ਤੀਵੀਂਆਂ ਦੇ ‘ਭਗਤਾਂ’ ਦਾ ਅੱਜ ਕੱਲ੍ਹ ਆਮ ਜ਼ਿੰਦਗੀ ’ਚ ਤੇ ਫੇਸਬੁੱਕ ’ਤੇ ਹੜ੍ਹ ਅਇਆ ਹੋਇਆ। ਬਗਲਾ ਭਗਤ ਆਲੀ ਕਹਾਵਤ ਵੀ ਇਨ੍ਹਾਂ ਸਾਹਮਣੇ ਕੋਈ ਮਾਇਨੇ ਨੀ ਰੱਖਦੀ। ਇਨ੍ਹਾਂ ਭਗਤਾਂ ਨੂੰ ਨਵੀਂ ਪੀੜ੍ਹੀ ‘ਫਰੈਂਡ’ ਕਹਿੰਦੀ ਐ। ਗੈਲੇ ਅੰਗਰੇਜ਼ੀ ਚ ਕਹਿਣ ਨਾਲ ਕਿਸੇ ਗੱਲ ਦੇ ਅਰਥ ਹੀ ਬੜੇ ‘ਉਚੇ’ ਹੋ ਜਾਂਦੇ ਨੇ ਜਿਵੇਂ ਗਧਾ ਸ਼ੇਰ ਦੀ ਖੱਲ ਪਾ ਕੇ ਸ਼ੇਰਾਂ ਚ ਹੀ ਫਿਰਨ ਲੱਗ ਜਾਵੇ।
ਇਹ ‘ਭਗਤ’ ਵੇਖਣ ਚ ਐਨੇ ਸਲੀਕੇ ਵਾਲੇ ਹੁੰਦੇ ਨੇ ਕਿ ਜਦੋਂ ਕਿਸੇ ਤੀਵੀਂ ਜਾਂ ਕੁੜੀ ਨਾਲ ਆਪਣੀ ਭਗਤੀ (ਫਰੈਂਡਸ਼ਿਪ) ਸ਼ੁਰੂ ਕਰਨਗੇ ਤਾਂ ਮੈਮ ਮੈਮ ਕਰਦਿਆਂ ਦਾ ਮੂੰਹ ਵਿਸਾਖ ਮਹੀਨੇ ਕਣਕ ਦੀ ਵਾਢੀ ਕਰਦੇ ਬੰਦੇ ਵਾਂਗ ਥੋੜ੍ਹੀ ਥੋੜ੍ਹੀ ਦੇਰ ਬਾਅਦ ਸੁੱਕਣ ਲੱਗ ਜਾਂਦਾ। ਜਦੋਂ ਕੁੜੀ ਜਾਂ ਤੀਵੀਂ ਇਨ੍ਹਾਂ ਦੀ ‘ਭਗਤੀ’ ਨੂੰ ਮਨਜ਼ੂਰ ਕਰ ਲਵੇ ਤਾਂ ਇਨ੍ਹਾਂ ਦੀ ਤੇਹ ਮਹਿਰੇ ਵੱਲੋਂ ਵਾਢੀ ਕਰਨ ਵਾਲੇ ਬੰਦੇ ਨੂੰ ਪਾਣੀ ਪਿਲਾਉਣ ਵਾਂਗ ਮਿਟਦੀ ਐ।
ਮੈਂ ਅੱਜ ਕੱਲ੍ਹ ਆਮ ਹੀ ਕੁੜੀਆਂ ਦੇ ਮੂੰਹ ਤੋਂ ਸੁਣਦਾਂ ਕਿ ਫਲਾਣਾ ਮੁੰਡਾ ਮੇਰਾ ‘ਭਗਤ’ (ਫਰੈਂਡ) ਐ। ਬੰਦੇ ਜਾਂ ਮੁੰਡੇ ਨੂੰ ਪਤਾ ਹੁੰਦਾ ਬਈ ਜੇਕਰ ਸਿੱਧਾ ਫੁੱਟਬਾਲ ਖੇਡਣ ਦੀ ਗੱਲ ਕੀਤੀ ਤਾਂ ਰੈਫਰੀ ਨੇ ਮੈਦਾਨ ਚ ਈ ਨੀ ਵੜਨ ਦੇਣਾ। ਫਿਰ ਉਹ ‘ਭਗਤੀ’ ਆਲਾ ਝੱਗਾ ਪਾ ਕੇ ਕਹਿੰਦਾ ਕਿ ਮੈਂ ਖੇਡਣਾ ਨੀ ਮੈਂ ਤਾਂ ਬਸ ਜਿਹੜੀ ਬਾਲ ਮੈਦਾਨ ਤੋਂ ਬਾਹਰ ਜਾਏਗੀ, ਉਹ ਚੱਕ ਕੇ ਤੁਹਾਨੂੰ ਫੜਾਉਣੀ ਐ। ਬੱਸ ਹੌਲੀ ਹੌਲੀ ਬਾਲ ਫੜਾਉਂਦਿਆਂ ਉਹ ਮੈਦਾਨ ਚ ਜਾ ਵੜਦਾ।
ਮੈੈਨੂੰ ਇਕ ਕੁੜੀ ਕਹਿੰਦੀ ਕਿ ਫਲਾਣਾ ਮੁੰਡਾ ਮੇਰਾ ਫਰੈਂਡ ਐ। ਉਸ ਨੂੰ ਪਤਾ ਨਹੀਂ ਸੀ ਬਈ ਮੈਂ ਉਸ ਮੁੰਡੇ ਨੂੰ ਜਾਣਦਾਂ। ਉਸ ਬਾਰੇ ਮਸ਼ਹੂਰ ਐ ਬਈ ਸ਼ੇਰ ਤਾਂ ਆਪਣੇ ਮੂੰਹ ਚ ਆਇਆ ਸ਼ਿਕਾਰ ਛੱਡ ਸਕਦਾ ਪਰ ਜੱਸੀ ਜਿਹੜੀ ਕੁੜੀ ਦਾ ‘ਭਗਤ’ ਬਣਦਾ ਉਸ ਨੂੰ ਸੁਖਨਾ ਝੀਲ ’ਚ ਗੋਤਾ ਜ਼ਰੂਰ ਲੁਆਉਂਦਾ।
ਕਿਸੇ ਤੀਵੀਂ ਜਾਂ ਕੁੜੀ ਦਾ ‘ਭਗਤ’ ਬਣਨ ਵਿਚ ਜਿਹੜੀ ਮੁਹਾਰਤ ਲਿਖਾਰੀਆਂ ਨੂੰ ਹੁੰਦੀ ਐ, ਉਸ ਬਾਰੇ ਆਮ ਬੰਦਾ ਸੋਚ ਵੀ ਨੀ ਸਕਦਾ। ਆਮ ਬੰਦਾ ਜਦੋਂ ਭਗਤੀ ਦਾ ਜਾਲ ਬੁਣਦਾ ਤਾਂ ਉਹ ਹਦਵਾਣਿਆਂ ਦੇ ਖੇਤ ਚ ਵੜੇ ਗਿੱਦੜ ਵਾਂਗ ਕਦੇ ਇਕ ਹਦਵਾਣੇ ਨੂੰ ਮੂੰਹ ਪਾਉਂਦਾ ਕਦੇ ਦੂਜੇ ਨੂੰ ਕਿਉਂਕਿ ਉਸ ਨੂੰ ਮਾਲਕ ਦੇ ਆਉਣ ਦਾ ਡਰ ਲੱਗਾ ਰਹਿੰਦਾ। ਇਸ ਕਰਕੇ ਨਾ ਤਾਂ ਚੱਜ ਨਾਲ ਢਿੱਡ ਭਰਦਾ ਤੇ ਨਾ ਹੀ ਰੂਹ ਦੀ ਤਸੱਲੀ ਹੁੰਦੀ ਐ।
