ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਐਤਵਾਰ ਰਾਤ 9 ਵਜੇ ਦੇਸ਼ ‘ਚ 9 ਮਿੰਟ ਲਈ ਦੀਵੇ, ਮੋਮਬੱਤੀਆਂ ਅਤੇ ਮਸ਼ਾਲਾਂ ਜਗਾ ਕੇ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਵਾਇਰਸ ਦੀ ਲਾਗ ਅਜੇ ਵੀ ਫੈਲ ਰਹੀ ਹੈ। ਅਜਿਹੀ ਸਥਿਤੀ ਵਿੱਚ ਲੰਮੇ ਸਮੇਂ ਦੇ ਪ੍ਰਬੰਧ ਕਰਨੇ ਪੈਣਗੇ। ਤਾਲੀ-ਥਾਲੀ ਦਾ ਸ਼ੋਰ ਜਾਂ ਦੀਵੇ-ਟੋਰਚ ਜਗਾ ਕੇ ਭਾਵੇਂ ਮਨੋਰੰਜਨ ਹੋ ਗਿਆ ਹੋਵੇਗਾ, ਇਹ ਪਰ ਕੋਰੋਨਾ ਇਲਾਜ ਨਹੀਂ ਹੈ।
ਅਖਿਲੇਸ਼ ਯਾਦਵ ਨੇ ਕਿਹਾ, “ਚੁੱਲ੍ਹੇ ਦੀ ਅੱਗ ਗਰੀਬਾਂ ਦੇ ਘਰਾਂ ਵਿੱਚ ਠੰਢੀ ਨਾ ਹੋਵੇ, ਬੱਚੇ ਦੁੱਧ ਤੋਂ ਬਗੈਰ ਭੁੱਖੇ ਨਾ ਸੌਣ ਅਤੇ ਨੌਜਵਾਨਾਂ ਦੀਆਂ ਅੱਖਾਂ ‘ਚ ਭਵਿੱਖ ਦੀ ਧੁੰਦ ਪੈਦਾ ਨਾ ਹੋਵੇ, ਇਸ ਵੱਲ ਪ੍ਰਧਾਨ ਮੰਤਰੀ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਇਸ ਸਮੇਂ ਸਿਹਤ ਸੇਵਾਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਦੇਸ਼ ਅਤੇ ਸੂਬੇ ਦੀ ਵੱਡੀ ਆਬਾਦੀ ਦੀ ਰੋਜ਼ੀ-ਰੋਟੀ ਲਈ ਵਿਸ਼ੇਸ਼ ਪ੍ਰਬੰਧ ਕਰਨੇ ਪੈਣਗੇ। ਸਰਕਾਰੀ ਯਤਨਾਂ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਨੇਤਾ-ਕਾਰਕੁੰਨ ਦੇਸ਼ਪੱਧਰੀ ਤਾਲਾਬੰਦੀ ਵਿੱਚ ਭੁੱਖੇ, ਪਿਆਸੇ, ਗਰੀਬ ਬੇਸਹਾਰਾ ਲੋਕਾਂ ਦੀ ਨਿਰੰਤਰ ਮਦਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਤਬਾਹੀ ਤੋਂ ਬਾਅਦ ਪੈਦਾ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਕਰਵਾਉਣਾ ਚਾਹੁੰਦੇ ਹਾਂ। ਦੇਸ਼ ‘ਚ ਨੋਟਬੰਦੀ-ਜੀਐਸਟੀ ਤੋਂ ਪ੍ਰਭਾਵਿਤ ਸਨਅਤ ਕਾਰੋਬਾਰ ਹੁਣ ਲੌਕਡਾਊਨ ਤੋਂ ਬਾਅਦ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਬੇਰੁਜ਼ਗਾਰੀ ਦਾ ਸੰਕਟ ਹੋਰ ਡੂੰਘਾ ਹੋਇਆ ਹੈ। ਕਾਮਿਆਂ-ਮਜ਼ਦੂਰਾਂ ਦੇ ਪ੍ਰਵਾਸ ਕਾਰਨ ਪੈਦਾ ਹੋਣ ਵਾਲੀਆਂ ਸਥਿਤੀਆਂ ਵੀ ਚਿੰਤਾਜਨਕ ਹੋਣਗੀਆਂ। ਬਰਾਮਦ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਮੰਦੀ ਦਾ ਕਹਿਰ ਹੋਰ ਵੱਧ ਸਕਦਾ ਹੈ।
ਅਖਿਲੇਸ਼ ਯਾਦਵ ਨੇ ਕਿਹਾ ਕਿ ਕੋਰੋਨਾ ਸੰਕਟ ਤੋਂ ਬਾਅਦ ਕਾਨੂੰਨ-ਵਿਵਸਥਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਵੀ ਦੇਖਣਾ ਹੋਵੇਗਾ ਕਿ ਕੰਮ-ਧੰਦੇ ਬੰਦ ਹੋਣ ਅਤੇ ਸੜਕਾਂ ‘ਤੇ ਬੇਰੁਜ਼ਗਾਰੀ ‘ਚ ਘੁੰਮ ਰਹੇ ਨੌਜਵਾਨਾਂ ਨੂੰ ਕਿਹੜੇ ਦਿਸ਼ਾ ਵੱਲ ਪ੍ਰੇਰਿਤ ਕੀਤਾ ਜਾਵੇਗਾ।