ਜਦੋਂ ਝੋਟਾ ਟੋਭੇ ਦੇ ਪਾਣੀ ਵਿਚ ਦੁਪਹਿਰਾ ਕੱਟ ਲੈਂਦਾ ਤਾਂ ਉਸ ਦਾ ਪਹੀ ਵਿਚ ਲਿਟਣ ਨੂੰ ਜੀਅ ਕਰਦਾ। ਨਾਲੇ ਪਹੀ ਵਿਚ ਲਿਟ ਕੇ ਝੋਟੇ ਦੇ ਪਿੰਡੇ ਦੀ ਸਾਰੀ ਖਾਜ ਹਟ ਜਾਂਦੀ ਐ ਜਿਵੇਂ ਖਰਖਰਾ ਫੇਰ ਦਿੱਤਾ ਹੋਵੇ।
ਮੇਰਾ ਵੀ ਝੋਟੇ ਵਾਂਗ ਬੜੀ ਦੇਰ ਤੋਂ ਪਹੀ ਵਿਚ ਲਿਟਣ ਨੂੰ ਜੀਅ ਕਰ ਰਿਹਾ ਸੀ ਪਰ ਹੁਣ ਕਿਤੇ ਜਾ ਕੇ ਸਬੱਬ ਬਣਿਆ। ਲੈ ਬਈ ਲੰਡੇ ਚਿੜਿਆਂ ਦੀ ਉਡਾਰੀ ਚ ਆਪਾਂ ਨੇ ਪਹੀ ਚ ਲਿਟਣ ਆਲੀ ਕੋਈ ਕਸਰ ਨੀ ਛੱਡੀ। ਇਹ ਕਿਤਾਬ ਲੰਡੇ ਚਿੜਿਆਂ ਦੀਆਂ ਲੰਡੀਆਂ ਗੱਲਾਂ ਨਾਲ ਭਰੀ ਪਈ ਐ ਜਿਵੇਂ ਕਮੇਟੀ ਆਲੇ ਸਾਰੇ ਸ਼ਹਿਰ ਦਾ ਕੂੜਾ ਟਰਾਲੀ ਚ ਭਰ ਕੇ ਲਈ ਜਾ ਰਹੇ ਹੁੰਦੇ ਐ।
ਆਪਣੇ ਆਪ ਨੂੰ ਵੱਡੇ ਵਿਚਾਰਵਾਨ, ਖੱਬੀਖਾਨ, ਫਿਲਾਸਫਰ, ਸ਼੍ਰੋਮਣੀ ਸਹਿਤਕਾਰ, ਪਦਮ ਸ੍ਰੀ ਤੇ ਹੋਰ ਪਤਾ ਨੀ ਕਿਹੜੀ ਕਿਹੜੀ ਸ੍ਰੀ ਜਿਨ੍ਹਾਂ ਦੇ ਨਾਂ ਨਾਲ ਲਗਦੀ ਐ, ਉਹ ਇਸ ਕਿਤਾਬ ਦੇ ਨੇੜੇ ਨੂੰ ਵੀ ਨਾ ਲੰਘਣ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਯੂਨੀਵਰਸਿਟੀ ਪੱਧਰ ਦੀ ਮਿਆਰੀ ਲੇਖਣੀ ਨੁਕਸਾਨੀ ਜਾ ਸਕਦੀ ਐ।
ਇਹ ਕਿਤਾਬ ਉਨ੍ਹਾਂ ਵਾਸਤੇ ਐ ਜਿਨ੍ਹਾਂ ਦਾ ਮਿਆਰ ਐਦਾਂ ਡਿੱਗਿਆ ਹੋਇਆ ਜਿਵੇਂ ਲੰਬੜਦਾਰਾਂ ਦਾ ਕੱਟਾ ਖੂਹ ਚ ਡਿੱਗਿਆ ਹੁੰਦਾ। ਮੇਰੇ ਖਿਆਲ ਚ ਆਪਣੇ ਪੰਜਾਬ ਚ ਖੂਹ ਚ ਡਿੱਗਣਾ ਹੀ ਸਭ ਤੋਂ ਡੂੰਘਾਈ ਆਲਾ ਮੁਹਾਵਰਾ, ਜੇ ਕੋਈ ਹੋਰ ਉਸ ਤੋਂ ਵੀ ਵੱਧ ਡਿੱਗੇ ਹੋਏ ਮਿਆਰ ਨੁੂੰ ਪ੍ਰਗਟਾਉਂਦਾ ਹੋਵੇ ਤਾਂ ਉਹ ਦੱਸ ਦੇਣਾ ਆਪਾਂ ਉਹ ਮੁਹਾਵਰਾ ਵੀ ਲਾ ਦੇਵਾਂਗੇ।
ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਇਸ ਕਿਤਾਬ ਚ ਆਪਣੇ ਟੱਬਰ ਦੀ ਖਾਸ ਕਰਕੇ ਬਾਬੇ ਦੀ ਮਹਾਨਤਾ ਬਾਰੇ ਜਿਹੜਾ ਚਾਨਣਾ ਪਾਇਆ, ਉਹ ਇਕ ਪੋਤਾ ਹੀ ਪਾ ਸਕਦਾ ਸੀ। ਜੇ ਕਿਤੇ ਬਾਬਾ ਅੱਜ ਆ ਜਾਵੇ ਤੇ ਲਿਖਿਆ ਪੜ੍ਹ ਲਵੇ, ਉਹ ਕਹੇਗਾ
ਮ੍ਹਾਨੂੰ ਤੇਪਾ ਘਰ ਕੇ ਪਾਲ਼ੇ ਬਲੂੰਗੜੇ ਬਰਗਾ ਮਾਣ ਰਹੇਗਾ, ਜਿਹੜਾ ਬੜਾ ਹੋ ਕੈ ਆਪਣੇ ਘਰ ਕੈ ਚੂਹੇ ਈ ਸਾਫ ਕਰੀ ਜਾਹਾ।
ਬਈ ਇਹ ਕਿਤਾਬ ਮੈਂ ਧਰਤੀ ਹੇਠਲੇ ਬੌਲਦ ਵਰਗੇ ਆਪਣੇ ਦੋਸਤ ਆਈਸੈਕ ਪਾਲ ਦੇ ਨਾਂ ਕੀਤੀ ਐ। ਬੜਾ ਔਖਾ ਉਸ ਵਰਗਾ ਹੋਣਾ। ਉਸ ਦੇ ਕਲਾਵਿਆਂ ਚੋਂ ਘੁਲਾੜੀ ਦੇ ਤੱਤੇ ਗੁੜ ਵਰਗੀ ਮਹਿਕ ਆਉਂਦੀ ਐ। ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਕੇਰਲਾ ਕੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਮੇਰੇ ਲਈ ਆਈਸੈਕ ਹੀ ਕੇਰਲਾ ਹੈ ਤੇ ਕੇਰਲਾ ਹੀ ਆਈਸੈਕ
Dedicated to my loving Malyali friend Issac Paul. In this world friends are every where but friends like issac paul are really rare.Dear i feel lack of words to say something about your charming personality.
ਇਸ ਕਿਤਾਬ ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ, ਧੁਰ ਉਤਰ ਪੂਰਬ ਅਗਰਤਲਾ, ਗੁਹਾਟੀ, ਸ਼ਿਲੌਂਗ, ਕੇਰਲਾ, ਕਨੂਰ, ਬੰਬੇ, ਬੰਗਲੌਰ, ਜੈਸਲਮੇਰ ਦੇ ਥਲਾਂ,ਗੋਆ ਦੇ ਗੋਤਿਆਂ, ਖੁਜਰਾਹੋਂ ਦੇ ਮੰਦਰਾਂ ਤੋਂ ਲੈ ਕੇ, ਤੀਵੀਂਆਂ ਦੇ ਦੇਸ਼ ਭੂਟਾਨ ਦੇ ਸਫਰਾਂ ਦੀ ਕਹਾਣੀ ਆਪਾਂ ਨੇ ਅੱਕ ਦੇ ਪੱਤਿਆਂ ਬਰਗੇ ਲਫ਼ਜ਼ਾਂ ਚ ਪੇਸ਼ ਕੀਤੀ ਐ। ਜਿਹਦੇ ਚ ਅੱਕ ਚੱਬਣ ਦਾ ਜੇਰਾ ਹੋਵੇ ਉਹੀ ਕਿਤਾਬ ਪੜ੍ਹ ਸਕਦਾ।
ਇਸ ਕਿਤਾਬ ਚ ਨਚਾਰਾਂ, ਲੇਖਕਾਂ, ਜੱਟਾਂ ਬਾਰੇ ਲੰਡੂ ਲੇਖ ਵੀ ਸ਼ਾਮਲ ਹਨ।
ਜਿਹੜੇ ਧੁਰ ਤੋਂ ਹੀ ਲੰਡੇ ਹੋਣ ਦਾ ਪਟਾ ਲਿਖਾ ਕੇ ਲਿਆਏ ਐ, ਉਹ ਆ ਕੇ ਲੰਡੇ ਚਿੜਿਆਂ ਨਾਲ ਉਡ ਸਕਦੇ ਐ।