ਜਦ ਦਾ ਪੁੱਤ ਜੰਮਿਆ ਏ, ਚਾਅ ਨੇ ਕਿ ਸਾਂਭੇ ਨਹੀਂ ਜਾਂਦੇ। ਇਉਂ ਜਾਪਦਾ ਏ ਜਿਉਂ ਮੈਂ ਅਪਣਾ ਦੂਜਾ ਜਨਮ ਅਪਣੀਂ ਅੱਖੀਂ ਪਿਆ ਵੇਖ ਰਿਹਾ ਆਂ। ਸਿੱਜ ਜੰਮੇ ਪੁਤ ਦਾ ਹਾਸਾ ਮੇਰੇ ਲੂਈਂ ਕੰਡੇ ਖੜੇ ਕਰ ਦਿੰਦਾ ਏ ਤੇ ਰੌਣ ਤੌਬਾ, ਜਾਨ ਨਿਕਲ਼ ਜਾਂਦੀ ਆ ਮੇਰੀ ਤੇ।
ਸਾਝਰੇ ਉਠ ਕੇ ਸਰ੍ਹਾਂਦੀ ਬੈਠਾ ਉਹਦੇ ਜਾਗਣ ਨੂੰ ਉਡੀਕਦਾ ਰਹਿਨਾਂ। ਜ਼ਰੀ ਜ਼ਰੀ ਬਹਾਨੇ ਬਹਾਨੇ ਸੀਨੇ ਨਾਲ ਲਾਉਨਾ ਹਾਂ। ਇਸ ਦੇ ਨਿੱਕੇ ਨਿੱਕੇ ਬੁੱਲ੍ਹਾਂ ਨੂੰ ਚੁੰਮਣ ਮੇਰਾ ਨਾਸ਼ਤਾ ਏ। ਨਿੱਕੇ ਨਿੱਕੇ ਪੈਰਾਂ ਨੂੰ ਪਲ਼ੋਸਣਾ ਦੁਪਹਿਰ ਦੀ ਰੋਟੀ, ਕੰਡ ‘ਤੇ ਹੱਥ ਫੇਰਦਿਆਂ ਰਹਿਣਾ, ਰਾਤ ਦਾ ਖਾਣਾ ਜਾਣੋ।
ਨਾਂ ਤੇ ਮੇਰਾ ਜਾਵੇਦ ਏ ਪਰ ਘਰੇ ਮੈਨੂੰ ਜੱਜ ਸੱਦਦੇ ਨੇਂ। ਇਹ ਉਹ ਜੱਜ ਨਹੀਂ ਜਿਹੜਾ ਅਦਾਲਤੀਂ ਬਹਿ ਕੇ ਸਾਰਿਆਂ ਦੇ ਅਮਾਲਾਂ ਦੀਆਂ ਸਜ਼ਾਵਾਂ, ਖ਼ਤਾਵਾਂ ਮਾਫ਼ ਕਰਦਾ ਜਾਂ ਦਿੰਦਾ ਏ ਅਤੇ ਮਨ ਮਰਜ਼ੀ ਨਾਲ ਫ਼ੈਸਲੇ ਕਰਦਾ ਏ। ਦਲੀਲਾਂ ਜਿਡੀਆਂ ਵੀ ਪੀਢੀਆਂ ਹੋਣ ਜੇ ਇਸ ਦੇ ਮਨ ਨੂੰ ਗੱਲ ਨਹੀਂ ਭਾਉਂਦੀ ਤਾਂ ਸਮਝੋ ਅਗਲਾ ਗਿਆ…
More – ਜਨੂੰਨ – ਬਲਦੇਵ ਸਿੰਘ ਢੀਂਡਸਾ
