ਪ੍ਰਾਚੀਨ ਕਾਲ ’ਚ ਮਾਂ-ਪਿਓ ਦੇ ਇਕ ਹੀ ਹੁਕਮ ’ਤੇ ਔਲਾਦਾਂ ਸਭ ਕੁਝ ਕਰਨ ਨੂੰ ਤਿਆਰ ਰਹਿੰਦੀਅਾਂ ਸਨ ਪਰ ਅੱਜ ਜ਼ਮਾਨਾ ਬਦਲ ਗਿਆ ਹੈ ਅਤੇ ਬੱਚੇ ਮਾਂ-ਪਿਓ ਵਲੋਂ ਬੇਮੁਖ ਹੁੰਦੇ ਜਾ ਰਹੇ ਹਨ। ਅਕਸਰ ਅਜਿਹੇ ਬਜ਼ੁਰਗ ਮੇਰੇ ਕੋਲ ਆਪਣਾ ਦੁੱਖੜਾ ਪ੍ਰਗਟਾਉਣ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੀਅਾਂ ਦੁੱਖ ਭਰੀਅਾਂ ਗੱਲਾਂ ਸੁਣ ਕੇ ਮਨ ਰੋ ਉੱਠਦਾ ਹੈ। ਹੁਣੇ-ਹੁਣੇ ਅਜਿਹੀਅਾਂ 3 ਘਟਨਾਵਾਂ ਸਾਹਮਣੇ ਆਈਅਾਂ ਹਨ :
ਪਹਿਲੀ ਘਟਨਾ ਬਿਹਾਰ ’ਚ ਪਟਨਾ ਦੇ ਬਿਹਟਾ ਦੀ ਹੈ, ਜਿਥੇ 19 ਜੁਲਾਈ ਨੂੰ ਮੁਨਾਰਿਕ ਰਾਏ ਨਾਂ ਦੇ ਬਜ਼ੁਰਗ ਵਲੋਂ ਪੈਨਸ਼ਨ ’ਚੋਂ ਹਿੱਸਾ ਨਾ ਦੇਣ ’ਤੇ ਨਾਰਾਜ਼ ਬੇਟੇ ਅਵਧੇਸ਼ ਰਾਏ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਫਿਰ ਪਿਓ ਤੇ ਮਾਂ ਦੋਹਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਵੀ ਉਨ੍ਹਾਂ ’ਤੇ ਤਿੱਖੇ ਹਥਿਆਰ ਨਾਲ ਵਾਰ ਕੀਤੇ।
ਦੂਜੀ ਘਟਨਾ ਬੰਗਾਲ ਦੇ ਬਾਲੂਰਘਾਟ ਸ਼ਹਿਰ ਨਾਲ ਲੱਗਦੇ ਬੜੋ ਕਾਸ਼ੀਪੁਰ ਕਸਬੇ ਦੀ ਹੈ, ਜਿਥੇ 20 ਨਵੰਬਰ ਨੂੰ 2 ਬੇਟਿਅਾਂ ਨੇ 2 ਵਿੱਘਾ ਜ਼ਮੀਨ ਆਪਣੇ ਨਾਂ ਲਿਖਵਾਉਣ ਲਈ ਆਪਣੀ ਬਜ਼ੁਰਗ ਮਾਂ ਮਨੋਰਮਾ ਅਤੇ ਪਿਓ ਕਾਮਾਖਿਆ ਤਾਲੁਕਦਾਰ ਨੂੰ ਕਮਰੇ ’ਚ ਬੰਦ ਕਰ ਕੇ ਉਨ੍ਹਾਂ ਦੇ ਸਰੀਰ ’ਤੇ ਗਰਮ ਅਤੇ ਠੰਡਾ ਪਾਣੀ ਪਾ ਕੇ ਉਨ੍ਹਾਂ ਨੂੰ ਟਾਰਚਰ ਕਰਨ ਤੋਂ ਬਾਅਦ ਗਲਾ ਵੱਢ ਕੇ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ।
ਸੂਚਨਾ ਮਿਲਣ ’ਤੇ ਪੁਲਸ ਨੇ ਦਰਵਾਜ਼ਾ ਤੋੜ ਕੇ ਬਜ਼ੁਰਗ ਜੋੜੇ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਉਥੋਂ ਕੱਢ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ।