ਪਰ ਲਿਖਾਰੀ ਜਦੋਂ ‘ਭਗਤ’ ਬਣਦਾ ਤਾਂ ਉਹ ਸ਼ਹਿਦ ਦੀ ਮੱਖੀ ਵਾਂਗ ਸਰ੍ਹੋਂ ਦੇ ਫੁੱਲ ਤੇ ਬੈਠ ਕੇ ਰਸ ਚੂਸਣ ਵਾਂਗ ਭਗਤੀ ਕਰਦਾ। ਪੰਜਾਬੀ ਚ ਕਈ ਲਿਖਣ ਵਾਲੀਆਂ ਬੀਬੀਆਂ ਆਪਣੇ ਅਜਿਹੇ ‘ਭਗਤਾਂ’ ਦੇ ਸਿਰ ਤੇ ਇੰਦਰਾਪੁਰੀ ਦੇ ਤਖਤ ਤੇ ਬੈਠੀਆਂ ਨੇ। ਜਦਕਿ ਉਨ੍ਹਾਂ ਦੀਆਂ ਲਿਖਤਾਂ ਐਦਾਂ ਹੁੰਦੀਆਂ ਨੇ ਜਿਵੇਂ ਕੁਲਫੀ ਆਲੇ ਮੱਟ ਨੂੰ ਮੱਖੀਆਂ ਚਿੰਬੜੀਆਂ ਹੁੰਦੀਆਂ ਨੇ।
ਲਿਖਾਰੀ ‘ਭਗਤੀ’ ਦਾ ਜਾਲ ਉਸ ਜੱਟ ਵਾਂਗ ਬੁਣਦਾ ਜਿਹੜਾ ਅਪਣੀ ਫੰਡਰ ਮੱਝ ਨੂੰ ਸੱਜਰ ਸੂਈ ਦੱਸ ਕੇ ਮਰਜ਼ੀ ਦੇ ਮੁੱਲ ’ਤੇ ਮੰਡੀ ’ਚ ਵੇਚਦਾ।
ਪ੍ਰੋ ਮੋਹਨ ਸਿੰਘ ‘ਭਗਤਾਂ’ ਬਾਰੇ ਚਾਨਣਾ ਪਾਉਂਦਿਆਂ ਲਿਖਦਾ
ਦੇਂਦੇ ਆਏ ਚਿਰੋਕਣੇ ਮਰਦ ਧੋਖਾ, ਮਕਰ ਕੋਈ ਨਾ ਇਨ੍ਹਾਂ ਦੇ ਅੱਜ ਦੇ ਨੀ
ਕੰਮ ਇਨ੍ਹਾਂ ਦਾ ਭੌਰਿਆਂ ਵਾਂਗ ਫਿਰਨਾ, ਇਕ ਫੁੱਲ ਦੇ ਨਾਲ ਨਾ ਬੱਝਦੇ ਨੀ
ਦੀਵਾ ਹੁਸਨ ਦਾ ਜਦ ਤੱਕ ਰਹੇ ਬਲ਼ਦਾ, ਝੁਕ ਝੁਕ ਕਰਦੇ ਇਹ ਵੀ ਸਜਦੇ ਨੀ
ਬੁਝ ਜਾਵੇ ਤਾਂ ਵਾਂਗ ਪਰਵਾਨਿਆਂ ਦੇ, ਵਲ ਦੂਸਰੇ ਦੀਵੇ ਦੇ ਭੱਜਦੇ ਨੀ
ਐਪਰ ਤੀਵੀਂ ਮਰਦ ਦੀ ਕਰੇ ਲੱਖ ਚਿੰਤਾ, ਕਦੇ ਮਰਦ ਨੂੂੰ ਫਿਕਰ ਨਾ ਕੱਖ ਹੋਵੇ
ਹਿਜ਼ਰ ਨਾਲ ਤੀਵੀਂ ਭਾਵੇਂ ਬਣੇ ਸੁਰਮਾ, ਕਦੇ ਸਾਫ ਨਾ ਮਰਦ ਦੀ ਅੱਖ ਹੋਵੇ
ਕਰਤਾਰ ਸਿੰਘ ਦੁੱਗਲ ਨੇ ਆਪਣੀ ਜੀਵਨੀ ਵਿਚ ਮੋਹਨ ਸਿੰਘ ਦੀ ਭਗਤੀ ਬਾਰੇ ਇਕ ਬਹੁਤ ਕਮਾਲ ਦਾ ਚੰਗਿਆੜਾ ਲਿਖਿਆ।