ਪਿਓ ਤੋਂ ਬਾਅਦ ਮੈਂ ਹੀ ਇਸ ਘਰ ਦਾ ਜੱਜ ਸਾਂ। ਸਭ ਤੋਂ ਵੱਡਾ ਹੋਣ ਕਾਰਨ ਮੇਰੀ ਮੰਨੀ ਵੀ ਜਾਂਦੀ ਸੀ। ਨਾ ਮੰਨਣ ਤੇ ਮੈਂ ਧੌਂਸ ਨਾਲ਼ ਮਨਾ ਵੀ ਲੈਨਾਂ ਹਰ ਵਾਰੀ। ਇਸ ਲਈ ਮੈਨੂੰ ਇਹ ਨਾਂ ਕਦੀ ਬੁਰਾ ਨਹੀਂ ਲੱਗਾ। ਖ਼ੌਰੇ ਮੈਂ ਵੀ ਮਨ ਈ ਮਨ ਵਿਚ ਜੱਜ ਈ ਬਣ ਬੈਠਾ ਸਾਂ। ਉਂਜ ਤੇ ਹਰ ਬੰਦਾ ਈ ਜੱਜ ਬਣਿਆ ਬੈਠਾ ਏ। ਉਹ ਜਿਸ ਨੂੰ ਆਪਣੇ ਤੌਰ ਠੀਕ ਸਮਝਦਾ ਏ, ਉਸ ਨੂੰ ਕਬੂਲ ਕਰਦਾ ਏ, ਨਹੀਂ ਤੇ ਬਹਿ ਜਾਂਦਾ ਏ ਅਗਲੇ ਦੇ ਪੋਤੜੇ ਫੋਲਣ।
ਮਨ ਕਿਆਸਦਾ ਏ ਸਾਨੂੰ ਵੀ ਮਾਪਿਆਂ ਇੰਜ ਈ ਪਾਲਿਆ ਹੋਣਾ? ਪਰ ਨਹੀਂ, ਜੋ ਹਾਲਤ ਮੈਂ ਆਪਣੇ ਬੁੜ੍ਹੇ ਦੀ ਵੇਹੰਦਾਂ ਮੈਨੂੰ ਨਹੀਂ ਲਗਦਾ, ਉਸ ਕਦੇ ਇੰਝ ਕੀਤਾ ਹੋਣਾ। ਇਸ ਨੂੰ ਅੱਜ ਤੋੜੀ ਮੈਂ ਆਪਣੇ ਜੰਮਿਆਂ ਜਾਇਆਂ ਨਾਲ਼ ਪਿਆਰ ਕਰਦਿਆਂ ਨਹੀਂ ਤੱਕਿਆ। ਚਲੋ ਮੈਂ ਤਾਂ ਵੱਡਾ ਸਾਂ ਪਰ ਇਸ ਕਦੇ ਨਿੱਕੇ ਭਰਾ ਨੂੰ ਵੀ ਚੁੰਮ ਕੇ ਗੱਲ ਨਹੀਂ ਲਾਇਆ। ਅੱਕਿਆ ਅੱਕਿਆ ਅਪਣੀਆਂ ਮਸਤੀਆਂ ਰੁਧਾ, ਗ਼ੁੱਸੇ ਨਾਲ਼ ਭਰਿਆ, ਪਿਓ ਹੋਣ ਦੀ ਦਾਅਵੇਦਾਰੀ ਨਾਲ਼ ਨੱਕੋ ਨੱਕ ਭਰਿਆ। ਇਸ ਖੇਹ ਸਾਨੂੰ ਪਾਲਿਆ ਹੋਣਾ ਇੰਜ। ਕਦੀ ਵੀ ਨਹੀਂ। ਬੜਾ ਵੱਟ ਚੜ੍ਹਦਾ ਏ ਪਰ ਫ਼ਿਰ ਚੁੱਪ ਕਰ ਜਾਈਦਾ ਏ ਗੁਸਤਾਖ਼ੀ ਨਾ ਹੋ ਜਾਵੇ। ਬਹੁਤਾ ਰੱਬ ਤੋਂ ਨਹੀਂ ਲੋਕਾਂ ਦੀਆਂ ਗਲਾਂ ਤੋਂ ਡਰੀਦਾ ਏ। ਕੀ ਆਖਣਗੇ। ਦੜ ਵੱਟ ਜਾਈਦਾ ਏ।
ਬੁੜ੍ਹਾ ਮੇਰਾ ਸਤਰ੍ਹਾਂ ਦੇ ਗੇੜ ਵਿਚ ਏ। ਹੁਣ ਜੁੱਸੇ ਉਹ ਜਾਨ ਤਾਂ ਰਹੀ ਨਹੀਂ ਪਰ ਬੋਲਣ ਵਿਚ ਦਾਬਾ ਤੇ ਆਕੜ ਜਵਾਨਾਂ ਵਾਲੀ ਏ। ਹੰਕਾਰ ਭਰੀ ਇਹ ਟਾਹਣੀ ਲਿਫ਼ ਤਾਂ ਗਈ ਹੈ ਪਰ ਅਜੇ ਟੁੱਟੀ ਕਾਈ ਨਹੀਂ।
