ਆਗਰਾ : ਤਾਜ ਮਹਿਲ ਜਿਹੜਾ ਕਿ ਮੁਹੱਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਦੀ ਹਸਤੀ ਬੁਰੀ ਤਰਾਂ ਖਤਰੇ ਵਿਚ ਹੈ। ਆਲੇ ਦੁਆਲ ਦੇ ਹਵਾ ਤੇ ਪਾਣੀ ਦੇ ਪਲੀਤ ਹੋਣ ਨੇ, ਇਸ ਵਿਚ ਥਾਂ ਥਾਂ ਦਰਾੜਾਂ ਪਾ ਦਿੱਤੀਆਂ ਹਨ, ਜਿਸ ਕਰ ਕੇ ਪੁਰਾਤੱਤਵ ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਤਾਜ ਮਹਿਲ ਕਿਸੇ ਵੀ ਸਮੇਂ ਡਿੱਗ ਪਵੇ।
ਇਸ ਦੀਆਂ ਨੀਂਹਾਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਤੇ ਸ਼ਾਹਜਹਾਨ ਦੇ ਸਮੇਂ ਦੇ ਵਸਿਆ ਤਾਰਾਗੰਜ ਇਲਾਕਾ ਵੀ ਖਤਰੇ ਵਿਚ ਆ ਗਿਆ ਹੈ। ਮੀਨਾਰਾਂ ਦੇ ਉਪਰਲੇ ਹਿੱਸੇ ਟੁੱਟ ਰਹੇ ਹਨ ਤੇ ਉਨਾਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਨਾਕਾਫੀ ਹਨ।
ਉਧਰ ਆਪਣੀ ਕੱਟੜਵਾਦ ਵਿਚਾਰਧਾਰਾ ਲਈ ਜਾਣੇ ਜਾਂਦੇ ਉਤਰ ਪ੍ਰੇਦਸ਼ ਦੇ ਮੁੱਖ ਮੰਤਰੀ ਕਹਿ ਚੁੱਕੇ ਹਨ ਕਿ ਤਾਜ ਮਹਿਲ ਭਾਰਤ ਦੀ ਵਿਰਾਸਤ ਨਹੀਂ ਹੈ। ਤਾਜ ਮਹਿਲ ਨੂੰ ਦੁਨੀਆਂ ਦੇ ਸੱਤ ਅਜੂਬਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਨੂੰ ਯੂਨੈਸਕੋ ਵੱਲੋਂ ਸੰਸਾਰ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਯਮੁਨਾ ਦੇ ਕੰਢੇ ਹੋਣ ਕਰਕੇ ਇੱਥੇ ਮੱਖੀਆਂ ਤੇ ਕੀੜੇ ਮਕੌੜਿਆਂ ਦੀ ਬਹੁਤਾਤ ਹੈ ਜਿਹੜੇ ਕਿ ਤਾਜ ਮਹਿਲ ਦੇ ਸੰਗਮਰਮਰ ਨੂੰ ਬਦਰੰਗ ਕਰ ਰਹੇ ਹਨ। ਤਾਜ ਮਹਿਲ ਦੇ ਨਾਲ ਇਕ ਸ਼ਮਸ਼ਾਨਘਾਟ ਵੀ ਹੈ ਜਿੱਥੇ ਕਿ 20 ਮੁਰਦੇ ਰੋਜ਼ ਸਾੜੇ ਜਾਂਦੇ ਹਨ ਉਨਾਂ ਦਾ ਧੂੰਆਂ ਵੀ ਸਿੱਧਾ ਤਾਜ ਮਹਿਲ ‘ਤੇ ਪੈਂਦਾ ਹੈ। ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਦੁਨੀਆਂ ਦਾ ਇਹ ਅਜੂਬਾ ਬੀਤੇ ਦੀ ਗੱਲ ਹੋ ਸਕਦਾ ਹੈ।