ਲਿਖਣ ਵਾਲਿਆਂ ਚੋਂ ਸ਼ਿਵ ਬਟਲਾਵੀ, ਗਾਰਗੀ ਨੇ ਤੀਵੀਂਆਂ ਦੀ ‘ਭਗਤੀ’ ਕਰਨ ਚ ਸਾਰੇ ਰੀਕਾਰਡ ਤੋੜੇ।
ਸ਼ਿਵ ਪਤੰਦਰ ਇਕ ਤਾਂ ਸੋਹਣਾ ਬਹੁਤ ਸੀ ਉਪਰੋਂ ਉਸ ਨੇ ਜੋ ਲਿਖਿਆ ਉਹ ਅਸਮਾਨ ਨੂੰ ਟਾਕੀ ਲਾਉਣ ਵਰਗਾ ਸੀ। ਬਹੁਤੀਆਂ ਤੀਵੀਂਆਂ ਤਾਂ ਆਪ ਦੌੜ ਕੇ ਉਸ ਦੀਆਂ ‘ਭਗਤਣੀਆਂ’ ਬਣੀਆਂ ।
ਇਸ ਕਰਕੇ ਬਹੁਤ ਜ਼ਿਆਦਾ ‘ਭਗਤੀ’ ਕਰਨ ਤੋਂ ਬਾਅਦ ਸ਼ਿਵ ਨੇ ਜਿਹੜਾ ਤੱਤ ਕੱਢਿਆ, ਉਹ ਉਸ ਨੇ ਆਪਣੇ ਸ਼ਾਹਕਾਰ ਲੂਣਾ ਵਿਚ ਲਿਖਿਆ । ਰਾਣੀ ਤੇ ਗੋਲੀ ਦੀ ਗੱਲਬਾਤ ਵਿਚ ਰਾਣੀ ਭਗਤ ਬੰਦਿਆਂ ਦੀ ਮਹਾਨਤਾ ਬਾਰੇ ਚਾਨਣਾ ਪਾਉਂਦੀ ਕਹਿੰਦੀ ਐ
ਨੀ ਇਹ ਉਹ ਕੁੱਤੇ ਜੋ ਨਾ ਕਰਨ ਰਾਖੀ
ਸੰਨ੍ਹ ਮਾਰਦੇ ਵਫਾ ਦੇ ਨਾਮ ਉਤੇ
ਦਿਨੇ ਹੋਰ ਦੇ ਦਰਾਂ ’ਤੇ ਟੁੱਕ ਖਾਂਦੇ
ਰਾਤੀ ਹੋਰ ਦੇ ਦਰਾਂ ’ਤੇ ਜਾ ਸੁੱਤੇ
ਆਖਰੀ ਗੱਲ ਲੱਖਾਂ ਚੋਂ ਕੋਈ ਇਕ ਅੱਧਾ ਸੱਚਾ ‘ਭਗਤ’ ਵੀ ਐ। ਜਿਹੜੇ ਕਿਸੇ ਕੁੜੀ ਜਾਂ ਤੀਵੀਂ ਦੇ ‘ਭਗਤ’ ਬਣੇ ਹੋਏ ਨੇ, ਉਹ ਜੇਕਰ ਇਹ ਲਫ਼ਜ਼ ਪੜ੍ਹ ਕੇ, ਉਨ੍ਹਾਂ ਦੀ ਭਗਤੀ ’ਤੇ ਸ਼ੱਕ ਕਰੇ ਤਾਂ ਉਹ ਕਹਿ ਸਕਦੇ ਨੇ ਕਿ ਆਖਰੀ ਲਫ਼ਜ਼ ਉਨ੍ਹਾਂ ਲਈ ਹੀ ਲਿਖੇ ਗਏ ਨੇ ।
ਮਨਜੀਤ ਸਿੰਘ ਰਾਜਪੁਰਾ
97802-79640