ਅਜਿਹੀ ਹੀ ਇਕ ਹੋਰ ਘਟਨਾ ’ਚ 20 ਦਸੰਬਰ ਨੂੰ ਕੇਰਲ ਦੇ ਥਿਰੂਨਵਾਯਾ ਪਿੰਡ ’ਚ ਰਹਿਣ ਵਾਲੀ ਪਥੁਮਾ ਨਾਂ ਦੀ 68 ਸਾਲਾ ਵਿਧਵਾ ਔਰਤ ਨੇ ਰਾਜ ਮਹਿਲਾ ਕਮਿਸ਼ਨ ’ਚ ਆਪਣੇ ਬੇਟੇ ਸਿੱਦੀਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਾਇਦਾਦ ਸਬੰਧੀ ਝਗੜੇ ਕਾਰਨ ਉਸ ਨੂੰ ਤੰਗ-ਪ੍ਰੇਸ਼ਾਨ ਅਤੇ ਅਪਮਾਨਿਤ ਕਰਨ ਲਈ ਨੀਚਤਾ ਦੀਅਾਂ ਸਾਰੀਅਾਂ ਹੱਦਾਂ ਪਾਰ ਕਰਦਿਅਾਂ ਉਸ ਨੇ ਜਿਊਂਦੇ-ਜੀਅ ਹੀ ਉਸ ਦੀ ਕਬਰ ਪੁੱਟ ਦਿੱਤੀ ਹੈ।
ਸਿੱਦੀਕ ਨੇ ਇਹ ਕਬਰ ਆਪਣੇ ਘਰ ਦੇ ਨਾਲ ਲੱਗਦੇ ਪਲਾਟ ’ਚ ਬਣਾਈ ਹੈ। ਉਹ ਕਬਰ ’ਤੇ ਲਾਉਣ ਲਈ ਪੱਥਰ ਵੀ ਲੈ ਆਇਆ ਅਤੇ ਉਥੇ ਇਕ ਬੋਰਡ ਵੀ ਲਾ ਦਿੱਤਾ ਕਿ ‘‘ਇਹ ਕਬਰ ਮੇਰੀ ਮਾਂ ਲਈ ਹੈ।’’ ਪੁਲਸ ਨੇ ਸਿੱਦੀਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਉਕਤ ਘਟਨਾਵਾਂ ਇਸ ਕੌੜੇ ਤੱਥ ਦਾ ਸਬੂਤ ਹਨ ਕਿ ਅੱਜਕਲ ਦੀਅਾਂ ਔਲਾਦਾਂ ਆਪਣੀ ਪ੍ਰਾਚੀਨ ਸੱਭਿਅਤਾ ਤੋਂ ਬੇਮੁੱਖ ਹੋ ਕੇ ਭਗਵਾਨ ਰਾਮ ਦਾ ਆਦਰਸ਼ ਭੁਲਾ ਬੈਠੀਅਾਂ ਹਨ, ਜਿਨ੍ਹਾਂ ਨੇ ਆਪਣੇ ਪਿਤਾ ਮਹਾਰਾਜਾ ਦਸ਼ਰਥ ਵਲੋਂ ਮਾਤਾ ਕੈਕਈ ਨੂੰ ਦਿੱਤਾ ਵਚਨ ਨਿਭਾਉਣ ਲਈ 14 ਸਾਲਾਂ ਦਾ ਬਨਵਾਸ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਸੀ।
ਸ਼੍ਰੀ ਰਾਮ ਦੇ ਦੇਸ਼ ’ਚ ਔਲਾਦਾਂ ਵਲੋਂ ਮਾਂ-ਪਿਓ ਨਾਲ ਅਜਿਹਾ ਸਲੂਕ ਕਰਨਾ ਯਕੀਨੀ ਤੌਰ ’ਤੇ ਦੁਖਦਾਈ ਹੈ, ਜਿਸ ਨਾਲ ਸਾਡੀ ਪ੍ਰਾਚੀਨ ਸੱਭਿਅਤਾ ’ਤੇ ਦਾਗ਼ ਲੱਗ ਰਿਹਾ ਹੈ। ਇਸ ਲਈ ਸਰਕਾਰ ਅਤੇ ਸੰਤ ਸਮਾਜ ਸੋਚੇ ਕਿ ਇਸ ਬਾਰੇ ਕੀ ਕਰਨਾ ਹੈ।