ਪੱਟੀ: ਬੀਤੇ ਦਿਨ ਅੱਤਵਾਦੀਆਂ ਵਲੋਂ ਪੁਲਵਾਮਾ ‘ਚ ਸੀ.ਆਰ.ਪੀ.ਐੱਫ. ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ, ਜਿਸ ਕਾਰਨ 44 ਦੇ ਕਰੀਬ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ‘ਚ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਸੁਖਜਿੰਦਰ ਸਿੰਘ ਵੀ ਸ਼ਾਮਲ ਸੀ। ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਉਨ੍ਹਾਂ ਦੇ ਘਰ ਪਹੁੰਚੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਬੀਰ ਕੌਰ ਨੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਦਲਬੀਰ ਕੌਰ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ 24 ਘੰਟਿਆਂ ਚ ਪਾਕਿਸਤਾਨ ਤੋਂ ਇਸ ਹਮਲੇ ਦਾ ਬਦਲਾ ਲਿਆ ਜਾਵੇ।
ਉਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਸਬੰਧੀ ਬੋਲਦਿਆਂ ਕਿਹਾ ਕਿ ਇਸ ਕੋਰੀਡੋਰ ਦਾ ਖੁਲ੍ਹਣਾ ਸਾਡੀ ਬਦਕਿਸਮਤੀ ਹੈ। ਉਨ੍ਹਾਂ ਕਿਹਾ ਕਿ ਇਸ ਕੋਰੀਡੋਰ ਨਾਲ ਅੱਤਵਾਦੀਆਂ ਨੂੰ ਖੁੱਲ੍ਹਾ ਰਸਤਾ ਮਿਲ ਰਿਹਾ ਹੈ ਭਾਰਤ ਅੰਦਰ ਦਾਖਲ ਹੋਣ ਦਾ। ਇਸ ਲਈ ਇਹ ਕੋਰੀਡੋਰ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾ ਕੇ ਬਾਜਵਾ ਨੂੰ ਜੱਫੀਆਂ ਪਾਉਣ ਵਾਲਾ ਸਿੱਧੂ ਇਸ ਹਮਲੇ ਦਾ ਜਵਾਬ ਹੁਣ ਪਾਕਿ ਸਰਕਾਰ ਤੋਂ ਮੰਗੇ।