ਪਿਓ ਬਾਰੇ ਮੇਰੀ ਇਹ ਕੌੜ ਕਦੇ ਕਦੇ ਮੈਨੂੰ ਡਰਾ ਦਿੰਦੀ ਤੇ ਮੈਨੂੰ ਇਉਂ ਲਗਦਾ ਕਿ ਫ਼ਰਾਇਡ ਦੀ ਦੱਸੀ ਬਿਮਾਰੀ ਐਡੀਪਸ ਦਾ ਖ਼ੌਰੇ ਮੈਂ ਵੀ ਸ਼ਿਕਾਰ ਤੇ ਨਹੀਂ ਹੋ ਗਿਆ। ਹੋ ਸਕਦਾ ਏ। ਪਰ ਇੱਕ ਗੱਲ ਪੱਕੀ ਏ, ਬਾਪ ਬਾਰੇ ਮੇਰੀ ਇਹ ਨਫ਼ਰਤ ਜਮਾਂਦਰੂ ਮੇਰੇ ਨਾਲ਼ ਤੁਰੀ ਆਈ ਏ। ਸ਼ਰੀਕਾਂ ਤੋਂ ਪਿੱਛੇ ਰਹਿ ਜਾਣ ਦਾ ਕਾਰਨ ਵੀ ਮੇਰਾ ਇਹੋ ਪਿਓ ਈ ਏ, ਜਿਸ ਦੀਆਂ ਪੁੱਠੀਆਂ ਹਰਕਤਾਂ ਨੇ ਹਰ ਵਾਰੀ ਸਾਡਾ ਨੱਕ ਬਰਾਦਰੀ ਵਿਚ ਵਢਾਇਆ ਏ। ਉਹ ਪਿਛਲੀ ਉਮਰੇ ਵੀ ਨਹੀਂ ਮੁੜਦਾ…
ਸਾਡੇ ਸਾਰੇ ਭਰਾਵਾਂ ਦੇ ਸਾਕ ਬਰਾਦਰੀਉਂ ਬਾਹਰ ਹੋਣ ਦੀ ਵਜ੍ਹਾ ਵੀ ਸਾਡਾ ਬਾਪ ਈ ਏ। ਕਿਸੇ ਟੱਬਰ ਨੇ ਸਾਨੂੰ ਰਿਸ਼ਤਾ ਨਾ ਦਿੱਤਾ। ਮਜਬੂਰ ਹੋ ਕੇ ਅਸਾਂ ਆਪਣੀ ਤੇ ਮਾਂ ਦੀ ਮਿੰਨਤ ਤਰਲੇ ਤੋਂ ਬਾਦ ਵੀ ਬਾਹਰ ਈ ਵਿਆਹੇ ਗਏ। ਪੁੱਤਰਾਂ ਦੇ ਸਾਕ ਕਰਣ ਲਈ ਮਾਂ ਨੇ ਕਿਹੜੇ ਕਿਹੜੇ ਦੂਰ ਨੇੜੇ ਦੇ ਸਾਕਾਂ ਦਾ ਦਰ ਨਹੀਂ ਖੜਕਾਇਆ। ਪਰ ਖ਼ੈਰ ਕਿਧਰੋਂ ਨਹੀਂ ਪਈ। ਸਭ ਆਂਹਦੇ-“ਇਨ੍ਹਾਂ ਵੱਲ ਧੀ ਵਿਆਹੁਣ ਨਾਲੋਂ ਚੰਗਾ ਬੰਦਾ ਘਰੇ ਠੀਰੀ ਕਰ ਲਵੇ ਪਰ ਇਨ੍ਹਾਂ ਕੰਜਰਾਂ ਨੂੰ ਸਾਕ ਨਾ ਕੋਈ ਦਵੇ।”
