਿਆ ਅਤੇ ਸਾਲ 2019 ਵਿਚ ਦੁਬਈ ਵਿਚ ਫਾਜਾ ਪੈਰਾ ਆਰਚਰੀ ਟੂਰਨਾਮੈਂਟ ਅਤੇ ਨੀਦਰਲੈਂਡ ਵਿਚ ਵੀ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਭਾਗ ਲਿਆ ਅਤੇ ਤਗਮੇ ਜਿੱਤ ਕੇ ਭਾਰਤ ਦੀ ਸ਼ਾਨ ਉੱਚੀ ਕੀਤੀ। ਆਦਿਲ ਅੰਸਾਰੀ ਦਾ ਸਫ਼ਰ ਅਤੇ ਪ੍ਰਾਪਤੀਆਂ ਲਗਾਤਾਰ ਜਾਰੀ ਹਨ ਅਤੇ ਉਸ ਦਾ ਸੁਪਨਾ ਹੈ ਕਿ ਉਹ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੋਇਆ ਉਲੰਪਿਕ ਵਿਚ ਸੋਨ ਤਗਮਾ ਲੈ ਕੇ ਆਵੇ। ਆਦਿਲ ਅੰਸਾਰੀ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਸਾਲ 2017-2018 ਵਿਚ ਮਹਾਰਾਸ਼ਟਰ ਸਰਕਾਰ ਨੇ ਆਦਿਲ ਅੰਸਾਰੀ ਨੂੰ ਸਟੇਟ ਪੁਰਸਕਾਰ ਏਕਲਵਿਆ ਰਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ। ਆਦਿਲ ਅੰਸਾਰੀ ਆਖਦਾ ਹੈ ਕਿ, ‘ਅਪਾਹਜ ਹੋਨੇ ਕੇ ਬਾਅਦ ਜ਼ਿੰਦਗੀ ਰੁਕ ਨਹੀਂ ਜਾਤੀ, ਹੌਸਲੇ ਸੇ ਚਲੋਗੇ ਤੋ ਮੰਜ਼ਿਲੇਂ ਛੁਪ ਨਹੀਂ ਜਾਤੀ।’