ਬਰਨਾਲਾ : ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਦੀ ਸਾਰੇ ਵਿਭਾਗ ਪੂਰੀ ਪਾਲਣਾ ਯਕੀਨੀ ਬਣਾਉਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਸੁਚੇਤ ਕੀਤਾ ਜਾਵੇ ਕਿ ਉਹ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਘਬਰਾਉਣ ਨਹੀਂ, ਬਲਕਿ ਸੁਚੇਤ ਰਹਿਣ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਟਿੱਢੀ ਦਲ ਵਿਰੁੱਧ ਰਣਨੀਤੀ ’ਤੇ ਵਿਚਾਰ ਕਰਨ ਲਈ ਖੇਤੀਬਾੜੀ ਸਣੇ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਟਿੱਡੀ ਦਲ ਰਾਜਸਥਾਨ ਦੇ ਸੰਘਰੀਆਂ ਮੰਡੀਆਂ ਤੋਂ ਪੰਜਾਬ ਵੱਲ ਵਧਦਾ ਪਾਇਆ ਗਿਆ ਸੀ, ਪਰ ਹਨੇਰੀਆਂ ਦੇ ਰੁਖ ਬਦਲਣ ਕਾਰਨ ਪਿੱਛੇ ਮੁੜਨ ਦੀਆਂ ਰਿਪੋਰਟਾਂ ਹਨ। ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ ਅਤੇ ਐਕਸ਼ਨ ਪਲਾਨ ਉਲੀਕਿਆ ਗਿਆ ਹੈ। ਇਸ ਤਹਿਤ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਾਗਰੂਕ, ਪੰਚਾਇਤੀ ਵਿਭਾਗ ਪੰਚਾਇਤਾਂ ਨਾਲ ਤਾਲਮੇਲ ਕਰਨ ਤੋਂ ਇਲਾਵਾ ਰੋਜ਼ਾਨਾ ਪੱਧਰ ਦਾ ਸਰਵੇ, ਸਪਰੇਅ ਪੰਪਾਂ ਦੀ ਉਪਲੱਬਧਤਾ, ਫਾਇਰ ਬ੍ਰਿਗੇਡ ਗੱਡੀਆਂ, ਪੁਲੀਸ ਸੁਰੱਖਿਆ ਤੇ ਸਪਰੇਅ ਕਰਨ ਮੌਕੇ ਸਿਹਤ ਵਿਭਾਗਾਂ ਦੀਆਂ ਸੇਵਾਵਾਂ ਜ਼ਰੂਰੀ ਹਨ, ਜਿਸ ਸਬੰਧੀ ਸਾਰੇ ਵਿਭਾਗ ਕਮਰ ਕੱਸ ਲੈਣ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਆਖਿਆ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਅਜਿਹੀ ਨੌਬਤ ਆਉਂਦੀ ਵੀ ਹੈ ਤਾਂ ਇਸ ਨਾਲ ਨਿਪਟਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ, ਜਿਹੜੀਆਂ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਰਾਬਤਾ ਬਣਾ ਕੇ ਸੰਭਾਵੀ ਹਮਲੇ ਨੂੰ ਰੋਕਣ ਲਈ ਤਿਆਰ ਹਨ। ਇਸ ਸਮੇਂ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕੁੱਲ 553 ਸਪਰੇਅ ਪੰਪ ਹਨ, ਜਿਨ੍ਹਾਂ ਨੂੰ ਪਾਣੀ ਨਾਲ ਭਰ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਟਿੱਡੀ ਦਲ ’ਤੇ ਛਿੜਕਾਅ ਕਰਨ ਲਈ ਕਲੋਰੋਪੈਰੀਵਾਸ ਦਵਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਫਾਇਰ ਬ੍ਰਿਗੇਡ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ, ਜਿਹੜੀਆਂ ਤਿੰਨਾਂ ਬਲਾਕਾਂ ਵਿੱਚ ਤਾਇਨਾਤ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਵੀ ਸੁਚੇਤ ਰਹਿਣ। ਜਿਹੜੇ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਪੰਪ ਹਨ, ਉਨ੍ਹਾਂ ਨੂੰ ਪਾਣੀ ਨਾਲ ਭਰ ਕੇ ਰੱਖਣ ਅਤੇ ਖੇਤ ਵਿੱਚ ਮੋਟਰ ਵਾਲੀਆਂ ਡਿੱਗੀਆਂ ਨੂੰ ਵੀ ਪਾਣੀ ਨਾਲ ਭਰ ਕੇ ਰੱਖਣ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਕਿਸਾਨ ਟਿੱਡੀ ਦਲ ਦੇਖਦਾ ਹੈ ਤਾਂ ਖੇਤੀਬਾੜੀ ਵਿਭਾਗ, ਬਰਨਾਲਾ ਵੱਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ ’ਤੇ ਏ ਡੀ ਓ ਅੰਮ੍ਰਿਤਪਾਲ ਸਿੰਘ ਨਾਲ 76965-95100 ਅਤੇ ਏਐਸਆਈ ਦਿਲਦਾਰ ਸਿੰਘ ਨਾਲ 94176-76133 ਨੰਬਰ ’ਤੇ ਸੰਪਰਕ ਕਰੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਸਹਾਇਕ ਕਮਿਸ਼ਨਰ ਸ੍ਰੀ ਅਸ਼ੋਕ ਕੁਮਾਰ, ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ, ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਸਣੇ ਹੋਰ ਅਧਿਕਾਰੀ ਹਾਜ਼ਰ ਸਨ।