ਇੱਸ ਗੱਲੋਂ ਈ ਮੈਂ ਬਹੁਤ ਚੰਗਾ ਬਣਨ ਦੀ ਕੋਸ਼ਿਸ਼ ਕਰ ਕਰ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ਼ ਬਣਾਈ ਰੱਖੀ। ਸਾਰਿਆਂ ਦੇ ਔਖੇ ਵੇਲੇ ਹਮੇਸ਼ਾ ਪਹੁੰਚਣ, ਮਰਨ, ਮੁਕਾਣ ਸਭਨਾਂ ਦੇ ਤੇ ਸਭ ਤੋਂ ਪਹਿਲਾਂ ਪੁੱਜਾਂ, ਕਬਰਸਤਾਨੇ, ਮਸੀਤੇ ਸਾਰੀ ਥਾਈਂਂ ਪੁੱਜ ਕੇ ਅਪੜਨਾ। ਨਾਲੇ ਜੋ ਮਦਦ ਹੋ ਸਕੀ ਬਿਤੋਂ ਵੱਧ ਕਰਣ ਦੀ ਆਦਤ ਬਣਾ ਲਈ। ਖ਼ੌਰੇ ਇਹ ਉਹ ਖੱਪਾ ਸੀ ਜਿਹੜਾ ਮੈਂ ਅਗਲੀ ਨਸਲ ਤੇ ਆਪਣੀ ਨਸਲ ਦੇ ਵਿਚਾਲੇ ਪੂਰਨਾ ਚਾਹੁੰਦਾ ਸਾਂ। ਮੈਨੂੰ ਚੰਗਾ ਨਾ ਹੁੰਦਿਆਂ ਵੀ ਚੰਗਾ ਬਣਨਾ ਪਿਆ, ਵਜ੍ਹਾ ਘਰ ਦਾ ਵੱਡਾ ਪੁਤ ਜੋ ਸਾਂ। ਉਹ ਭਲਾ ਹੋਇਆ ਕਿ ਰੱਬ ਨੇ ਸਾਨੂੰ ਭੈਣ ਨਹੀਂ ਦਿੱਤੀ, ਨਹੀਂ ਤਾਂ ਦਿਨੇਂ ਤਾਰੇ ਵਿਖਾ ਦੇਣੇ ਸਨ ਬਾਪ ਦੀਆਂ ਕਰਤੂਤਾਂ ਨੇਂ।
ਮਾਂ ਮੇਰੀ ਸਿੱਧੜ, ਤਿੰਨ ਸਾਲ ਪਹਿਲਾਂ ਈ ਗੁਜ਼ਰ ਗਈ। ਵਿਚਾਰੀ ਆਲ਼ੀ -ਭੋਲ਼ੀ ਜਿਹੀ। ਬੀਬੜੀ, ਉਹੀ ਸੀ ਜਿਹਨੇ ਏਸ ਨਾਲ਼ ਗੁਜ਼ਾਰਾ ਕੀਤਾ। ਹੋਰ ਕੋਈ ਹੁੰਦੀ ਤਾਂ ਤਜਰਬੇ ਤੌਰ ਮੈਂ ‘ਕਲਾ ਈ ਮਾਮਿਆਂ ਘਰੇ ਪਲ਼ਣਾ ਸੀ। ਇਸ ਕਦੇ ਉਫ਼ ਨਾ ਕੀਤੀ। ਇਹਦੀ ਹਰ ਚੰਗੀ ਮੰਦੀ ਗੱਲ ਵਿਚ ਹਾਂ ਨਾਲ਼ ਹਾਂ ਮਿਲਾਂਦੀ ਆਈ। ਜੇ ਕੱਦੀ ਕਿਸੇ ਜਨਾਨੀ ਨੇ ਪਿਓ ਦਾ ਉਲ੍ਹਾਮਾ ਦੇਣ ਆ ਜਾਣਾ ਤੇ ਅਗੋਂ ਕਹਿ ਦੇਣਾ- “ਜਾ ਨੀ ਭੈਣਾ ਮੇਰਾ ਖਸਮ ਤੇ ਸਾਊ ਐ, ਤੁਹਾਨੂੰ ਹੀ ਛੇੜਦਾ, ਤੁਸੀਂ ਛਿੜਨਾਂ ਚਾਉਂਦੀਆਂ ਉ” ਅਗਲੀ ਸ਼ਰਮੋ-ਸ਼ਰਮੀ ਚੁਪ ਕਰ ਕੇ ਤੁਰ ਜਾਂਦੀ।
