ਸੁਰਿੰਦਰ ਕੋਛੜ
ਗੁਰੂ ਨਗਰੀ ਅੰਮ੍ਰਿਤਸਰ ਦੀ ਧਾਰਮਿਕ ਮਹੱਤਤਾ ਦੇ ਕਾਰਨ ਪਿਛਲੇ ਸਮਿਆਂ ਵਿਚ ਸ਼ਹਿਰ ‘ਚ 222 ਦੇ ਕਰੀਬ ਧਰਮਸ਼ਾਲਾਵਾਂ ਮੌਜੂਦ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸ਼ਹਿਰ ਦੇ ਰਈਸਾਂ, ਉਦਾਸੀ ਤੇ ਨਿਰਮਲੇ ਮਹੰਤਾਂ, ਮਿਸਲਾਂ ਦੇ ਸਰਦਾਰਾਂ, ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੁਆਰਾ ਉਸਾਰੀਆਂ ਗਈਆਂ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਉਸਾਰੇ ਬੁੰਗਿਆਂ ਵਾਂਗ ਇਨ੍ਹਾਂ ‘ਚ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਯਾਤਰੂਆਂ ਦੀ ਅਸਥਾਈ ਰਿਹਾਇਸ਼ ਦਾ ਬੰਦੋਬਸਤ ਕੀਤਾ ਜਾਂਦਾ ਸੀ। ਉਪਰੋਕਤ ਵਿਚੋਂ 70 ਦੇ ਕਰੀਬ ਧਰਮਸ਼ਾਲਾਵਾਂ ਅੱਜ ਵੀ ਮੌਜੂਦ ਹਨ, ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਦੇ ਪ੍ਰਬੰਧਕਾਂ ਤੇ ਟਰੱਸਟੀਆਂ ਵਿਚ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਜ਼ਿਆਦਾਤਰ ਧਰਮਸ਼ਾਲਾਵਾਂ ਬੰਦ ਹਨ ਅਤੇ ਬਾਹਰੋਂ ਆਏ ਯਾਤਰੂਆਂ ਲਈ ਪੂਰੀ ਤਰ੍ਹਾਂ ਨਾਲ ਬੇਫ਼ਾਇਦਾ ਸਾਬਤ ਹੋ ਰਹੀਆਂ ਹਨ। ਭਾਰਤੀ ਕਾਨੂੰਨ ਦੇ ਸਰਾਂ ਐਕਟ ਦੇ ਚਲਦਿਆਂ ਇਨ੍ਹਾਂ ਸਰਾਵਾਂ ਦੇ ਵਪਾਰਕ ਜਾਂ ਨਿੱਜੀ ਉਦੇਸ਼ ਹਿਤ ਇਸਤੇਮਾਲ ਕਰਨ ‘ਤੇ ਲਗਾਈ ਗਈ ਮਨਾਹੀ ਦੇ ਚਲਦਿਆਂ ਇਨ੍ਹਾਂ ਵਿਚੋਂ ਬਹੁਤੀਆਂ ਸਰਾਵਾਂ ਦੇ ਬਾਹਰ ਤਾਲੇ ਲੱਗ ਚੁੱਕੇ ਹਨ। ਉਪਰੋਕਤ ਵਿਚੋਂ ਸ਼ਹਿਰ ਦੇ ਹਾਲ ਬਾਜ਼ਾਰ ਤੇ ਕੋਰਟ ਰੋਡ ਸਥਿਤ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਰਾਵਾਂ ਮਹਿਕਮਾ ਔਕਾਫ਼ ਬੋਰਡ ਦੇ ਅਧੀਨ ਹਨ ਅਤੇ ਇਨ੍ਹਾਂ ਵਿਚ ਕਿਰਾਏਦਾਰ ਰਹਿ ਰਹੇ ਹਨ। ਸ੍ਰੀ ਦਰਬਾਰ ਸਾਹਿਬ ਦੇ ਨਾਲ ਲਗਦੇ ਬਾਜ਼ਾਰਾਂ, ਕਵਿੰਜ਼ ਰੋਡ ਅਤੇ ਰੇਲਵੇ ਸਟੇਸ਼ਨ ਦੇ ਪਾਸ ਮੌਜੂਦ ਧਰਮਸ਼ਾਲਾਵਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਉਪਰੋਕਤ ਵਿਚੋਂ ਮਾਹਣਾ ਸਿੰਘ ਰਾਮਗੜ੍ਹੀਆ ਦੀ ਧਰਮਸ਼ਾਲਾ ‘ਚ ਲੜਕੀਆਂ ਦਾ ਗੁਰੂ ਤੇਗ਼ ਬਹਾਦਰ ਕਾਲਜ ਫ਼ਾਰ ਗਰਲਜ਼ ਸੇਵਾਵਾਂ ਦੇ ਰਿਹਾ ਹੈ, ਜਦੋਂ ਕਿ ਹਾਲ ਦਰਵਾਜ਼ੇ ਦੇ ਬਾਹਰ ਮੌਜੂਦ ਸੰਤ ਰਾਮ ਸਪਰਾ ‘ਕੱਪੜੇ ਵਾਲੇ’ ਦੀ ਸਰਾਂ, ਜਿਸ ਨੂੰ ਵੇਖਣ ਲਈ ਲਈ ਸੰਨ 1876 ‘ਚ ਪ੍ਰਿੰਸ ਆਫ਼ ਵੇਲਜ਼ ਵਿਸ਼ੇਸ਼ ਤੌਰ ‘ਤੇ ਪਹੁੰਚਿਆ ਸੀ, ਨਾਜਾਇਜ਼ ਕਬਜ਼ਿਆਂ ਦੇ ਚੱਲਦਿਆਂ ਆਪਣੀ ਸ਼ਾਨ ਤੋਂ ਪੂਰੀ ਤਰ੍ਹਾਂ ਨਾਲ ਵਾਂਝੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਲੋਹਗੜ੍ਹ ਦਰਵਾਜ਼ੇ ਦੇ ਕੋਲ ਧਰਮਸ਼ਾਲਾ ਦਰਜੀਆਂ, ਮਾਈ ਕਰਮਾਂ, ਦਿਲਬਾਗ਼ ਰਾਏ, ਗੁਰਮੁਖ ਦਾਸ, ਘੁਮਿਆਰਾਂ, ਖੱਤਰੀਆਂ ਵਾਲੀ, ਖਟੀਕਾਂ ਵਾਲੀ, ਘਨਈਆ ਵਾਲੀ, ਮਾਈ ਗੁਜਰੀ, ਸੁਨਿਆਰਿਆਂ ਵਾਲੀ, ਬਾਵੇ ਬੇਦੀਆਂ ਵਾਲੀ ਅਤੇ ਧਰਮਸ਼ਾਲਾ ਚੁਬੱਚੇ ਵਾਲੀ, ਆਬਾਦੀ ਕਟੜਾ ਬਾਘ ਸਿੰਘ ਵਿਚ ਧਰਮਸ਼ਾਲਾ ਹੀਰਾ ਦਾਸੀਆਂ ਵਾਲੀ, ਭਾਈ ਸਾਲੋ ਵਾਲੀ, ਕਰਮ ਚੰਦ ਵਾਲੀ ਤੇ ਧਰਮਸ਼ਾਲਾ ਨਾਈਆਂ ਵਾਲੀ, ਕਟੜਾ ਦੇਵਾ ਸਿੰਘ ਵਿਚ ਧਰਮਸ਼ਾਲਾ ਭਾਈ ਸੁਮੇਰ ਸਿੰਘ ਵਾਲੀ, ਮਾਈ ਧਰਮੋਂ ਵਾਲੀ, ਕਟੜਾ ਜੱਟਾਂ ਵਿਚ ਧਰਮਸ਼ਾਲਾ ਸਾਧੂ ਸਿੰਘ ਵਾਲੀ, ਸੁਥਰਿਆਂ ਵਾਲੀ, ਹਰੀ ਸਿੰਘ ਵਾਲੀ ਅਤੇ ਧਰਮਸ਼ਾਲਾ ਦੇਵੀ ਸਹਾਇ ਵਾਲੀ, ਕਟੜਾ ਖ਼ਜ਼ਾਨਾ ਵਿਚ ਧਰਮਸ਼ਾਲਾ ਭਾਈ ਮਾਨ ਸਿੰਘ ਨਿਰਮਲੇ, ਟੇਕ ਚੰਦ ਵਾਲੀ ਤੇ ਟੀਕਾ ਨਾਥ ਵਾਲੀ, ਕਟੜਾ ਗਿਆਨੀਆਂ ਵਿਚ ਧਰਮਸ਼ਾਲਾ ਸੋਢੀਆਂ ਵਾਲੀ, ਬਾਜ਼ਾਰ ਜਮਾਂਦਾਰਾਂ ਵਿਚ ਧਰਮਸ਼ਾਲਾ ਬੋਤੇ ਸ਼ਾਹ ਵਾਲੀ, ਗੁਰੂ ਕੇ ਮਹਿਲ ਵਿਚ ਧਰਮਸ਼ਾਲਾ ਬਾਘ ਸਿੰਘ ਵਾਲੀ, ਕਟੜਾ ਪਰਜਾ ਵਿਚ ਧਰਮਸ਼ਾਲਾ ਅਚਾਰਜਾਂ ਵਾਲੀ ਅਤੇ ਭਾਈ ਨਿੱਕਾ ਸਿੰਘ ਨਿਰਮਲਾ, ਕਟੜਾ ਆਹਲੂਵਾਲੀਆ ਵਿਚ ਧਰਮਸ਼ਾਲਾ ਧਰਮ ਸਿੰਘ ਪਿਸ਼ੌਰੀਆ, ਮਾਈ ਸਰੂਪੀ, ਗੱਜਣ ਸ਼ਾਹ, ਕਟੜਾ ਜਲ੍ਹੇਵਾਲੀਆਂ ਵਿਚ ਭਾਈ ਆਸਾ ਸਿੰਘ, ਸਵਾਇਆ ਸਿੰਘ ਪਿਸ਼ੌਰੀਆ, ਗੋਪਾਲ ਸਿੰਘ, ਹਜ਼ਾਰੇ ਵਾਲਿਆਂ, ਬਾਗ ਰਾਮਾਨੰਦ ਸ਼ਾਹੂਕਾਰ, ਚੰਦਾ ਸਿੰਘ ਬਰਕਤ ਸਿੰਘ, ਰਾਮ ਸਿੰਘ ਕੋਤਵਾਲ, ਸਰਬੰਗੀਆਂ, ਜੋਗੀਆਂ ਵਾਲੀ, ਬਾਗ ਜਲ੍ਹੇਵਾਲੀਆਂ, ਖੱਤਰੀਆਂ ਨੂਰਮਹਿਲੀਆਂ, ਚੰਦਾ ਸਿੰਘ ਨੂਰਪੁਰੀਆ, ਮਥਰਾ ਦਾਸ, ਬ੍ਰਹਮ ਦਾਸ, ਭਾਈ ਰਤਨ ਸਿੰਘ, ਮੇਹਰ ਸ਼ਾਹ, ਕਾਹਨ ਸਿੰਘ ਪਿਸ਼ੌਰੀਆ, ਬ੍ਰਹਮਨਿਜ ਰੂਪ, ਬ੍ਰਹਮ ਹਜ਼ੂਰੀ, ਖ਼ੁਸ਼ੀ ਸ਼ਾਹ, ਬਾਬਾ ਗੋਪਾਲ ਸਿੰਘ, ਦਯਾ ਰਾਮ, ਸਰਬਲੋਹੀਆਂ ਅਤੇ ਧਰਮਸ਼ਾਲਾ ਭਾਈ ਮੁਬਾਰਕ ਸਿੰਘ ਨਿਰਮਲਾ।