ਬਾਕੀ ਸਾਰੇ ਭਰਾ ਤਾਂ ਵਿਆਹ ਕਰਦੇ ਗਏ ਤੇ ਨੌਕਰੀਆਂ-ਨਾਕਰੀਆਂ ਦੇ ਚੱਕਰਾਂ ਵਿਚ ਸ਼ਹਿਰੋਂ ਬਾਹਰ ਜਾ ਵਸੇ, ਫਸ ਮੈਂ ਗਿਆ। ਜੇਕਰ ਬੁੜ੍ਹੇ ਦੀ ਭੋਰਾ ਜਾਇਦਾਦ ਹੁੰਦੀ ਤਾਂ ਸਾਂਭਣ ਨੂੰ ਤਿਆਰ ਵੀ ਹੋ ਜਾਂਦੇ। ਪਿਓ ਦਾਦੇ ਦੀ ਜ਼ਮੀਨ ਨੂੰ ਇਕੋ ਬੁਰਕੀ ਨਾਲ਼ ਹੂੰਝ ਕੇ ਬੁੜ੍ਹਾ ਸਾਰੀ ਜਾਇਦਾਦ ਡਕਾਰ ਗਿਆ ਜਾਂ ਜਨਾਨੀਆਂ ‘ਤੇ ਖਰਚ ਕਰ ਦਿਤੀ ਜਾਂ ਸ਼ਰਾਬ ਪੀ ਲਈ। ਅਜਿਹੇ ਜੀਅ ਨੂੰ ਸਾਂਭਣਾ ਕਿੰਨਾ ਔਖਾ ਹੁੰਦਾ ਏ। ਉਤੋਂ ਜ਼ਨਾਨੀਆਂ। ਇਨ੍ਹਾਂ ਤੋਂ ਕਿਹੜੀ ਗੱਲ ਲੁਕੀ ਏ। ਸਾਰਾ ਕੱਚਾ-ਚੱਠਾ ਸ਼ਰੀਕਾਂ ਦਸ ਛੱਡਿਆ। ਭੋਰਾ ਇੱਜ਼ਤ ਕਰਦੀ ਸੀ ਮੇਰੀ ਬੀਵੀ ਨਵੇਂ ਨਵੇਂ, ਜਦੋਂ ਗੱਲਾਂ ਦਾ ਪਤਾ ਲੱਗਾ ਤਾਂ ਉਹ ਵੀ ਵਲਾਵਣ ਲੱਗ ਪਈ।
ਹੁਣ ਤਾਂ ਜਨਾਨੀ ਮੇਰੀ ਵੀ ਨੱਕੋ ਨੱਕ ਆਈ ਹੋਈ ਏ ਏਸ ਤੋਂ। ਮੇਰੇ ਟੱਬਰ ਸਣੇ ਤੇ ਨਾਲ਼ ਭਰਾਵਾਂ ਦੀਆਂ ਬੀਵੀਆਂ ਉਡੀਕਦੀਆਂ ਪਈਆਂ ਨੇਂ ਪਈ ਕਦੋਂ ਬੁੜ੍ਹਾ ਸਾਹ ਪੂਰੇ ਕਰੇ ਤਾਂ ਜਾਨ ਛੁੱਟੇ। ਜਦ ਵੀ ਮੇਰੀ ਸੱਸ ਬੁੜ੍ਹੇ ਦੀ ਬਿਮਾਰੀ ਦਾ ਸੁਣਦੀ ਏ, ਕੌੜਾ ਵੱਟਾ ਲਿਆ ਰੱਖਦੀ ਏ। ਚਾਰ ਵਾਰੀ ਹਸਪਤਾਲੋਂ ਮੁੜਿਆ, ਹਰ ਵਾਰੀ ਲੱਗਾ ਕਿ ਆਖ਼ਰੀ ਵਾਰ ਏ। ਪਰ ਬਾਬੇ ਹੋਰੀ ਨਹੀਂ ਜਾਂਦੇ, ਕਦੇ ਕਦੇ ਲਗਦਾ ਏ ਇਹਨੇ ਸਾਨੂੰ ਟੋਰ ਕੇ ਜਾਣਾ ਏ।
ਇੱਕ ਰਾਤੀਂ ਬੇ-ਟਾਇਮੀ ਲਾਇਟ ਤੁਰ ਗਈ, ਮੈਂ ਆਪਣੇ ਨਿੱਕੇ ਨੂੰ ਚੁੱਕ ਕੇ ਬਾਹਰ ਵੇਹੜੇ ਵਿਚ ਆ ਗਿਆ। ਵੇਹੜੇ ਡੱਠੀ ਪਿਓ ਦੀ ਮੰਜੀ ‘ਤੇ ਆ ਪੱਖਾ ਝੱਲਦਾ, ਬਿਜਲੀ ਵਾਲਿਆਂ ਦੀ ਮਾਂ ਭੈਣ ਇੱਕ ਕਰਦਾ ਬਹਿ ਗਿਆ। ਉਹ ਮੁੜ੍ਹਕੇ ਨਾਲ਼ ਭਿਜਾ ਉਸਲ -ਵੱਟੇ ਲਈ ਜਾਵੇ। ਬੜਾ ਈ ਤੰਗ। ਇੱਕ ਹੁੱਸੜ ਉਤੋਂ ਕੁੱਤੀ ਜਿਹੀ ਲੜੀ ਜਾਵੇ, ਮੌਸਮ ਵੀ ਭਾਦਰੋਂ।
ਬੁੜ੍ਹਾ ਆਖਣ ਲੱਗਾ-“ਜ਼ਰਾ ਕੁ ਪਾਣੀ ਤਾਂ ਪਾ ਦੇ”
ਮੈਨੂੰ ਵੱਟ ਚੜ੍ਹ ਗਈ। ਇੱਕ ਲਾਇਟ ਨੇ ਤੰਗ ਕੀਤਾ ਉਤੋਂ ਇਹ ਜਨਾਬ ਹੁਕਮ ਚਲਾਣ ਨੂੰ। ਜੇ ਥੋੜ੍ਹੀ ਦੇਰ ਬੈਠਾ ਤਾਂ ਮੇਰੀ ਬੀਵੀਂ ਦੀਆਂ ਸ਼ਿਕਾਇਤਾਂ ਦੀ ਟੇਪ ਚਲਾ ਦੇਣੀ ਏ ਇਹਨੇ।
ਇਕ ਰਾਤ ਦਾ ਸਮੁੰਦਰ – ਜਸਬੀਰ ਭੁੱਲਰ
ਮੈਂ ਆਪਣੇ ਨਿੱਕੇ ਨੂੰ ਬੁੜ੍ਹੇ ਦੇ ਪਵਾਂਦੀ ਲੰਮਾ ਪਾ ਕੇ ਵਰਾਂਡੇ ਪਈ ਫ਼ਰਿਜ ਵਿਚੋਂ ਪਾਣੀ ਲੈਣ ਤੁਰ ਗਿਆ। ਨ੍ਹੇਰੇ ਵਿਚ ਦਿਸੇ ਈ ਕੁਝ ਨਾ। ਆਪਣੀ ਮੰਜੀ ਤੋਂ ਮੁਬਾਇਲ ਟੋਹ ਕੇ ਲੱਭਾ ਤੇ ਮੁੜ ਉਸ ਦੇ ਚਾਨਣ ਵਿਚ ਮੈਂ ਪਾਣੀ ਦੀ ਬੋਤਲ ਲੈ ਕੇ ਵਰਾਂਡੇ ਵੱਲ ਪਰਤਿਆ।
ਕੀ ਵੇਖਦਾਂ, ਬਾਬਾ ਖ਼ੌਰੇ ਕਿੰਨੀ ਕੁ ਹਿੰਮਤ ਕਰ ਕੇ ਉਕੜੂੰ ਬਹਿ ਕੇ ਆਪਣੀ ਪੱਗ ਦਾ ਪੱਖਾ ਬਣਾ ਕੇ ਪੋਤੇ ਨੂੰ ਝੱਲ ਮਾਰੀ ਜਾਂਦਾ ਏ। ਮੈਨੂੰ ਸਮਝ ਨਾ ਆਵੇ, ਬਾਬਾ ਮੰਜੀ ‘ਤੇ ਉਕੜੂੰ ਕਿੰਜ ਹੋ ਗਿਆ। ਉਹ ਤਾਂ ਰੋਗੀ ਏ, ਚੂਲੇ ਵਿਚਾਲੇ ਦੀ ਹੱਡੀ ਨੇ ਉਸ ਨੂੰ ਬੈਠਣੋਂ ਵੀ ਆਤਰ ਕਰ ਛੱਡਿਆ ਏ। ਪਾਣੀ ਵੀ ਉਸ ਨੂੰ ਸਹਾਰਾ ਦੇ ਕੇ ਪਿਉਣਾ ਪੈਂਦਾ ਏ। ਖ਼ੌਰੇ ਕਿੰਨੀ ਕੁ ਤਕਲੀਫ਼ ਜਰ ਕੇ ਉਸ ਨੇ ਆਪਣੇ ਆਪ ਨੂੰ ਸਹਾਰਾ ਦੇ ਕੇ ਸਿਰਹਾਣੇ ਪਈ ਪੱਗ ਦਾ ਪੱਖਾ ਬਣਾ ਕੇ ਮੇਰੇ ਪੁੱਤਰ ਨੂੰ ਝੱਲ ਮਾਰਨ ਦੀ ਖੇਚਲ਼ ਕੀਤੀ ਏ।
ਇਹ ਵੇਹਦੇਆਂ ਮੇਰੀ ਅੱਖਾਂ ਤੱਰ ਹੋ ਗਈਆਂ। ਮੈਂ ਨੱਸ ਕੇ ਬੁੜ੍ਹੇ ਨੂੰ ਸਹਾਰਾ ਦਿੱਤਾ ਤੇ ਪਾਣੀ ਉਸ ਦੇ ਮੂੰਹ ਨੂੰ ਲਾਇਆ। ਪਾਣੀ ਪਿਆ ਕੇ ਮੈਂ ਆਸਰਾ ਦੇ ਕੇ ਉਸ ਨੂੰ ਲੰਮਿਆਂ ਪਾ ਦਿੱਤਾ। ਮੇਰਾ ਕਾਕਾ ਵੀ ਹੁਣ ਰੋਣੋਂ ਬੱਸ ਹੋ ਗਿਆ ਸੀ। ਥੋੜ੍ਹੀ ਜਿਹੀ ਝੱਲ ਨੇ ਉਹਨੂੰ ਥੋੜ੍ਹੇ ਕੂ ਚਿਰ ਲਈ ਸਕੂਨ ਦਿੱਤਾ ਸੀ।
ਪਿਓ ਕਹਿਣ ਲੱਗਾ-“ਇਹਨੂੰ ਮੇਰੇ ਸਰ੍ਹਾਂਦੀ ਪਾ, ਮੈਂ ਝੱਲ ਮਾਰ ਦਿਆਂ”।
ਏਨੀ ਗੱਲ ਸੀ ਕਿ ਮੈਂ ਆਪਣੇ ਪਿਓ ਦੇ ਗਲੇ ਲੱਗ ਕੇ ਧਾਈਂ ਮਾਰ ਕੇ ਰੋ ਪਿਆ। ਉਹ ਮੈਨੂੰ ਆਖੀ ਜਾਵੇ।
“ਕੀ ਹੋਇਆ ਪੁੱਤ ਜੱਜ?”
“ਅੱਬਾ ਕੁਝ ਨਹੀਂ, ਮੈਨੂੰ ਜੱਜ ਨਾ ਆਖ, ਮੈਂ ਜੱਜ ਨਹੀਂ ਅੱਬਾ, ਮੈਂ ਤੇ ਮੁਜਰਮ ਹਾਂ, ਦੇਣਦਾਰ ਹਾਂ, ਮੈਨੂੰ ਜੱਜ ਨਾ ਆਖ”
ਮੈਂ ਅੱਖਾਂ ਪੂੰਝਦਾ ਦਾਦੇ ਪੋਤੇ ਨੂੰ ਝੱਲ ਮਾਰਣ ਲੱਗ ਪਿਆ। ਮੈਨੂੰ ਇੰਝ ਲੱਗਾ ਹੁਣ ਮੇਰਾ ਇੱਕ ਪੁਤਰ ਨਹੀਂ ਦੋ ਪੁਤ ਨੇਂ
E-mail : asifkarachi05@gmail.com